ਯੂਬਾ ਸਿਟੀ-ਸਿਟੀ ਕੌਂਸਲ ਅਤੇ ਸਟਰ ਕਾਂਉਂਟੀ ਸਮੂਹ ਭਾਰਤੀ ਭਾਈਚਾਰੇ ਦੇ ਨਾਲ S2- 403 ਬਿੱਲ ਦੇ ਵਿਰੋਧ ਵਿਚ ਨਿੱਤਰੀ

ਯੂਬਾ ਸਿਟੀ-ਸਿਟੀ ਕੌਂਸਲ ਅਤੇ ਸਟਰ ਕਾਂਉਂਟੀ ਸਮੂਹ ਭਾਰਤੀ ਭਾਈਚਾਰੇ ਦੇ ਨਾਲ S2- 403 ਬਿੱਲ ਦੇ ਵਿਰੋਧ ਵਿਚ ਨਿੱਤਰੀ

ਯੂਬਾ ਸਿਟੀ ਕੈਲੀਫੋਰਨੀਆ : 20 ਜੂਨ ਨੂੰ ਯੂਬਾ ਸਿਟੀ-ਸਿਟੀ ਕੌਂਸਲ ਦੀ ਮੀਟਿੰਗ ਹੋਈ ਜਿਸ ਵਿਚ ਸਾਰੇ ਹੀ ਸਿਟੀ ਕੌਂਸਲ ਮੈਂਬਰਾਂ ਸਮੇਤ ਸਿਟੀ ਦੇ ਮੇਅਰ ਵੇਡ ਕਰਚਨਰ (Wade Kirchner) ਨੇ S2- 403 ਬਿੱਲ ਦਾ ਵਿਰੋਧ ਕੀਤਾ।
ਸੈਨੇਟ ਬਿੱਲ S2- 403 ਬਾਰੇ ਪਹਿਲਾਂ ਸਾਰੀ ਜਾਣਕਾਰੀ ਦਿੰਦਿਆਂ ਸ੍ਰ. ਸਤਨਾਮ ਸਿੰਘ ਨੇ ਇਸ ਬਾਰੇ ਕਾਫ਼ੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ (3aste) ਜਾਣੀ ਜਾਤ-ਪਾਤ ਕਿਵੇਂ ਕਿਸੇ ਸਮਾਜ ਨੂੰ ਅਤੇ ਦੇਸ਼ ਦੇ ਸਮਾਜਿਕ ਢਾਂਚੇ ਨੂੰ ਤਹਿਸ-ਨਹਿਸ ਕਰ ਦਿੰਦੀ ਹੈ। ਸਾਡੇ ਸਮਾਜ ਨੇ ਇਸ ਜਾਤ-ਪਾਤ ਦੇ ਕੋਹੜ ਨੂੰ ਬਹੁਤ ਲੰਬਾ ਸਮਾਂ ਹੰਢਾਇਆ ਹੈ ਅਤੇ ਹੰਢਾਅ ਰਹੇ ਹਾਂ।
ਇਸ ਮੌਕੇ ’ਤੇ ਬੋਲਦਿਆਂ ਭਾਰਤੀ ਪੰਜਾਬੀ ਕਮਿਊਨਿਟੀ ਦੇ ਅਗਾਂਹਵਧੂ ਨੌਜਵਾਨ ਆਗੂ ਪਲਵਿੰਦਰ ਮਾਹੀ ਨੇ ਵੀ ਇਸ ਬਿੱਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਜਾਤ-ਪਾਤ ਦੇ ਕੋਹੜ ਦੇ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਅਮਰੀਕਾ ਵਿਚ ਰਹਿ ਕੇ ਅੱਜ ਸਾਡੀ ਕਮਿਊਨਿਟੀ ਆਪਣੇ ਆਪ ਨੂੰ ਨੀਵੀਂ ਜਾਤ ਘੋਸ਼ਿਤ ਕਰਕੇ ਸਾਡੇ ਗੁਰੂ ਸਾਹਿਬਾਨਾਂ ਦੇ ਸੰਘਰਸ਼ ਨੂੰ ਤਾਰ ਤਾਰ ਕਰ ਰਹੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਉਸ ਬ੍ਰਾਹਮਣਵਾਦੀ ਸਿਸਟਮ ਜੋ ਕਿ ਸਾਨੂੰ ਨੀਵੀਂ ਜਾਤ ਘੋਸ਼ਿਤ ਕਰਦਾ ਹੈ ਉਸ ਵਿਰੁੱਧ ਡਟ ਕੇ ਲੜਾਈ ਲੜੀ ਅਤੇ ਉਨ੍ਹਾਂ ਤੋਂ ਬਾਅਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਵੀ ਉਨ੍ਹਾਂ ਲੀਹਾਂ ’ਤੇ ਚੱਲਦਿਆਂ ਇਸ ਜਾਤੀ-ਪਾਤੀ ਸਿਸਟਮ ਵਿਰੁੱਧ ਡਟ ਕੇ ਲੜਾਈ ਲੜੀ ਅਤੇ ਉਸ ਬ੍ਰਾਹਮਣਵਾਦੀ ਸਿਸਟਮ ਨੂੰ ਚੈਲੰਜ ਕੀਤਾ ਅਤੇ ਦੱਸਿਆ ਕਿ ਅਸੀਂ ਨੀਵੀਂ ਜਾਤੀ ਨਹੀਂ ਹਾਂ ਅਤੇ ਨਾ ਹੀ ਸਾਨੂੰ ਬ੍ਰਾਹਮਣ ਵਲੋਂ ਨਿਰਧਾਰਤ ਕੀਤੇ ਕਿੱਤੇ ਕਰਨੇ ਚਾਹੀਦੇ ਹਨ। ਇਸ ਤੋਂ ਹਟ ਕੇ ਸਾਨੂੰ ਵਧੀਆ ਪੜ੍ਹਾਈ ਕਰਕੇ ਉਚ ਅਹੁਦਿਆਂ ’ਤੇ ਅਤੇ ਵਪਾਰ ਕਰਨ ਵੱਲ ਨੂੰ ਪਹਿਲ ਦੇਣੀ ਚਾਹੀਦੀ ਹੈ। ਸਾਡਾ ਸਮਾਜ ਇਨ੍ਹਾਂ ਚੀਜ਼ਾਂ ਤੋਂ ਉਪਰ ਉਠ ਕੇ ਬਾਬਾ ਸਾਹਿਬ ਦੀ ਗੱਲ ਮੰਨ ਕੇ ਕਾਫ਼ੀ ਮਿਹਨਤ ਮੁਸ਼ੱਕਤ ਤੋਂ ਬਾਅਦ ਅੱਜ ਪੂਰੀ ਦੁਨੀਆ ਵਿਚ ਆਪਣਾ ਡੰਕਾ ਵਜਾ ਰਿਹਾ ਹੈ ਪਰ ਕੁਝ ਲੋਕਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ।
ਕੁਝ ਸਾਡੇ ਸਮਾਜ ਦੇ ਅਖੌਤੀ ਲੀਡਰ ਅੱਜ ਸਾਡੇ ਸਮਾਜ ਨੂੰ ਫਿਰ 2-3 ਸੌ ਸਾਲ ਪਿਛੇ ਲਿਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਉਹ ਅਸੀਂ ਹਰਗਿਜ਼ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਕਿਤੇ ਵੀ ਸਾਡੇ ਮਹਾਂਪੁਰਸ਼ਾਂ ਨੇ ਅਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੇ ਇਹ ਨਹੀਂ ਕਿਹਾ ਕਿ ਜਾਤ-ਪਾਤ ਹਮੇਸ਼ਾ ਗਲ ਨਾਲ ਲਾਈ ਰੱਖਣਾ। ਉਨ੍ਹਾਂ ਨੇ ਇਸ ਤੋਂ ਛੁਟਕਾਰਾ ਪਾਉਣ ਲਈ ਕਿਹਾ ਹੈ। ਇਸ ਮੌਕੇ ’ਤੇ ਹੋਰ ਵੀ ਭਾਰਤੀ ਪੰਜਾਬੀ ਭਾਈਚਾਰੇ ਦੇ ਆਗੂ ਮੌਜੂਦ ਸਨ ਜਿਨ੍ਹਾਂ ਵਿਚ ਸ੍ਰ. ਗੁਰਨਾਮ ਸਿੰਘ ਪੰਮਾ, ਦਲਬੀਰ ਸਿੰਘ ਗਿੱਲ, ਹਰਪ੍ਰੀਤ ਸਿੰਘ ਖਿਆੜਾ, ਕੁਲਤਾਰ ਸਿੰਘ, ਦੀਪ ਸਿੰਘ, ਉਂਕਾਰ ਸਿੰਘ, ਮਹਾਂਰਿਸ਼ੀ ਬਾਲਮਿਕੀ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰ. ਜਗਜੀਤ ਸਿੰਘ ਗਿੱਲ, ਸ੍ਰ. ਮਨਜੀਤ ਸਿੰਘ ਦੁਸਾਂਝ, ਸ੍ਰ. ਸੁੱਖ ਸਿੱਧੂ, ਸ੍ਰੀ ਬਨਾਰਸੀ ਦਾਸ, ਸ੍ਰ. ਬਲਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਸਾਥੀ ਮੌਜੂਦ ਸਨ।