ਸੱਚ ਲੁਕਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੈ ਗਾਂਧੀ ਪਰਿਵਾਰ: ਭਾਜਪਾ

ਸੱਚ ਲੁਕਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੈ ਗਾਂਧੀ ਪਰਿਵਾਰ: ਭਾਜਪਾ

ਰਾਹੁਲ ਨੇ ਅਮਰੀਕਾ ’ਚ ਸ਼ੱਕੀ ਸਾਖ ਵਾਲੇ ਲੋਕਾਂ ਨਾਲ ਕੀਤੀ ਸੀ ਮੁਲਾਕਾਤ: ਸਮ੍ਰਿਤੀ ਇਰਾਨੀ
ਨਵੀਂ ਦਿੱਲੀ- ਭਾਜਪਾ ਨੇ ਪਾਰਟੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਖ਼ਿਲਾਫ਼ ਕਰਨਾਟਕ ’ਚ ਐੱਫਆਈਆਰ ਦਰਜ ਕੀਤੇ ਜਾਣ ਨੂੰ ਲੈ ਕੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਗਾਂਧੀ ਪਰਿਵਾਰ ਨੇ ਮੁੜ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਜੇਕਰ ਉਸ ਨੂੰ ਸੱਤਾ ਮਿਲੇ ਤਾਂ ਉਹ ਸੱਚ ਦਬਾਉਣ ਲਈ ਕਿਸ ਹੱਦ ਤੱਕ ਜਾ ਸਕਦਾ ਹੈ। ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਖ਼ਿਲਾਫ਼ ਆਪਣੀ ਪਾਰਟੀ ਦੇ ਦੋਸ਼ਾਂ ਨੂੰ ਦੁਹਰਾਇਆ ਕਿ ਉਨ੍ਹਾਂ ਆਪਣੇ ਅਮਰੀਕਾ ਦੌਰੇ ’ਤੇ ਸ਼ੱਕੀ ਸਾਖ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ ਸੀ। ਇਰਾਨੀ ਮੁਤਾਬਕ ਰਾਹੁਲ ਨੇ ਜਿਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ’ਚ ਅਰਬਪਤੀ ਨਿਵੇਸ਼ਕ ਜੌਰਜ ਸੋਰੋਸ ਦੇ ਕਰੀਬੀ ਵਿਅਕਤੀ ਵੀ ਸ਼ਾਮਲ ਸਨ ਜੋ ਜਮਹੂਰੀ ਢੰਗ ਨਾਲ ਚੁਣੀ ਗਈ ਭਾਰਤ ਸਰਕਾਰ ਨੂੰ ‘ਅਸਥਿਰ’ ਕਰਨਾ ਚਾਹੁੰਦੇ ਹਨ। ਉਨ੍ਹਾਂ ਆਪਣੀ ਯਾਤਰਾ ਦੌਰਾਨ ਭਾਰਤੀ ਪਰਵਾਸੀਆਂ ਦੇ ਇਕ ਪ੍ਰੋਗਰਾਮ ਦੀ ਮੇਜ਼ਬਾਨੀ ’ਚ ਇਸਲਾਮਿਕ ਸਰਕਲ ਆਫ਼ ਨੌਰਥ ਅਮਰੀਕਾ ਦੇ ਤਨਜ਼ੀਮ ਅਨਸਾਰੀ ਦੀ ਸ਼ਮੂਲੀਅਤ ਲਈ ਵੀ ਰਾਹੁਲ ’ਤੇ ਹਮਲਾ ਬੋਲਿਆ ਅਤੇ ਕਿਹਾ ਕਿ ਅਨਸਾਰੀ ਦੇ ਜਮਾਤ-ਏ-ਇਸਲਾਮੀ ਨਾਲ ਸਬੰਧ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਰਾਨੀ ਨੇ ਕਿਹਾ ਕਿ ਅਮਰੀਕਾ ’ਚ ਪ੍ਰਤੀਨਿਧ ਸਭਾ ਦੇ ਇਕ ਮਤੇ ’ਚ ਇਸ ਤੋਂ ਪਹਿਲਾਂ ਦੱਖਣੀ ਏਸ਼ੀਆ ’ਚ ਸਰਗਰਮ ਧਾਰਮਿਕ ਗੁੱਟਾਂ ਵੱਲੋਂ ਲੋਕਤੰਤਰ ਲਈ ਪੈਦਾ ਹੋਏ ਖਤਰੇ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਸੀ। ਕਾਂਗਰਸ ਸ਼ਾਸਿਤ ਕਰਨਾਟਕ ’ਚ ਮਾਲਵੀਆ ਖ਼ਿਲਾਫ਼ ਐੱਫਆਈਆਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਨਾਲ ਸਬੰਧਤ ਭਾਜਪਾ ਦੇ ਰੁਖ ਖ਼ਿਲਾਫ਼ ਐੱਫਆਈਆਰ ਦੇ ਸਬੰਧ ’ਚ ਜਾਣਕਾਰੀ ਮਿਲੀ ਹੈ। ਇਰਾਨੀ ਨੇ ਕਿਹਾ ਕਿ ਕਾਂਗਰਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਰਾਹੁਲ ਗਾਂਧੀ ਨੇ ਆਪਣੀ ਅਮਰੀਕਾ ਯਾਤਰਾ ਦੌਰਾਨ ਸੁਨੀਤਾ ਵਿਸ਼ਵਨਾਥ ਨਾਲ ਮੁਲਾਕਾਤ ਕੀਤੀ ਸੀ ਜਾਂ ਨਹੀਂ? ਉਨ੍ਹਾਂ ਕਿਹਾ,‘‘ਜਦੋਂ ਹਰੇਕ ਭਾਰਤੀ ਨੂੰ ਪਤਾ ਹੈ ਕਿ ਜੌਰਜ ਸੋਰੋਸ ਕੀ ਕਰਨਾ ਚਾਹੁੰਦੇ ਹਨ ਤਾਂ ਗਾਂਧੀ ਉਨ੍ਹਾਂ ਲੋਕਾਂ ਨਾਲ ਮੇਲ-ਜੋਲ ਕਿਉਂ ਵਧਾ ਰਹੇ ਹਨ ਜਿਨ੍ਹਾਂ ਨੂੰ ਸੋਰੋਸ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ। ਇਹ ਵੀ ਸਪੱਸ਼ਟ ਹੈ ਕਿ ਇਹ ਇਕਲੌਤਾ ਸੋਰੋਸ ਕੁਨੈਕਸ਼ਨ ਨਹੀਂ ਹੈ। ਇਥੋਂ ਤੱਕ ਕਿ ਕਰਨਾਟਕ ’ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਵੀ ਜੌਰਜ ਸੋਰੋਸ ਵੱਲੋਂ ਫੰਡਿੰਡ ‘ਓਪਨ ਸੁਸਾੲਟੀ ਫਾਊਂਡੇਸ਼ਨ’ ਦੇ ਆਲਮੀ ਮੀਤ ਪ੍ਰਧਾਨ ਉਨ੍ਹਾਂ ਨਾਲ ਦਿਖਾਈ ਦਿੱਤੇ ਸਨ।’’