ਈਡੀ ਨੇ ਸਿਸੋਦੀਆ ਸਮੇਤ ਹੋਰਾਂ ਦੀ 52 ਕਰੋੜ ਦੀ ਸੰਪਤੀ ਜ਼ਬਤ ਕੀਤੀ

ਈਡੀ ਨੇ ਸਿਸੋਦੀਆ ਸਮੇਤ ਹੋਰਾਂ ਦੀ 52 ਕਰੋੜ ਦੀ ਸੰਪਤੀ ਜ਼ਬਤ ਕੀਤੀ

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫ਼ਤਾਰ ‘ਆਪ’ ਆਗੂ ਮਨੀਸ਼ ਸਿਸੋਦੀਆ, ਉਨ੍ਹਾਂ ਦੀ ਪਤਨੀ ਅਤੇ ਕੁਝ ਹੋਰ ਮੁਲਜ਼ਮਾਂ ਦੀ 52 ਕਰੋੜ ਤੋਂ ਜ਼ਿਆਦਾ ਦੀ ਸੰਪਤੀ ਜ਼ਬਤ ਕਰ ਲਈ ਹੈ। ਸਿਸੋਦੀਆ ਅਤੇ ਉਨ੍ਹਾਂ ਦੀ ਪਤਨੀ ਸੀਮਾ ਸਿਸੋਦੀਆ ਦੀਆਂ ਦੋ ਜਾਇਦਾਦਾਂ, ਇੱਕ ਹੋਰ ਮੁਲਜ਼ਮ ਰਾਜੇਸ਼ ਜੋਸ਼ੀ (ਚੈਰੀਅਟ ਪ੍ਰੋਡਕਸ਼ਨਜ਼ ਮੀਡੀਆ ਦੇ ਡਾਇਰੈਕਟਰ) ਅਤੇ ਗੌਤਮ ਮਲਹੋਤਰਾ ਦੀ ਜ਼ਮੀਨ/ਫਲੈਟ ਸਮੇਤ ਹੋਰ ਅਚੱਲ ਜਾਇਦਾਦਾਂ (7.29 ਕਰੋੜ ਰੁਪਏ ਦੀ ਕੀਮਤ) ਨੂੰ ਜ਼ਬਤ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਇੱਕ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਹੈ। ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਜ਼ਬਤ ਕੀਤੀ ਗਈ 44.29 ਕਰੋੜ ਰੁਪਏ ਦੀ ਚੱਲ ਸੰਪਤੀ ’ਚ ਮਨੀਸ਼ ਸਿਸੋਦੀਆ ਦੇ 11.49 ਲੱਖ ਰੁਪਏ ਦਾ ਬੈਂਕ ਬੈਲੈਂਸ, ਬ੍ਰਿੰਡਕੋ ਸੇਲਜ਼ ਪ੍ਰਾਈਵੇਟ ਲਿਮਟਿਡ (16.45 ਕਰੋੜ ਰੁਪਏ ਦੀ ਰਕਮ) ਅਤੇ ਹੋਰਾਂ ਦੀ ਸੰਪਤੀ ਸ਼ਾਮਲ ਹੈ। ਈਡੀ ਨੇ ਕਿਹਾ ਕਿ ਜ਼ਬਤ ਕੀਤੀ ਗਈ ਸੰਪਤੀ ਦੀ ਕੁੱਲ ਕੀਮਤ 52.24 ਕਰੋੜ ਰੁਪਏ ਬਣਦੀ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਨੂੰ ਈਡੀ ਨੇ ਮਾਰਚ ਵਿੱਚ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ।