ਅੰਸਾਰੀ ’ਤੇ ਖ਼ਰਚੇ 55 ਲੱਖ ਕੈਪਟਨ ਤੇ ਰੰਧਾਵਾ ਤੋਂ ਵਸੂਲਾਂਗੇ: ਭਗਵੰਤ ਮਾਨ

ਅੰਸਾਰੀ ’ਤੇ ਖ਼ਰਚੇ 55 ਲੱਖ ਕੈਪਟਨ ਤੇ ਰੰਧਾਵਾ ਤੋਂ ਵਸੂਲਾਂਗੇ: ਭਗਵੰਤ ਮਾਨ

ਚੰਡੀਗਡ਼੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬੇ ਦੀ ਰੂਪਨਗਰ ਜੇਲ੍ਹ ’ਚ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਆਰਾਮਪ੍ਰਸਤ ਠਹਿਰਾਅ ਲਈ ਸੁਪਰੀਮ ਕੋਰਟ ’ਚ ਕੇਸ ਲਡ਼ਨ ਵਾਸਤੇ ਵਕੀਲਾਂ ਦੀ ਫ਼ੀਸ ’ਤੇ ਖ਼ਰਚੇ 55 ਲੱਖ ਰੁਪਏ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਅਦਾ ਨਹੀਂ ਕੀਤੇ ਜਾਣਗੇ। ਸ੍ਰੀ ਮਾਨ ਨੇ ਕਿਹਾ ਕਿ ਇਹ ਪੈਸਾ ਸਾਬਕਾ ਮੁੱਖ ਮੰਤਰੀ ਤੇ ਤਤਕਾਲੀ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਉਪ ਮੁੱਖ ਮੰਤਰੀ ਤੇ ਤਤਕਾਲੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲਿਆ ਜਾਵੇਗਾ। ਉਨ੍ਹਾਂ ਇਹ ਜਾਣਕਾਰੀ ਟਵੀਟ ਕਰ ਕੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਨਾ ਦੇਣ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਪੈਨਸ਼ਨ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਤਨਖ਼ਾਹ ਸਣੇ ਹੋਰ ਲਾਭ ਬੰਦ ਕਰ ਕੇ ਵਸੂਲੀ ਜਾਵੇਗੀ।
ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੈਪਟਨ ਤੇ ਰੰਧਾਵਾ ਨੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀਆਂ ਜੇਲ੍ਹਾਂ ’ਚ ਐਸ਼ਪ੍ਰਸਤੀ ਨਾਲ ਰਹਿਣ ਦੀ ਖੁੱਲ੍ਹ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਰਦਾਤਾਵਾਂ ਦਾ ਪੈਸਾ ਬਰਬਾਦ ਨਹੀਂ ਹੋਣ ਦੇਵੇਗੀ ਕਿਉਂਕਿ ਉਸ ਸਮੇਂ ਸੱਤਾ ’ਚ ਰਹਿਣ ਵਾਲਿਆਂ ਨੇ ਅੰਸਾਰੀ ਨਾਲ ਆਪਣੀ ਸਾਂਝ ਪੁਗਾਈ ਸੀ। ਸ੍ਰੀ ਮਾਨ ਨੇ ਕਿਹਾ ਕਿ ਇਹ ਲੋਕਾਂ ਦੇ ਪੈਸੇ ਦੀ ਲੁੱਟ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਦਕਿ ਪਿਛਲੀਆਂ ਸਰਕਾਰਾਂ ਹੀ ਇਸ ਬਾਰੇ ਜਾਣਦੀਆਂ ਹੋਣਗੀਆਂ ਕਿ ਇਹੋ ਜਿਹੇ ਅਪਰਾਧੀਆਂ ਨੂੰ ਰੂਪਨਗਰ ਜੇਲ੍ਹ ’ਚ ਪੂਰੀਆਂ ਸੁੱਖ-ਸਹੂਲਤਾਂ ਨਾਲ ਕਿਉਂ ਰੱਖਿਆ ਗਿਆ? ਮੁੱਖ ਮੰਤਰੀ ਨੇ ਕਿਹਾ ਕਿ ਤਤਕਾਲੀ ਸਰਕਾਰ ਨੇ ਰੂਪਨਗਰ ਜੇਲ੍ਹ ’ਚ ਬੰਦ ਇਸ ਅਪਰਾਧੀ ਦੇ ਹਿੱਤ ਮਹਿਫ਼ੂਜ ਰੱਖਣ ਲਈ ਟੈਕਸ ਭਰਨ ਵਾਲੇ ਲੋਕਾਂ ਦੇ 55 ਲੱਖ ਰੁਪਏ ਖ਼ਰਚੇ ਸਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹ ਪੈਸਾ ਆਪਣੀ ਜੇਬ ਵਿੱਚੋਂ ਭਰਨਾ ਪਵੇਗਾ ਤੇ ਅਜਿਹਾ ਨਾ ਕਰਨ ’ਤੇ ਇਸ ਰਾਸ਼ੀ ਦੀ ਵਸੂਲੀ ਲਈ ਉਨ੍ਹਾਂ ਦੀਆਂ ਪੈਨਸ਼ਨਾਂ ਅਤੇ ਹੋਰ ਲਾਭ ਬੰਦ ਕਰ
ਦਿੱਤੇ ਜਾਣਗੇ।
ਗੌਰਤਲਬ ਹੈ ਕਿ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਸਾਲ 2019 ਤੋਂ 2021 ਤੱਕ ਰੂਪਨਗਰ ਜੇਲ੍ਹ ’ਚ ਰੱਖਿਆ ਗਿਆ ਸੀ। ਮੁਹਾਲੀ ਪੁਲੀਸ ਅੰਸਾਰੀ ਨੂੰ ਮੁਹਾਲੀ ਦੇ ਇੱਕ ਬਿਲਡਰ ਦੀ ਸ਼ਿਕਾਇਤ ’ਤੇ ਯੂਪੀ ਤੋਂ ਟਰਾਂਜਿਟ ਰਿਮਾਂਡ ’ਤੇ ਲਿਆਈ ਸੀ। ਇਸ ਤੋਂ ਬਾਅਦ ਯੂਪੀ ਸਰਕਾਰ ਨੇ ਕਈ ਵਾਰ ਪੱਤਰ ਲਿਖ ਕੇ ਅੰਸਾਰੀ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਸੀ, ਪਰ ਸੂਬਾ ਸਰਕਾਰ ਨੇ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਯੂਪੀ ਸਰਕਾਰ ਨੇ ਪੰਜਾਬ ਸਰਕਾਰ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖਡ਼ਕਾਇਆ ਜਿਸ ਦੌਰਾਨ ਸੂਬਾ ਸਰਕਾਰ ਨੇ ਸੁਪਰੀਮ ਕੋਰਟ ’ਚ ਸੀਨੀਅਰ ਵਕੀਲ ਨੂੰ ਪੇਸ਼ ਕੀਤਾ। ਸੀਨੀਅਰ ਵਕੀਲ ਨੇ ਪੰਜਾਬ ਸਰਕਾਰ ਤੋਂ ਮਾਮਲੇ ਦੀ ਪੈਰਵੀ ਲਈ 11 ਲੱਖ ਰੁਪਏ ਪ੍ਰਤੀ ਪੇਸ਼ੀ ਵਸੂਲੇ, ਜਿਸ ਲਈ ਪੰਜ ਪੇਸ਼ੀਆਂ ਦਾ 55 ਲੱਖ ਰੁਪਏ ਦਾ ਬਿੱਲ ਹੁਣ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਗਿਆ ਸੀ। ਇਸ ਬਿੱਲ ਨੂੰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਦ ਕਰ ਦਿੱਤਾ ਸੀ। ਇਸ ਮਗਰੋਂ ਹਰਜੋਤ ਸਿੰਘ ਬੈਂਸ ਵੱਲੋਂ ਵੀ ਇਹ ਮਸਲਾ ਪੰਜਾਬ ਵਿਧਾਨ ਸਭਾ ’ਚ ਚੁੱਕਿਆ ਗਿਆ ਸੀ।

‘ਕੈਪਟਨ ਅਮਰਿੰਦਰ ਨੇ ਪੰਜਾਬ ਨੂੰ ਬਰਬਾਦ ਕੀਤਾ’
ਚੰਡੀਗਡ਼੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਾਲੋਚਨਾ ਕਰਦਿਆਂ ਕਿਹਾ,‘ਤੁਹਾਡੀ ‘ਸਿਆਣਪ’ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।’ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਕੈਪਟਨ ਨੂੰ ਹਮੇਸ਼ਾ ਸੂਬੇ ਦੇ ਲੋਕਾਂ ਦੀ ਬਜਾਏ ਆਪਣੀ ਕੁਰਸੀ ਦੀ ਚਿੰਤਾ ਰਹੀ ਹੈ। ਕੈਪਟਨ ਦੇ ਪੁਰਖਿਆਂ ਨੇ ਵੀ ਆਪਣੇ ਸਵਾਰਥਾਂ ਲਈ ਮੁਗਲਾਂ ਤੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਪੁਰਖਿਆਂ ਦੀ ਲੀਹ ’ਤੇ ਚੱਲਦਿਆਂ ਆਪਣੇ ਸਿਆਸੀ ਹਿੱਤਾਂ ਨੂੰ ਪੂਰਨ ਲਈ ਲੋਡ਼ ਪੈਣ ’ਤੇ ਕਾਂਗਰਸ ਅਤੇ ਅਕਾਲੀਆਂ ਨਾਲ ਸਾਂਝ ਪਾਈ। ਹੁਣ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਭਗਵਾ ਪਾਰਟੀ ਨਾਲ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ।