ਸੀਬੀਆਈ ਨੇ ਵਾਪਕੋਸ ਦੇ ਸਾਬਕਾ ਸੀਐੱਮਡੀ ਦੇ ਸਹਿਯੋਗੀਆਂ ਖ਼ਿਲਾਫ ਜਾਂਚ ਵਿੱਢੀ

ਸੀਬੀਆਈ ਨੇ ਵਾਪਕੋਸ ਦੇ ਸਾਬਕਾ ਸੀਐੱਮਡੀ ਦੇ ਸਹਿਯੋਗੀਆਂ ਖ਼ਿਲਾਫ ਜਾਂਚ ਵਿੱਢੀ

ਨਵੀਂ ਦਿੱਲੀ- ਸੀਬੀਆਈ ਕਰੋੜਾਂ ਰੁਪਏ ਦੀ ਜਾਇਦਾਦ ਖ਼ਰੀਦਣ ਵਿੱਚ ਵਾਪਕੋਸ ਦੇ ਸਾਬਕਾ ਚੇਅਰਮੈਨ ਤੇ ਪ੍ਰਬੰਧਕੀ ਨਿਰਦੇਸ਼ਕ (ਸੀਐੱਮਡੀ) ਰਾਜਿੰਦਰ ਗੁਪਤਾ ਦੀ ਕਥਿਤ ਮਦਦ ਕਰਨ ਵਾਲੇ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਏਜੰਸੀ ਨੇ ਆਪਣੇ ਦੋਸ਼-ਪੱਤਰ ਵਿੱਚ ਇਹ ਗੱਲ ਕਹੀ। ਸੀਬੀਆਈ ਨੇ ਗੁਪਤਾ ਨੂੰ ਆਮਦਨ ਤੋਂ ਵੱਧ ਜਾਇਦਾਦਾ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਉਨ੍ਹਾਂ ਦੇ ਟਿਕਾਣਿਆਂ ਤੋਂ 38 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਸਾਹਮਣੇ ਹਾਲ ਹੀ ਵਿੱਚ ਦਾਇਰ ਦੋਸ਼-ਪੱਤਰ ਵਿੱਚ ਏਜੰਸੀ ਨੇ ਦੋਸ਼ ਲਾਇਆ ਕਿ ਗੁਪਤਾ ਨੇ ਪਹਿਲੀ ਅਪਰੈਲ 2011 ਤੋਂ 31 ਮਾਰਚ 2019 ਤੱਕ ਕੇਂਦਰੀ ਜਨਤਕ ਖੇਤਰ ਦੇ ਅਦਾਰੇ, ਵਾਪਕੋਸ (ਵਾਟਰ ਐਂਡ ਪਾਵਰ ਕੰਸਲਟੈਂਸੀ ਸਰਵਿਸਿਜ਼ (ਇੰਡੀਆ) ਲਿਮਟਡ) ਦੇ ਸੀਐੱਮਡੀ ਵਜੋਂ ਆਪਣੇ ਕਾਰਜਕਾਲ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਸੀ। ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈਪੀਸੀ ਦੀਆਂ ਧਾਰਾਵਾਂ 109 ਅਤੇ 201 (ਸਬੂਤਾਂ ਨੂੰ ਖ਼ਤਮ ਕਰਨਾ) ਤਹਿਤ ਦਾਇਰ ਦੋਸ਼ ਪੱਤਰ ਵਿੱਚ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਰੀਮਾ ਸਿੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹੋਰ ਮੁਲਜ਼ਮਾਂ ਦੀ ਸ਼ਮੂਲੀਅਤ ਦੀ ਜਾਂਚ ਅਜੇ ਵੀ ਜਾਰੀ ਹੈ। ਗੁਪਤਾ ਅਤੇ ਉਸ ਦੇ ਪੁੱਤਰ ਗੌਰਵ ਸਿੰਗਲ ਨੂੰ ਏਜੰਸੀ ਵੱਲੋਂ ਉਨ੍ਹਾਂ ਦੇ ਟਿਕਾਣਿਆਂ ਵਿੱਚ 38.71 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਣ ਮਗਰੋਂ 3 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।