ਰੂਸ: ਬਗਾਵਤ ਕਰਨ ਵਾਲੇ ਪ੍ਰਿਗੋਜ਼ਿਨ ਅਤੇ ਲੜਾਕਿਆਂ ਖ਼ਿਲਾਫ਼ ਦੋਸ਼ ਹਟਾਏ

ਰੂਸ: ਬਗਾਵਤ ਕਰਨ ਵਾਲੇ ਪ੍ਰਿਗੋਜ਼ਿਨ ਅਤੇ ਲੜਾਕਿਆਂ ਖ਼ਿਲਾਫ਼ ਦੋਸ਼ ਹਟਾਏ

ਮਾਸਕੋ- ਰੂਸੀ ਅਧਿਕਾਰੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਪ੍ਰਾਈਵੇਟ ਸੈਨਾ ‘ਵੈਗਨਰ’ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੀ ਅਗਵਾਈ ਹੇਠ ਹੋਈ ਹਥਿਆਰਬੰਦ ਬਗ਼ਾਵਤ ਦੀ ਅਪਰਾਧਕ ਜਾਂਚ ਬੰਦ ਕਰ ਦਿੱਤੀ ਹੈ ਅਤੇ ਪ੍ਰਿਗੋਜ਼ਿਨ ਜਾਂ ਬਗ਼ਾਵਤ ’ਚ ਸ਼ਾਮਲ ਹੋਰਨਾਂ ਖ਼ਿਲਾਫ਼ ਲਾਏ ਗਏ ਸਾਰੇ ਦੋਸ਼ ਹਟਾ ਦਿੱਤੇ ਹਨ। ਸੰਘੀ ਸੁਰੱਖਿਆ ਏਜੰਸੀ (ਏਐੱਫਬੀ) ਨੇ ਕਿਹਾ ਕਿ ਉਸ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬਗ਼ਾਵਤ ਵਿੱਚ ਸ਼ਾਮਲ ਲੋਕਾਂ ਨੇ ‘‘ਅਪਰਾਧ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਕੀਤੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ ਹਨ’’, ਇਸ ਕਰਕੇ ਕੇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ।

ਇਹ ਐਲਾਨ ਹਾਲੀਆ ਦਿਨਾਂ ’ਚ ਹੈਰਾਨੀਜਨਕ ਘਟਨਾਵਾਂ ਦੀ ਲੜੀ ’ਚ ਨਵਾਂ ਮੋੜ ਸੀ ਜਿਸ ਨੇ ਯੂਕਰੇਨ ਵਿੱਚ 16 ਮਹੀਨਿਆਂ ਤੋਂ ਚੱਲ ਰਹੀ ਜੰਗ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਸੱਤਾ ’ਤੇ ਪਕੜ ਲਈ ਹੁਣ ਤੱਕ ਦਾ ਸਭ ਤੋਂ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ। ਕ੍ਰੈਮਲਿਨ ਨੇ ਸ਼ਨਿਚਰਵਾਰ ਨੂੰ ਬਗ਼ਾਵਤ ਖ਼ਤਮ ਕੀਤੇ ਜਾਣ ਮਗਰੋਂ ਪ੍ਰਿਗੋਜ਼ਿਨ ਅਤੇ ਉਨ੍ਹਾਂ ਦੇ ਲੜਾਕਿਆਂ ਖ਼ਿਲਾਫ਼ ਮੁਕੱਦਮਾ ਨਾ ਚਲਾਉਣ ਦਾ ਵਾਅਦਾ ਕੀਤਾ ਸੀ ਹਾਲਾਂਕਿ ਪਹਿਲਾਂ ਪੂਤਿਨ ਨੇ ਉਨ੍ਹਾਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਸੀ। ਰੂਸ ਵਿੱਚ ਹਥਿਆਰਬੰਦ ਵਿਦਰੋਹ ਕਰਨ ਦੇ ਦੋਸ਼ ਹੇਠ 20 ਜੇਲ੍ਹ ਦੀ ਸਜ਼ਾ ਦਾ ਪ੍ਰਬੰਧ ਹੈ। ਪਰ ਪ੍ਰਿਗੋਜ਼ਿਨ ਦਾ ਮੁਕੱਦਮੇ ਤੋਂ ਬਚਣਾ ਹੈਰਾਨੀਜਨਕ ਹੈ। ਇਸੇ ਦੌਰਾਨ ਬੇਲਾਰੂਸ ਦੇ ਇੱਕ ਸੁਤੰਤਰ ਸੈਨਿਕ ਨਿਗਾਰਨ ਪ੍ਰਾਜੈਕਟ ਬੇਲਾਰੁਸਕੀ ਹਾਜੁਨ ਨੇ ਕਿਹਾ ਕਿ ਯੇਵਗੇਨੀ ਪ੍ਰਿਗੋਜ਼ਿਨ ਵੱਲੋਂ ਕਥਿਤ ਤੌਰ ਵਰਤਿਆ ਜਾਣ ਇੱਕ ਜੈੱਟ ਜਹਾਜ਼ ਅੱਜ ਸਵੇਰੇ ਰਾਜਧਾਨੀ ਮਿੰਸਕ ਨੇੜੇ ਉੱਤਰਿਆ, ਜਦਕਿ ਵੈਗਨਰ ਮੁਖੀ ਪ੍ਰਿਗੋਜ਼ਿਨ ਦੀ ਮੀਡੀਆ ਟੀਮ ਨੇ ਇਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ।