ਰਾਜਿੰਦਰਾ ਹਸਪਤਾਲ ’ਤੇ ਖ਼ਰਚੇ ਜਾਣਗੇ ਪੌਣੇ ਤਿੰਨ ਸੌ ਕਰੋੜ: ਸਿਹਤ ਮੰਤਰੀ

ਰਾਜਿੰਦਰਾ ਹਸਪਤਾਲ ’ਤੇ ਖ਼ਰਚੇ ਜਾਣਗੇ ਪੌਣੇ ਤਿੰਨ ਸੌ ਕਰੋੜ: ਸਿਹਤ ਮੰਤਰੀ

ਪਟਿਆਲਾ- ਸਰਕਾਰੀ ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਸੁਧਾਰ ਲਈ ਜਲਦੀ ਹੀ ਕਰੀਬ ਪੌਣੇ ਤਿੰਨ ਸੌ ਕਰੋੜ ਰੁਪਏ ਖ਼ਰਚੇ ਜਾਣਗੇ। ਇਹ ਜਾਣਕਾਰੀ ਮੈਡੀਕਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਵਿੱਚ ਉੱਚ ਪੱਧਰੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਰਜਿੰਦਰਾ ਹਸਪਤਾਲ ਵਿੱਚ 150 ਕਰੋੜ ਨਾਲ ਸਟੇਟ ਆਫ ਦੀ ਆਰਟ ਟਰੌਮਾ ਸੈਂਟਰ ਜਲਦ ਬਣਾਉਣਾ ਸ਼ੁਰੂ ਕੀਤਾ ਜਾਵੇਗਾ। ਮੈਡੀਕਲ ਕਾਲਜ ਦੇ ਸੀਨੀਅਰ ਰੈਜ਼ੀਡੈਂਸ ਅਤੇ ਹੋਰ ਮੈਡੀਕਲ ਸਟਾਫ ਲਈ 92 ਕਰੋੜ ਨਾਲ ਮਲਟੀਸਟੋਰੀ ਫਲੈਟ, ਜੂਨੀਅਰ ਰੈਜ਼ੀਡੈਂਟ ਲਈ 13.52 ਕਰੋੜ ਨਾਲ ਹੋਸਟਲ ਬਣਾਉਣ, 1.11 ਕਰੋੜ ਨਾਲ ਲਾਂਡਰੀ ਪਲਾਂਟ ਦਾ ਨਵੀਨੀਕਰਨ ਕਰਨ ਅਤੇ ਈਐਨਟੀ ਵਿਭਾਗ ਵਿੱਚ 31 ਲੱਖ ਨਾਲ ਐਡੋਲੋਜੀ ਰੂਮ ਸਥਾਪਤ ਕਰਨ ਸਣੇ ਮੈਡੀਕਲ ਕਾਲਜ ਵਿੱਚ 4.75 ਕਰੋੜ ਨਾਲ ਸਪੋਰਟਸ ਹਾਲ ਦੀ ਉਸਾਰੀ ਵੀ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਲਈ ਸਰਕਾਰ ਨੇ ਵੱਡਾ ਬਜਟ ਰੱਖਿਆ ਹੈ। ਇਸ ਦੇ ਨਤੀਜੇ ਜਲਦ ਦੇਖਣ ਨੂੰ ਮਿਲਣਗੇ। ਸਰਕਾਰੀ ਡੈਂਟਲ ਕਾਲਜ ’ਚ ਐਸੋਸੀਏਟ ਪ੍ਰੋਫੈਸਰ ਦੀਆਂ ਅਸਾਮੀਆਂ ਵੀ ਜਲਦੀ ਕੱਢੀਆਂ ਜਾਣਗੀਆਂ ਅਤੇ ਸਿਹਤ ਵਿਭਾਗ ਵਿੱਚ ਸਟਾਫ਼ ਦੀ ਕਮੀ ਨੂੰ ਹਰੇਕ ਪੱਧਰ ’ਤੇ ਦੂਰ ਕੀਤਾ ਜਾਵੇਗਾ।