ਪਾਕਿ ‘ਚ ਉਤਸ਼ਾਹ ਨਾਲ ਮਨਾਇਆ ਖ਼ਾਲਸਾ ਸਾਜਨਾ ਦਿਵਸ

ਪਾਕਿ ‘ਚ ਉਤਸ਼ਾਹ ਨਾਲ ਮਨਾਇਆ ਖ਼ਾਲਸਾ ਸਾਜਨਾ ਦਿਵਸ

ਅੰਮਿ੍ਤਸਰ -ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ ਵਿਚਲੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ | ਅੰਮਿ੍ਤ ਵੇਲੇ ਰਾਗੀ ਜਥਿਆਂ ਵਲੋਂ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਭਾਈ ਮਨਜਿੰਦਰ ਸਿੰਘ, ਗੁਰਦੇਵ ਸਿੰਘ, ਗੁਰਨਾਮ ਸਿੰਘ, ਬੀਬੀ ਤਰਨਜੀਤ ਕੌਰ, ਭਾਈ ਨਾਨਕ ਰਾਮ, ਜਸਬੀਰ ਸਿੰਘ, ਓਾਕਾਰ ਸਿੰਘ, ਇਸ਼ਮੀਤ ਸਿੰਘ, ਬੀਬੀ ਹਰਜਿੰਦਰ ਕੌਰ ਅਤੇ ਭਾਈ ਅਮਨਦੀਪ ਸਿੰਘ ਆਦਿ ਦੇ ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ ਅਤੇ ਪਾਠ ਦੇ ਭੋਗ ਉਪਰੰਤ ਮੁੱਖ ਗ੍ਰੰਥੀ ਭਾਈ ਕੁਲਬੀਰ ਸਿੰਘ ਵਲੋਂ ਅਰਦਾਸ ਕੀਤੀ ਗਈ | ਇਸ ਮੌਕੇ ਸਜਾਏ ਧਾਰਮਿਕ ਦੀਵਾਨ ‘ਚ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਰਾਣਾ ਸ਼ਾਹਿਦ, ਡਿਪਟੀ ਸਕੱਤਰ ਇਮਰਾਨ ਗੌਂਦਲ, ਆਮਿਰ ਹਾਸ਼ਮੀ, ਪਾਕਿਸਤਾਨ ਗੁਰਦੁਆਰਾ ਕਮੇਟੀ ਪ੍ਰਧਾਨ ਅਮੀਰ ਸਿੰਘ, ਸਾਬਕਾ ਪ੍ਰਧਾਨ ਸਤਵੰਤ ਸਿੰਘ, ਗੋਪਾਲ ਸਿੰਘ ਚਾਵਲਾ, ਡਾ: ਮਿਮਪਾਲ ਸਿੰਘ, ਰਵਿੰਦਰ ਸਿੰਘ, ਸਰਬਤ ਸਿੰਘ, ਕੇਅਰ ਟੇਕਰ ਅਸਮਤਉੱਲਾ ਖ਼ਾਨ, ਸ਼੍ਰੋਮਣੀ ਕਮੇਟੀ ਤੋਂ ਰਵਿੰਦਰ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਵੇਂਈਪੂਈਾ, ਬੀਬੀ ਜੋਗਿੰਦਰ ਕੌਰ, ਸੁਖਬੀਰ ਸਿੰਘ ਖ਼ਾਲੜਾ, ਗੁਰਪ੍ਰੀਤ ਸਿੰਘ ਜੱਸਾ, ਜਸਬੀਰ ਸਿੰਘ ਬੋਪਾਰਾਏ, ਗੁਰਮਤ ਸੇਵਾ ਯੂ. ਕੇ. ਦੇ ਰਣਜੀਤ ਸਿੰਘ ਰਾਣਾ, ਗਿਆਨੀ ਜਸਵੰਤ ਸਿੰਘ, ਸਤਨਾਮ ਸਿੰਘ ਅਤੇ ਤਰਲੋਚਨ ਸਿੰਘ ਆਦਿ ਆਗੂ ਹਾਜ਼ਰ ਸਨ | ਰਾਣਾ ਸ਼ਾਹਿਦ ਨੇ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਪੁੱਜੀ ਸੰਗਤ ਨੂੰ ਖ਼ਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਸੰਬੋਧਨ ਦੌਰਾਨ ਕਿਹਾ ਕਿ ਪਾਕਿਸਤਾਨ ਸਰਕਾਰ ਪਾਕਿ ‘ਚ ਰਹਿੰਦੇ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਦੀ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ | ਪ੍ਰਧਾਨ ਅਮੀਰ ਸਿੰਘ ਨੇ ਕਿਹਾ ਕਿ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਸਾਲ ‘ਚ 4 ਦੀ ਬਜਾਏ 7 ਵਾਰ ਭਾਰਤੀ ਸਿੱਖ ਯਾਤਰੂ ਜਥਿਆਂ ਨੂੰ ਪਾਕਿ ਆਉਣ ਦੀ ਮਨਜ਼ੂਰੀ ਦੇਣ ਬਾਰੇ ਗੁਰਦੁਆਰਾ ਕਮੇਟੀ ਵਲੋਂ ਸੰਬੰਧਿਤ ਮੰਤਰਾਲੇ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਉਮੀਦ ਹੈ ਕਿ ਪ੍ਰੋਟੋਕਾਲ ਯਾਤਰੂ ਜਥਿਆਂ ਦੀ ਸੂਚੀ ‘ਚ ਜਲਦੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਅਤੇ ਸਾਕਾ ਸ੍ਰੀ ਨਨਕਾਣਾ ਸਾਹਿਬ ਦਿਹਾੜੇ ਨੂੰ ਸ਼ਾਮਿਲ ਕੀਤਾ ਜਾਵੇਗਾ | ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਪਾਕਿ ਸਰਕਾਰ ਸਿੱਖਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੀ ਹੈ | ਸ਼੍ਰੋਮਣੀ ਕਮੇਟੀ ਦੇ ਜਥਾ ਲੀਡਰਾਂ ਨੇ ਆਪਣੇ ਸੰਬੋਧਨ ‘ਚ ਸਾਕਾ ਸ੍ਰੀ ਪੰਜਾ ਸਾਹਿਬ ਨੂੰ ਵੀ ਜਥਿਆਂ ਦੀ ਪ੍ਰੋਟੋਕਾਲ ਸੂਚੀ ‘ਚ ਸ਼ਾਮਿਲ ਕਰਨ ਅਤੇ ਦੋਵਾਂ ਮੁਲਕਾਂ ਵਿਚਾਲੇ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਮੁੜ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ |