ਇੰਗਲੈਂਡ ’ਤੇ ਐਸ਼ੇਜ਼ ਲੜੀ ਹਾਰਨ ਦਾ ਖ਼ਤਰਾ

ਇੰਗਲੈਂਡ ’ਤੇ ਐਸ਼ੇਜ਼ ਲੜੀ ਹਾਰਨ ਦਾ ਖ਼ਤਰਾ

ਲੰਡਨ- ਆਸਟਰੇਲੀਆ ਨੇ ਐਸ਼ੇਜ਼ ਲੜੀ ਦੇ ਦੂਜੇ ਟੈਸਟ ਮੈਚ ਦੇ ਪੰਜਵੇਂ ਤੇ ਆਖ਼ਰੀ ਦਿਨ ਅੱਜ ਇੰਗਲੈਂਡ ਨੂੰ ਲਾਰਡਜ਼ ਦੇ ਮੈਦਾਨ ’ਤੇ 43 ਦੌੜਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਦੀ ਪੰਜ ਮੈਚਾਂ ਦੀ ਲੜੀ ਵਿੱਚ ਇਹ ਦੂਜੀ ਹਾਰ ਹੈ। ਇਸ ਤਰ੍ਹਾਂ ਉਸ ਨੂੰ ਲੜੀ ਹੱਥੋਂ ਜਾਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸ ਜਿੱਤ ਨਾਲ ਆਸਟਰੇਲੀਆ ਦਾ ਲੜੀ ਵਿੱਚ 2-0 ਨਾਲ ਹੱਥ ਉੱਤੇ ਹੋ ਗਿਆ ਹੈ। ੳੁਸ ਨੇ ਐਜਬਸਟਨ ਟੈਸਟ ਮੈਚ ਦੋ ਵਿਕਟਾਂ ਨਾਲ ਜਿੱਤਿਆ ਸੀ।
ਆਸਟਰੇਲੀਆ ਵੱਲੋਂ ਦਿੱਤੇ 371 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਦੂਜੀ ਪਾਰੀ ਵਿੱਚ 327 ਦੌੜਾਂ ਹੀ ਬਣਾ ਸਕੀ। ਬੇਨ ਡੱਕਟ ਨੇ ਅਰਧ ਸੈਂਕੜਾ (83 ਦੌੜਾਂ) ਤੇ ਬੇਨ ਸਟੋਕਸ ਨੇ ਸੈਂਕੜਾ (155 ਦੌੜਾਂ) ਜੜਿਆ। ਦੋਵਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ 20 ਦੌੜਾਂ ਨਹੀਂ ਬਣਾ ਸਕਿਆ। ਆਸਟਰੇਲੀਆ ਲਈ ਮਿਸ਼ੇਲ ਸਟਾਰਕ, ਪੈਟ ਕਮਿਨਸ ਅਤੇ ਜੋਸ਼ ਹੇਜ਼ਲਵੁੱਡ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਅਾਸਟਰੇਲੀਆ ਨੇ ਪਹਿਲੀ ਪਾਰੀ ਵਿੱਚ 416 ਦੌਡ਼ਾਂ ਬਣਾਈਆਂ ਸਨ, ਜਦੋਂਕਿ ਇੰਗਲੈਂਡ 325 ਦੌਡ਼ਾਂ ’ਤੇ ਸਿਮਟ ਗਿਆ ਸੀ। ਇਸ ਤਰ੍ਹਾਂ ਆਸਟਰੇਲੀਆ ਨੂੰ ਪਹਿਲੀ ਪਾਰੀ ਵਿੱਚ 91 ਦੌਡ਼ਾਂ ਦੀ ਲੀਡ ਮਿਲ ਗਈ ਸੀ। ਆਸਟਰੇਲੀਆ ਨੇ ਦੂਜੀ ਪਾਰੀ ਵਿੱਚ 279 ਦੌੜਾਂ ਬਣਾ ਕੇ ਮੇਜ਼ਬਾਨ ਟੀਮ ਨੂੰ 371 ਦੌੜਾਂ ਦਾ ਟੀਚਾ ਦਿੱਤਾ ਸੀ।
ਆਸਟਰੇਲੀਆ ਨੇ ਪੰਜਵੇਂ ਦਿਨ ਦੇ ਖੇਡ ਦੀ ਸ਼ੁਰੂਆਤ ਬੇਨ ਡੱਕਟ ਅਤੇ ਜੌਨੀ ਬੇਅਰਸਟੋਅ ਨੂੰ ਆੳੂਟ ਕਰ ਕੇ ਕੀਤੀ। ਬੇਅਰਸਟੋ ਵਿਵਾਦਤ ਢੰਗ ਨਾਲ ਆੳੂਟ ਹੋਇਆ। ਇਸ ਤੋਂ ਬਾਅਦ ਸਟੇਡੀਅਮ ਵਿੱਚ ਮੌਜੂਦ ਘਰੇਲੂ ਦਰਸ਼ਕਾਂ ਨੇ ਆਸਟਰੇਲਿਆਈ ਖਿਡਾਰੀਆਂ ’ਤੇ ਬੇਈਮਾਨੀ ਕਰਨ ਦਾ ਦੋਸ਼ ਲਾਇਆ। ਦੁਪਹਿਰ ਦੇ ਖਾਣੇ ਲਈ ਜਦੋਂ ਟੀਮ ਦੇ ਖਿਡਾਰੀ ਪੈਵੇਲੀਅਨ ਵੱਲ ਜਾ ਰਹੇ ਸਨ ਤਾਂ ਦਰਸ਼ਕ ‘ਧੋਖੇਬਾਜ਼, ਧੋਖੇਬਾਜ਼’ ਦੇ ਨਾਅਰੇ ਲਾ ਰਹੇ ਸਨ। ਡਰੈਸਿੰਗ ਰੂਮ ਵੱਲ ਜਾਂਦਿਆਂ ਇੱਕ ਦਰਸ਼ਕ ਨੇ ਆਸਟਰੇਲਿਆਈ ਖਿਡਾਰੀ ਨਾਲ ਦੁਰਵਿਹਾਰ ਵੀ ਕੀਤਾ।