ਇਜ਼ਰਾਈਲ ਦੇ ਡਰੋਨ ਹਮਲੇ ਵਿੱਚ ਅੱਠ ਫਲਸਤੀਨੀ ਹਲਾਕ

ਇਜ਼ਰਾਈਲ ਦੇ ਡਰੋਨ ਹਮਲੇ ਵਿੱਚ ਅੱਠ ਫਲਸਤੀਨੀ ਹਲਾਕ

ਯੋਰੋਸ਼ਲਮ- ਇਜ਼ਰਾਈਲ ਨੇ ਪੱਛਮੀ ਕੰਢੇ ’ਤੇ ਦਹਿਸ਼ਤੀ ਟਿਕਾਣਿਆਂ ਉਪਰ ਡਰੋਨਾਂ ਨਾਲ ਹਮਲੇ ਕਰਦਿਆਂ ਇਲਾਕੇ ’ਚ ਸੈਂਕੜੇ ਜਵਾਨ ਤਾਇਨਾਤ ਕਰ ਦਿੱਤੇ ਹਨ। ਫਲਸਤੀਨੀ ਸਿਹਤ ਅਧਿਕਾਰੀਆਂ ਮੁਤਾਬਕ ਇਜ਼ਰਾਇਲੀ ਹਮਲੇ ’ਚ ਅੱਠ ਫਲਸਤੀਨੀ ਹਲਾਕ ਹੋ ਗਏ ਹਨ ਜਦਕਿ ਹਮਲੇ ’ਚ ਦੋ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। ਇਜ਼ਰਾਇਲੀ ਸੈਨਾ ਦਾ ਇਕੱਠ ਦੋ ਦਹਾਕੇ ਪਹਿਲਾਂ ਫਲਸਤੀਨੀਆਂ ਵੱਲੋਂ ਕੀਤੀ ਗਈ ਦੂਜੀ ਬਗ਼ਾਵਤ ਦੌਰਾਨ ਵੱਡੇ ਪੱਧਰ ’ਤੇ ਕੀਤੀ ਗਈ ਕਾਰਵਾਈ ਵਾਂਗ ਦੇਖਿਆ ਜਾ ਰਿਹਾ ਹੈ। ਜਵਾਨਾਂ ਨੇ ਜੇਨਿਨ ਸ਼ਰਨਾਰਥੀ ਕੈਂਪ ਦੀ ਘੇਰਾਬੰਦੀ ਕਰਕੇ ਕਾਰਵਾਈ ਆਰੰਭੀ।
ਕੈਂਪ ਦੀਆਂ ਭੀੜ-ਭੜੱਕੇ ਵਾਲੀਆਂ ਗਲੀਆਂ ’ਚੋਂ ਕਾਲਾ ਧੂੰਆਂ ਅਤੇ ਡਰੋਨ ਉੱਡਦੇ ਦਿਖਾਈ ਦਿੰਦੇ ਰਹੇ। ਲੋਕਾਂ ਨੇ ਕਿਹਾ ਕਿ ਕੁਝ ਹਿੱਸਿਆਂ ’ਚ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਫ਼ੌਜੀ ਬੁਲਡੋਜ਼ਰ ਇਮਾਰਤਾਂ ਤੋੜਦੇ ਹੋਏ ਇਜ਼ਰਾਇਲੀ ਫ਼ੌਜੀਆਂ ਲਈ ਰਾਹ ਪੱਧਰਾ ਕਰਦੇ ਜਾ ਰਹੇ ਹਨ। ਫਲਸਤੀਨ ਅਤੇ ਗੁਆਂਢੀ ਮੁਲਕ ਜੌਰਡਨ ਨੇ ਹਿੰਸਾ ਦੀ ਨਿਖੇਧੀ ਕੀਤੀ ਹੈ।