ਮੀਂਹ ਕਾਰਨ ਨੂਰਪੁਰ ਬੇਦੀ ਖੇਤਰ ਵਿੱਚ ਦੋ ਮੌਤਾਂ

ਮੀਂਹ ਕਾਰਨ ਨੂਰਪੁਰ ਬੇਦੀ ਖੇਤਰ ਵਿੱਚ ਦੋ ਮੌਤਾਂ

ਨੂਰਪੁਰ ਬੇਦੀ- ਮੀਂਹ ਕਾਰਨ ਨੂਰਪੁਰ ਬੇਦੀ ਖੇਤਰ ਵਿੱਚ ਦੋ ਮੌਤਾਂ ਹੋਈਆਂ ਹਨ। ਕਲਵਾ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਸਮੁੰਦੜੀਆਂ ਕੋਲ ਅੱਜ ਪਾਣੀ ਦੇ ਤੇਜ਼ ਵਹਾਅ ’ਚ ਇੱਕ ਸਾਧੂ ਰੁੜ੍ਹ ਗਿਆ ਜਿਸ ਦੀ ਮੌਤ ਹੋ ਗਈ ਹੈ। ਉਸ ਦੀ ਪਛਾਣ ਨਹੀਂ ਹੋ ਸਕੀ। ਉਸ ਦੀ ਮ੍ਰਿਤਕ ਦੇਹ ਪਿੰਡ ਭਨੂਹਾਂ ਨਜ਼ਦੀਕ ਮਿਲੀ। ਉਨ੍ਹਾਂ ਦੱਸਿਆ ਕਿ ਸਾਧੂ ਦੀ ਲਾਸ਼ ਨੂੰ ਪਛਾਣ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਚ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਹੈ। ਇਸ ਦੌਰਾਨ ਹਰੀਪੁਰ ਪੁਲੀਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਸੋਹਣ ਸਿੰਘ ਨੇ ਦੱਸਿਆ ਕਿ ਪਿੰਡ ਖੱਡ ਬਠਲੌਰ ਵਿਚ ਇੱਕ ਵਿਅਕਤੀ ਆਪਣੇ ਪਸ਼ੂਆਂ ਦੇ ਵਾੜੇ ਵਿੱਚੋਂ ਮੀਂਹ ਦਾ ਪਾਣੀ ਕੱਢ ਰਿਹਾ ਸੀ ਕਿ ਉਸ ਸਮੇਂ ਪਹਾੜੀ ਤੋਂ ਢਿੱਗ ਉਸ ’ਤੇ ਆ ਡਿੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ ਸਤਵਿੰਦਰ ਸਿੰਘ ਉਰਫ ਛੋਟਾ (45) ਪੁੱਤਰ ਭਗਤ ਸਿੰਘ ਵਾਸੀ ਖੱਡ ਬਠਲੌਰ ਵਜੋਂ ਹੋਈ ਹੈ।

ਭਾਖੜਾ ਡੈਮ ਦੇ ਜਲ ਪੱਧਰ ’ਚ 8 ਫੁੱਟ ਦਾ ਵਾਧਾ
ਨੰਗਲ: ਇਥੋਂ ਨੇੜਲੇ ਪਹਾੜੀ ਖੇਤਰ ਵਿਚ ਲਗਾਤਾਰ ਮੀਂਹ ਪੈਣ ਕਾਰਨ ਨਦੀਆਂ ਤੇ ਨਾਲਿਆਂ ਵਿਚ ਪਾਣੀ ਭਰ ਗਿਆ ਹੈ ਅਤੇ ਬੀਤੇ ਇਕ ਦਨਿ ’ਚ ਭਾਖੜਾ ਡੈਮ ਦੇ ਜਲ ਪੱਧਰ ਵਿਚ ਲਗਪਗ 8 ਫੁੱਟ ਵਾਧਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਖੜਾ ਡੈਮ ਨਾਲ ਲੱਗਦੀ ਗੋਬਿੰਦ ਸਾਗਰ ਝੀਲ ਦਾ ਲੈਵਲ 1611.12 ਫੁੱਟ ਦਰਜ ਕੀਤਾ ਗਿਆ ਹੈ। ਗੋਬਿੰਦ ਸਾਗਰ ਝੀਲ ਵਿਚ ਪਾਣੀ ਦੀ ਆਮਦ ਵਧ ਕੇ 1,13,992 ਕਿਊਸਿਕ ਹੋ ਗਈ ਜਦੋਂਕਿ 21,647 ਕਿਊਸਕ ਪਾਣੀ ਭਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਹੈ। ਝੀਲ ’ਚ ਅੱਜ ਪਿਛਲੇ ਸਾਲ ਦੀ ਤੁਲਨਾ ਪਾਣੀ ਦਾ ਪੱਧਰ ਲਗਪਗ 48 ਫੁੱਟ ਵੱਧ ਹੈ। ਜ਼ਿਕਰਯੋਗ ਹੈ ਕਿ ਗੋਬਿੰਦ ਸਾਗਰ ਝੀਲ ਵਿਚ 1680 ਫੁੱਟ ਤੱਕ ਪਾਣੀ ਸਟੋਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਹਾਈਡਲ ਨਹਿਰ ’ਚ 8,171 ਕਿਊਸਿਕ, ਨੰਗਲ ਹਾਈਡਲ ਨਹਿਰ ’ਚ 12,191 ਕਿਊਸਿਕ, ਸਤਲੁਜ ’ਚ 640 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।