ਗੁਜਰਾਤ ਦੇ ਕਈ ਇਲਾਕਿਆਂ ’ਚ ਹਡ਼੍ਹਾਂ ਜਿਹੇ ਹਾਲਾਤ

ਗੁਜਰਾਤ ਦੇ ਕਈ ਇਲਾਕਿਆਂ ’ਚ ਹਡ਼੍ਹਾਂ ਜਿਹੇ ਹਾਲਾਤ

ਅਹਿਮਦਾਬਾਦ- ਗੁਜਰਾਤ ’ਚ ਭਾਰੀ ਮੀਂਹ ਕਾਰਨ ਜਿੱਥੇ ਕਈ ਇਲਾਕਿਆਂ ਵਿੱਚ ਹਡ਼੍ਹਾਂ ਜਿਹੇ ਹਾਲਾਤ ਬਣ ਗਏ ਹਨ, ਉੱਥੇ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਹੈ। ਸੂਬੇ ਦੇ ਅੈਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਵਲਸਾਡ ਤੇ ਨਵਸਾਰੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ ਜਿੱਥੇ ਕਈ ਪਿੰਡਾਂ ਦਾ ਸਡ਼ਕਾਂ ਨਾਲੋਂ ਸੰਪਰਕ ਟੁੱਟ ਗਿਆ ਉੱਥੇ ਕਈ ਥਾਈਂ ਹਡ਼੍ਹਾਂ ਦੇ ਪਾਣੀ ਕਾਰਨ ਸਡ਼ਕਾਂ ਹੀ ਵਹਿ ਗਈਆਂ। ਅੈੱਨਡੀਆਰਅੈੱਫ ਤੇ ਅੈੱਸਡੀਆਰਅੈੱਫ ਦੀਆਂ ਟੀਮਾਂ ਫਸੇ ਹੋਏ ਲੋਕਾਂ ਨੂੰ ਬਚਾਉਣ ਦੇ ਕਾਰਜਾਂ ’ਚ ਜੁਟੀਆਂ ਹੋਈਆਂ ਹਨ। ਪੁਲੀਸ ਮੁਤਾਬਕ ਜਾਮਨਗਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਰਿਹਾ ਹੈ, ਜਿੱਥੇ ਹੁਣ ਤੱਕ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਸੂਬੇ ਵਿੱਚ 32 ਮਿਲੀਮੀਟਰ ਅੌਸਤ ਮੀਂਹ ਪੈ ਚੁੱਕਾ ਹੈ ਜਦਕਿ ਵਲਸਾਡ ਦੇ ਧਰਮਪੁਰ ਤਾਲੁਕਾ ਵਿੱਚ ਸਭ ਤੋਂ ਵੱਧ 234 ਮਿਲੀਮੀਟਰ ਮੀਂਹ ਪਿਆ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ।