ਭਾਰਤ ਵੱਲੋਂ ਐੱਸਸੀਓ ਸਿਖਰ ਵਾਰਤਾ ਦੀ ਮੇਜ਼ਬਾਨੀ

ਭਾਰਤ ਵੱਲੋਂ ਐੱਸਸੀਓ ਸਿਖਰ ਵਾਰਤਾ ਦੀ ਮੇਜ਼ਬਾਨੀ

  • ਐੱਸਸੀਓ ਚਾਰਟਰ ਦੇ ਮੂਲ ਸਿਧਾਂਤਾਂ ਦੇ ਸਤਿਕਾਰ ਦਾ ਦਿੱਤਾ ਸੱਦਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਸਸੀਓ (ਸ਼ੰਘਾੲੀ ਸਹਿਯੋਗ ਸੰਗਠਨ) ਮੁਲਕਾਂ ਦੀ ਸਿਖਰ ਵਾਰਤਾ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਅੱਜ ਕਿਹਾ ਕਿ ਸਮੂਹ ਦੇ ਮੈਂਬਰ ਸਰਹੱਦ ਪਾਰੋਂ ਅਤਿਵਾਦ ਨੂੰ ਹੱਲਾਸ਼ੇਰੀ ਦੇੇਣ ਵਾਲੇ ਮੁਲਕਾਂ ਦੀ ਖੁੱਲ੍ਹ ਕੇ ਨੁਕਤਾਚੀਨੀ ਕਰਨ। ਉਨ੍ਹਾਂ ਕਿਹਾ ਕਿ ਦਹਿਸ਼ਤੀ ਸਰਗਰਮੀਆਂ ਦੇ ਟਾਕਰੇ ਲਈ ‘ਦੋਹਰੇ ਮਾਪਦੰਡ’ ਨਹੀਂ ਹੋਣੇ ਚਾਹੀਦੇ। ਇਸ ਵਰਚੁਅਲ ਵਾਰਤਾ, ਜਿਸ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸ ਦੇ ਉਨ੍ਹਾਂ ਦੇ ਹਮਰੁਤਬਾ ਵਲਾਦੀਮੀਰ ਪੂਤਿਨ ਵੀ ਸੁਣ ਰਹੇ ਸਨ, ਸ੍ਰੀ ਮੋਦੀ ਨੇ ਕਿਹਾ ਕਿ ਅਤਿਵਾਦ ਤੇ ਟੈਰਰ ਫੰਡਿੰਗ ਨਾਲ ਸਿੱਝਣ ਲਈ ‘ਫੈਸਲਾਕੁਨ ਕਾਰਵਾਈ’ ਦੀ ਲੋੜ ਹੈ।
ਸ੍ਰੀ ਮੋਦੀ ਨੇ ਸਿਖਰ ਵਾਰਤਾ ਦੀ ਪ੍ਰਧਾਨਗੀ ਕਰਦਿਆਂ ਐੱਸਸੀਓ ਦੀ ਵਧਦੀ ਵੁੱਕਤ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, ‘‘ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਕ ਦੂਜੇ ਦੀਆਂ ਲੋੜਾਂ ਤੇ ਸੰਵੇਦਨਸ਼ੀਲਤਾ ਨੂੰ ਸਮਝੀਏ ਅਤੇ ਬਿਹਤਰ ਸਹਿਯੋਗ ਤੇ ਤਾਲਮੇਲ ਨਾਲ ਸਾਰੀਆਂ ਚੁਣੌਤੀਆਂ ਸੁਲਝਾਈਏ।’’ ਸ੍ਰੀ ਮੋਦੀ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਤੇ ਚੀਨ ਆਹਮੋ-ਸਾਹਮਣੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸ਼ੁਰੂਆਤੀ ਤਕਰੀਰ ਵਿੱਚ ਕੁਨੈਕਟੀਵਿਟੀ ਨੂੰ ਹੁਲਾਰਾ ਦੇੇਣ ਦੀ ਲੋੜ ’ਤੇ ਵੀ ਚਾਨਣਾ ਪਾਇਆ, ਪਰ ੳੁਨ੍ਹਾਂ ਜ਼ੋਰ ਦਿੱਤਾ ਕਿ ਐੱਸਸੀਓ ਚਾਰਟਰ ਦੇ ਮੂਲ ਸਿਧਾਤਾਂ ਦਾ ਸਤਿਕਾਰ, ਖਾਸ ਕਰਕੇ ਮੈਂਬਰ ਮੁਲਕਾਂ ਦੀ ਪ੍ਰਭੂਸੱਤਾ ਤੇ ਪ੍ਰਾਦੇਸ਼ਕ ਅਖੰਡਤਾ ਵੀ ਓਨੀ ਹੀ ਜ਼ਰੂਰੀ ਹੈ। ਗੌਰਤਲਬ ਹੈ ਕਿ ਚੀਨ ਦੀ ‘ਇਕ ਪੱਟੀ ਇਕ ਰੋਡ’ ਪਹਿਲਕਦਮੀ ਦੀ ਅਾਲਮੀ ਪੱਧਰ ’ਤੇ ਆਲੋਚਨਾ ਵਧਣ ਲੱਗੀ ਹੈ। ਭਾਰਤ ਵੱਲੋਂ ਇਸ ਪ੍ਰਾਜੈਕਟ ਦਾ ਇਸ ਲਈ ਵੀ ਵਿਰੋਧ ਕੀਤਾ ਜਾਂਦਾ ਹੈ ਕਿਉਂਕਿ ੲਿਸ ਵਿੱਚ ਕਥਿਤ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੈੱਕ) ਵੀ ਸ਼ਾਮਲ ਹੈ, ਜੋ ਮਕਬੂਜ਼ਾ ਕਸ਼ਮੀਰ ’ਚੋੋਂ ਹੋ ਕੇ ਲੰਘਦਾ ਹੈ।
ਸ੍ਰੀ ਮੋਦੀ ਨੇ ਅਫ਼ਗ਼ਾਨਿਸਤਾਨ ਦੀ ਗੱਲ ਕਰਦਿਆਂ ਕਿਹਾ ਕਿ ਉਥੋਂ ਦੇ ਹਾਲਾਤ ਦਾ ‘ਸਾਡੀ ਸਾਰਿਆਂ ਦੀ ਸੁਰੱਖਿਆ ’ਤੇ ਸਿੱਧਾ ਅਸਰ ਪੈਂਦਾ ਹੈ’’ ਅਤੇ ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਅਫ਼ਗ਼ਾਨ ਸਰਜ਼ਮੀਨ ਹੋਰਨਾਂ ਗੁਆਂਢੀ ਮੁਲਕਾਂ ਨੂੰ ਅਸਥਿਰ ਕਰਨ ਜਾਂ ਕੱਟੜਵਾਦੀ ਵਿਚਾਰਧਾਰਾ ਦੇ ਪ੍ਰਚਾਰ ਪਾਸਾਰ ਲਈ ਨਾ ਵਰਤੀ ਜਾਵੇ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਆਲਮੀ ਖੁਰਾਕ, ਈਂਧਣ ਤੇ ਯੂਰੀਆ ਸੰਕਟ ਜਿਹੇ ਮੁੱਦਿਆਂ ਨੂੰ ਵੀ ਛੋਹਿਆ ਤੇ ਐੱਸਸੀਓ ਵਿੱਚ ਸੁਧਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਇਰਾਨ ਨੂੰ ਐੱਸਸੀਓ ਵਿੱਚ ਨਵੇਂ ਸਥਾਈ ਮੈਂਬਰ ਵਜੋਂ ਸ਼ਾਮਲ ਕੀਤੇ ਜਾਣ ਦਾ ਸਵਾਗਤ ਕੀਤਾ। ਉਂਜ ਪ੍ਰਧਾਨ ਮੰਤਰੀ ਦੀ ਤਕਰੀਰ ਦਾ ਕੇਂਦਰ ਅਤਿਵਾਦ ਕਰਕੇ ਦਰਪੇਸ਼ ਚੁਣੌਤੀਆ ਦਾ ਟਾਕਰਾ ਸੀ।
ਸ੍ਰੀ ਮੋਦੀ ਨੇ ਕਿਹਾ, ‘‘ਅਤਿਵਾਦ ਖੇਤਰੀ ਤੇ ਆਲਮੀ ਸ਼ਾਂਤੀ ਲਈ ਵੱਡੀ ਵੰਗਾਰ ਹੈ। ਇਸ ਚੁਣੌਤੀ ਦੇ ਟਾਕਰੇ ਲਈ ਫੈਸਲਾਕੁਨ ਕਾਰਵਾਈ ਜ਼ਰੂਰੀ ਹੈ। ਅਤਿਵਾਦ ਕਿਸੇ ਵੀ ਰੂਪ ਵਿਚ ਹੋ ਸਕਦਾ ਹੈ ਤੇ ਸਾਨੂੰ ਮਿਲ ਕੇ ਇਸ ਦਾ ਟਾਕਰਾ ਕਰਨਾ ਹੋਵੇਗਾ।’’ ਪ੍ਰਧਾਨ ਮੰਤਰੀ ਨੇ ਐੱਸਸੀਓ ਵਿੱਚ ਭਾਸ਼ਾਈ ਰੋਕਾਂ ਨੂੰ ਹਟਾਉਣ ਦਾ ਸੱਦਾ ਦਿੰਦਿਆਂ ਕਿਹਾ, ‘‘ਸਾਨੂੰ ਭਾਰਤ ਦਾ ਏਆਈ (ਮਸਨੂਈ ਬੋਧਿਕਤਾ) ਅਧਾਰਿਤ ਭਾਸ਼ਾਈ ਮੰਚ ‘ਭਾਸ਼ਿਨੀ’ ਸਾਂਝਿਆਂ ਕਰਦਿਆਂ ਖੁਸ਼ੀ ਹੋ ਰਹੀ ਹੈ, ਜਿਸ ਨਾਲ ਐੱਸਸੀਓ ਵਿੱਚ ਭਾਸ਼ਾ ਨਾਲ ਜੁੜੀਆਂ ਰੋਕਾਂ ਨੂੰ ਹਟਾਉਣ ਵਿੱਚ ਮਦਦ ਮਿਲੇਗੀ। ਇਹ ਸੰਮਲਿਤ ਵਿਕਾਸ ਲਈ ਡਿਜੀਟਲ ਤਕਨਾਲੋਜੀ ਦੀ ਮਿਸਾਲ ਬਣ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸਣੇ ਹੋਰਨਾਂ ਆਲਮੀ ਸੰਸਥਾਵਾਂ ਵਿੱਚ ਸੁਧਾਰਾਂ ਲਈ ਐੱਸਸੀਓ ਅਹਿਮ ਆਵਾਜ਼ ਬਣ ਸਕਦਾ ਹੈ। ਭਾਰਤ ਦੀ ਪ੍ਰਧਾਨਗੀ ਵਿੱਚ ਹੋਈ ਵਰਚੁਅਲ ਵਾਰਤਾ ਵਿੱਚ ਕਜ਼ਾਖਸਤਾਨ, ਕਿਰਗਿਸਤਾਨ, ਤਾਜੀਕਿਸਤਾਨ, ਉਜ਼ਬੇਕਿਸਤਾਨ ਤੇ ਇਰਾਨ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ।