ਕਈ ਰੋਗਾਂ ਨਾਲ ਲੜਨ ਦੀ ਸਮਰੱਥਾ ਰੱਖਦੈ ਆਂਵਲਾ

ਕਈ ਰੋਗਾਂ ਨਾਲ ਲੜਨ ਦੀ ਸਮਰੱਥਾ ਰੱਖਦੈ ਆਂਵਲਾ

ਪੌਣ-ਪਾਣੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪ੍ਰਦੂਸ਼ਣ ਦਾ ਜ਼ਿਅਦਾ ਵਾਧਾ ਹੋਣ ਤੇ ਹੋਰ ਕਾਰਨਾਂ ਕਰਕੇ ਸਿਹਤ ’ਤੇ ਉਲਟਾ ਅਸਰ ਪੈ ਰਿਹਾ ਹੈ। ਲੋਕਾਂ ਨੂੰ ਸਾਧਾਰਨ ਜੀਵਨ ਜਿਊਣ ’ਚ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਅਜਿਹੀ ਹਾਲਾਤ ’ਚ ਜੇਕਰ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧ ਜਾਵੇ ਤਾਂ ਤੁਸੀਂ ਕਈ ਲੋਕਾਂ ਤੋਂ ਬਚ ਸਕਦੇ ਹੋ।

ਆਂਵਲੇ ਦਾ ਸੇਵਨ ਖ਼ੂਨ ’ਚ ਬੈਡ ਕਲੈਸਟ੍ਰੋਲ ਦਾ ਪੱਧਰ ਨਹੀਂ ਵਧਣ ਦਿੰਦਾ ਜਿਸ ਕਾਰਨ ਦਿਲ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚ ਸਕਦਾ। ਇਸ ਵਿਚ ਮੌਜੂਦ ਅਮੀਨੋ ਐਸਿਡ ਤੇ ਐਂਟੀਆਕਸੀਡੈਂਟਸ ਕਾਰਨ ਦਿਲ ਦੀ ਗਤੀ ਸੁਚਾਰੂ ਢੰਗ ਨਾਲ ਸੰਚਾਲਿਤ ਹੁੰਦੀ ਹੈ। ਬਲੱਡ ਪ੍ਰੈਸ਼ਰ ਨਾਲ ਸਬੰਧਤ ਸਮੱਸਿਆਵਾਂ ਲਈ ਆਂਵਲਾ ਵਧੀਆ ਬਦਲ ਹੈ।

ਚਮੜੀ ਦੀ ਕੁਦਰਤੀ ਖ਼ੂਬਸੂਰਤੀ ਬਰਕਰਾਰ ਰੱਖਣ ਲਈ ਆਂਵਲਾ ਰਾਮਬਾਣ ਹੈ। ਆਂਵਲਾ ਖਾਣ ਵਾਲਿਆਂ ਦੀ ਚਮੜੀ ਬਹੁਤ ਚਮਕਦੀ ਹੈ। ਇਸ ਵਿਚ ਐਂਟੀ-ਫੰਗਲ ਗੁਣ ਵੀ ਮੌਜੂਦ ਹੁੰਦੇ ਹਨ ਜਿਹੜੇ ਲੋਕ ਆਂਵਲਾ ਸਮੇਂ-ਸਮੇਂ ’ਤੇ ਖਾਂਦੇ ਹਨ, ਉਨ੍ਹਾਂ ਨੂੰ ਚਮੜੀ ਨਾਲ ਜੁੜੇ ਫੰਗਲ ਤੇ ਬੈਕਟੀਰੀਅਲ ਇਨਫੈਕਸ਼ਨ ਦੀ ਸਮੱਸਿਆ ਨਹੀਂ ਹੁੰਦੀ। ਅਜਿਹੇ ਲੋਕਾਂ ਦੀ ਚਮੜੀ ਅਜਿਹੇ ਇਨਫੈਕਸ਼ਨ ਨਾਲ ਲੜਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਆਂਵਲੇ ’ਚ ਐਂਟੀਆਕਸੀਡੈਂਟਸ ਲੋੜੀਂਦੀ ਮਾਤਰਾ ’ਚ ਪਾਏ ਜਾਂਦੇ ਹਨ। ਐਂਟੀਆਕਸੀਡੈਂਟਸ ਖ਼ੂਨ ਦੇ ਸ਼ੁੱਧੀਕਰਨ ’ਚ ਸਹਾਇਕ ਹੈ ਤੇ ਸਰੀਰ ’ਚੋਂ ਨੁਕਸਾਨਦੇਹ ਪਦਾਰਥਾਂ ਨੂੰ ਬਾਹਰ ਕੱਢਦੇ ਹਨ। ਆਸਟਿਓਅਰਥਰਾਇਟਸ ਤੇ ਜੋੜਾਂ ’ਚ ਦਰਦ ਅਜੋਕੇ ਸਮੇਂ ਆਮ ਸਮੱਸਿਆਵਾਂ ਹਨ।

ਆਂਵਲੇ ’ਚ ਮੌਜੂਦ ਤੱਤ ਹੱਡੀਆਂ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ। ਇਸ ਵਿਚ ਲੋੜੀਂਦੀ ਮਾਤਰਾ ’ਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਕਮਜ਼ੋਰ ਹੋਣ ਹੀ ਨਹੀਂ ਦਿੰਦਾ। ਆਂਵਲਾ ਕੈਲਸ਼ੀਅਮ ਦੀ ਵੀ ਘਾਟ ਪੂਰੀ ਕਰਦਾ ਹੈ। ਆਯੁਰਵੇਦ ਅਨੁਸਾਰ ਜੇਕਰ ਤੁਹਾਡਾ ਵਜ਼ਨ ਜ਼ਿਆਦਾ ਹੈ ਤਾਂ ਨਿਯਮਤ ਰੂਪ ’ਚ ਆਂਵਲੇ ਦਾ ਸੇਵਨ ਸ਼ੁਰੂ ਕਰ ਦਿਉ। ਆਂਵਲਾ ਸਰੀਰ ’ਚੋਂ ਸਾਰੇ ਟੌਕਸਿਨ ਬਾਹਰ ਕੱਢ ਦਿੰਦਾ ਹੈ। ਇਸ ਕਾਰਨ ਪਾਚਨ ਕਿਰਿਆ ਸੁਚਾਰੂ ਰਹਿੰਦੀ ਹੈ।

ਖਣਿਜ ਹੋਣ ਜਾਂ ਲਵਣ ਜਾਂ ਫਿਰ ਦੂਸਰੇ ਵਿਟਾਮਿਨ, ਆਂਵਲਾ ਸਭ ਨੂੰ ਚੰਗੀ ਤਰ੍ਹਾਂ ਸੋਖ ਲੈਂਦਾ ਹੈ ਜਿਸ ਕਾਰਨ ਭਾਰ ਘਟਦਾ ਹੈ। ਵੱਡੇ-ਬਜ਼ੁਰਗ ਕਾਲੇ ਵਾਲ਼ਾਂ ਲਈ ਆਂਵਲਾ ਖਾਣ ਦੀ ਸਲਾਹ ਦਿੰਦੇ ਹਨ। ਆਂਵਲਾ ਵਾਲ਼ਾਂ ਦਾ ਵੀ ਧਿਆਨ ਰੱਖਦਾ ਹੈ। ਇਸ ਵਿਚ ਐਂਟੀਆਕਸੀਡੈਂਟਸ, ਆਇਰਨ ਤੇ ਵਿਟਾਮਿਨ-ਸੀ ਭਰਪੂਰ ਮਾਤਰਾ ’ਚ ਹੁੰਦਾ ਹੈ ਜੋ ਵਾਲ਼ਾਂ ਨੂੰ ਝੜਨ ਤੋਂ ਰੋਕਦਾ ਹੈ। ਬੱਚਿਆਂ ਦੀ ਘੱਟ ਉਮਰ ’ਚ ਹੀ ਲੈਪਟਾਪ ਤੇ ਮੋਬਾਈਲ ਦੀ ਵਰਤੋਂ ਕਾਰਨ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੋ ਜਾਂਦੀ ਹੈ। ਆਂਵਲਾ ਅੱਖਾਂ ਦੀ ਰੋਸ਼ਨੀ ਵਧਾਉਣ ’ਚ ਕਾਫ਼ੀ ਮਦਦਗਾਰ ਹੁੰਦਾ ਹੈ। ਨਾਲ ਹੀ ਅੱਖਾਂ ਦੀਆਂ ਦੂਸਰੀਆਂ ਦਿੱਕਤਾਂ ਜਿਵੇਂ ਜਲਨ ਤੇ ਖਾਰਸ਼ ’ਚ ਵੀ ਰਾਹਤ ਮਿਲਦੀ ਹੈ।