ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਭਾਈ ਰਣਧੀਰ ਸਿੰਘ

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਭਾਈ ਰਣਧੀਰ ਸਿੰਘ

ਭਗਵਾਨ ਸਿੰਘ ਜੌਹਲ

ਰੱਬੀ ਰੰਗ ਵਿਚ ਰੰਗੀ ਪਵਿੱਤਰ ਆਤਮਾ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰ-ਸ਼ਬਦ ਦੇ ਅਭਿਆਸੀ ਜੀਊੜੇ ਸਨ। ਅਖੰਡ ਕੀਰਤਨ ਉਨ੍ਹਾਂ ਦੇ ਜੀਵਨ ਦੀ ਆਤਮਿਕ ਖ਼ੁਰਾਕ ਸੀ। ਅਖੰਡ ਕੀਰਤਨ ਉਨ੍ਹਾਂ ਦੇ ਜੀਵਨ ਦਾ ਅਟੁੱਟ ਅੰਗ ਬਣ ਚੁੱਕਾ ਸੀ। ਰੱਬੀ ਪ੍ਰੇਮ ਵਿਚ ਜਦੋਂ ਉਨ੍ਹਾਂ ਦੀ ਆਤਮਾ ਬੋਲਦੀ ਸੀ, ਉਦੋਂ ਅਨੇਕਾਂ ਰੱਬੀ ਰੰਗ ਵਿਚ ਰੰਗੀਆਂ ਆਤਮਾਵਾਂ ਅੰਦਰੋਂ ਵੀ ਗੁਰ-ਸ਼ਬਦ ਦੀ ਹੂਕ ਸੁਣਾਈ ਦਿੰਦੀ ਸੀ। ਸਮੁੱਚਾ ਸਿੱਖ ਜਗਤ ਉਨ੍ਹਾਂ ਨੂੰ ਇਸ ਕਰ ਕੇ ਸਤਿਕਾਰ ਦਿੰਦਾ ਸੀ ਕਿ ਉਹ ਇਕੋ ਸਮੇਂ ਕੌਮੀ ਦਰਦ ਨਾਲ ਓਤ-ਪੋਤ ਦੇਸ਼ ਭਗਤ, ਸੰਤ ਕਵੀ, ਗੁਰਬਾਣੀ ਦੇ ਵਿਆਖਿਆਕਾਰ ਹੋਣ ਦੇ ਨਾਲ-ਨਾਲ ਸਮੇਂ ਦੀ ਬਰਤਾਨਵੀ ਹਕੂਮਤ ਨੂੰ ਵੰਗਾਰਨ ਵਾਲੇ ਗ਼ਦਰੀ ਬਾਬਿਆਂ ਦੇ ਸਾਥੀ, ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਗੁਰਸਿੱਖ ਸਨ।
ਭਾਈ ਰਣਧੀਰ ਸਿੰਘ ਦਾ ਜਨਮ 7 ਜੁਲਾਈ, 1878 ਈ: ਨੂੰ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ: ਨੱਥਾ ਸਿੰਘ ਅਤੇ ਮਾਤਾ ਪੰਜਾਬ ਕੌਰ ਦੇ ਗ੍ਰਹਿ ਵਿਖੇ ਹੋਇਆ। ਆਪ ਨੇ ਮੁਢਲੀ ਸਿੱਖਿਆ ਨਾਭੇ ਤੋਂ ਹਾਸਲ ਕੀਤੀ। ਉਚੇਰੀ ਸਿੱਖਿਆ ਵਾਸਤੇ ਸਰਕਾਰੀ ਕਾਲਜ ਲਾਹੌਰ ਵਿਖੇ ਦਾਖ਼ਲਾ ਲਿਆ। ਕਾਲਜ ਪੜ੍ਹਦਿਆਂ ਹੀ ਭਰ ਜਵਾਨੀ ਦੇ ਦਿਨਾਂ ਵਿਚ ਰੱਬੀ ਰੰਗ ਵਿਚ ਰੰਗੇ ਗਏ। ਅਜਿਹਾ ਮਜੀਠ ਰੰਗ ਚੜ੍ਹਿਆ ਕਿ ਉਸ ਨਾਲ ਉਨ੍ਹਾਂ ਦੀ ਆਤਮਾ ਰੰਗੀ ਗਈ। 22 ਸਾਲ ਦੀ ਉਮਰ ਵਿਚ ਗ੍ਰੈਜੂਏਸ਼ਨ ਕਰਕੇ ਜਦੋਂ ਅਜੇ ਜੀਵਨ ਦਾ ਸਫ਼ਰ ਆਰੰਭ ਕਰਨਾ ਸੀ, ਉਸ ਸਮੇਂ ਪੰਜਾਬ ਵਿਚ ਪਲੇਗ ਵਰਗੀ ਭਿਆਨਕ ਬਿਮਾਰੀ ਫੈਲ ਗਈ। 1902 ਈ: ਵਿਚ ਪਲੇਗ ਦੀ ਬਿਮਾਰੀ ਨੂੰ ਕੰਟਰੋਲ ਕਰਨ ਲਈ ਅੰਗਰੇਜ਼ ਸਰਕਾਰ ਨੇ ਇੰਗਲੈਂਡ ਤੋਂ ਆਏ ਡਾਕਟਰ ਫਿਸ਼ਰ ਨਾਲ ਭਾਈ ਸਾਹਿਬ ਦੀ ਨਾਇਬ-ਤਹਿਸੀਲਦਾਰ ਵਜੋਂ ਨਿਯੁਕਤੀ ਕੀਤੀ। ਜਦੋਂ ਪਲੇਗ ਵਰਗੀ ਬਿਮਾਰੀ ਦਾ ਹਮਲਾ ਖ਼ਤਮ ਹੋਇਆ ਤਾਂ ਸਰਕਾਰ ਨੇ ਇਸ ਮਹਿਕਮੇ ਨੂੰ ਖ਼ਤਮ ਕਰਕੇ ਭਾਈ ਸਾਹਿਬ ਨੂੰ ਕਿਸੇ ਹੋਰ ਮਹਿਕਮੇ ਵਿਚ ਤਬਦੀਲ ਕਰਨ ਦੀ ਵਿਚਾਰ ਕੀਤੀ। ਪਰ ਭਾਈ ਸਾਹਿਬ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਪੂਰਨ ਰੂਪ ਵਿਚ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਮਨ ਬਣਾ ਲਿਆ। ਉਨ੍ਹਾਂ ਮਹਿਸੂਸ ਕੀਤਾ ਸੀ ਕਿ ਪੰਜਾਬ ਦੇ ਲੋਕ ਜੇ ਗੁਰੂ ਸਾਹਿਬਾਨ ਦੀ ਫਿਲਾਸਫ਼ੀ ਤੇ ਗੁਰ-ਸ਼ਬਦ ਨਾਲ ਨਹੀਂ ਜੁੜਦੇ ਤਾਂ ਉਨ੍ਹਾਂ ਦੀ ਜੀਵਨ ਸ਼ੈਲੀ ਵਿਚ ਤਬਦੀਲੀ ਨਹੀਂ ਆ ਸਕਦੀ।
ਇਸ ਤੋਂ ਛੇਤੀ ਪਿੱਛੋਂ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਸਰਬਲੋਹ ਦੇ ਧਾਰਨੀ ਬਣ ਕੇ ਬਿਬੇਕੀ ਜੀਵਨ ਆਰੰਭ ਕਰ ਦਿੱਤਾ। ਇਸ ਤੋਂ ਪਿੱਛੋਂ ਕੁਝ ਸਮਾਂ ਐਬਟਾਬਾਦ (ਪਾਕਿਸਤਾਨ) ਵਿਖੇ ਹੈੱਡ ਕਲਰਕ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੁਪਰਡੈਂਟ ਵਜੋਂ ਵੀ ਸੇਵਾ ਨਿਭਾਈ। ਪਰ ਸਿੱਖ ਧਰਮ ਦੇ ਪ੍ਰਚਾਰ ਲਈ ਹਿਰਦੇ ਵਿਚ ਅਥਾਹ ਪ੍ਰੇਮ ਸੀ। ਉਹ ਨਹੀਂ ਸੀ ਚਾਹੁੰਦੇ ਸਨ ਕਿ ਸਿੱਖ ਸਰਦਾਰ ਬਰਤਾਨਵੀ ਹਕੂਮਤ ਦੇ ਹੱਥਾਂ ਵਿਚ ਖੇਡਣ। ਉਨ੍ਹਾਂ ਧਰਮ ਦੇ ਪ੍ਰਚਾਰ ਲਈ ਕਮਰਕੱਸਾ ਕਰ ਲਿਆ।
ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪਾਵਨ ਅਵਸਰ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਨੇੜੇ ਹੋਣ ਵਾਲੇ ਨਾਚ-ਗਾਣੇ ਤੇ ਮੁਜਰੇ ਬੰਦ ਕਰਵਾਏ। ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਮੁਕਤੀ ਦਿਵਾਈ। 1914 ਈ: ਵਿਚ ਅੰਗਰੇਜ਼ ਹਕੂਮਤ ਵਲੋਂ ਵਾਇਸਰਾਏ ਭਵਨ ਦੇ ਵਿਸਥਾਰ ਲਈ ਸਿੱਖ ਸੰਗਤ ਤੋਂ ਪੁੱਛੇ ਬਿਨਾਂ ਗੁ: ਸ੍ਰੀ ਰਕਾਬਗੰਜ ਸਾਹਿਬ ਦੀ ਕੰਧ ਨੂੰ ਢਾਹੇ ਜਾਣ ਅਤੇ ਕਾਮਾਗਾਟਾਮਾਰੂ ਜਹਾਜ਼ ਦੇ ਨਿਹੱਥੇ ਮੁਸਾਫਿਰਾਂ ਉੱਪਰ ਗੋਲੀ ਚਲਾਉਣ ਦੀ ਘਟਨਾ ਤੋਂ ਪਿੱਛੋਂ ਭਾਈ ਸਾਹਿਬ ਨੇ ਹਕੂਮਤ ਨਾਲ ਸਿੱਧੀ ਟੱਕਰ ਲੈਣ ਲਈ ਤਿਆਰੀ ਆਰੰਭ ਦਿੱਤੀ। ਦੇਸ਼ ਭਗਤਾਂ ਨਾਲ ਫਿਰੋਜ਼ਪੁਰ ਛਾਉਣੀ ‘ਤੇ ਹਮਲਾ ਕਰਨ ਅਤੇ ਲਾਹੌਰ ਸਾਜ਼ਿਸ਼ ਕੇਸ ਵਿਚ ਆਪ ਨੂੰ ਗ੍ਰਿਫ਼ਤਾਰ ਕਰਕੇ 30 ਮਾਰਚ 1916 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਭਾਈ ਸਾਹਿਬ ਨੇ ਜੇਲ੍ਹ ਵਿਚ ਰਹਿੰਦਿਆਂ ਦੌਰਾਨ 42 ਦੇ ਲਗਭਗ ਕਿਤਾਬਾਂ ਗੁਰਮਤਿ ਸਾਹਿਤ ਦੇ ਪਾਠਕਾਂ ਦੀ ਝੋਲੀ ਪਾਈਆਂ। ਇਨ੍ਹਾਂ ਪੁਸਤਕਾਂ ਵਿਚ ‘ਜੇਲ੍ਹ ਚਿੱਠੀਆਂ’, ‘ਜੋਤਿ ਵਿਗਾਸ’ (ਕਾਵਿ-ਸੰਗ੍ਰਹਿ) ‘ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਬੁੱਤ ਪ੍ਰਸਤੀ ਹੈ’, ‘ਗੁਰਮਤਿ ਵਿਚਾਰਾਂ’, ‘ਸਚਖੰਡ ਦਰਸ਼ਨ’, ‘ਸਿੱਖ ਕੌਣ’, ‘ਅੰਮ੍ਰਿਤ ਵੇਲਾ’, ‘ਸਿੰਘਾਂ ਦਾ ਪੰਥ ਨਿਰਾਲਾ’, ‘ਦਰਸ਼ਨ ਝਲਕਾਂ’, ‘ਕਾਵਿ ਉਡਾਰੀਆਂ’ ਅਤੇ ‘ਕਥਾ ਕੀਰਤਨ’ ਆਦਿ ਸ਼ਾਮਿਲ ਹਨ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਪੰਥ ਦੀ ਅਜਿਹੀ ਰੰਗਰੱਤੜੀ ਆਤਮਾ ਸਨ, ਜੋ ਸੱਚਖੰਡ ਪਿਆਨੇ ਤੱਕ ਲਗਾਤਾਰ ਸਿੱਖ ਹਿਤਾਂ ਲਈ ਕਾਰਜਸ਼ੀਲ ਰਹੇ। ਉਨ੍ਹਾਂ ਨੇ ਆਪਣੀ ਜੀਵਨ ਯਾਤਰਾ ਦੌਰਾਨ ਲੱਖਾਂ ਸਿੱਖ ਸੰਗਤਾਂ ਦੀ ਜੀਵਨ-ਸ਼ੈਲੀ ਨੂੰ ਬਦਲਣ ਲਈ ਵੱਡਾ ਯੋਗਦਾਨ ਪਾਇਆ। 83 ਸਾਲ ਦੀ ਉਮਰ ਭੋਗ ਕੇ ਆਪ 16 ਅਪ੍ਰੈਲ 1961 ਨੂੰ ਅਕਾਲ ਪੁਰਖ ਵਾਹਿਗੁਰੂ ਵਿਚ ਅਭੇਦ ਹੋ ਗਏ।