ਅਧਿਆਪਕਾਂ ਵੱਲੋਂ ਤਨਖ਼ਾਹ ’ਚ ਵਾਧੇ ਦੇ ਫ਼ੈਸਲੇ ਦਾ ਸਵਾਗਤ

ਅਧਿਆਪਕਾਂ ਵੱਲੋਂ ਤਨਖ਼ਾਹ ’ਚ ਵਾਧੇ ਦੇ ਫ਼ੈਸਲੇ ਦਾ ਸਵਾਗਤ

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ 12,700 ਅਧਿਆਪਕਾਂ ਦੀਆਂ ਤਨਖਾਹਾਂ ’ਚ ਵਾਧਾ ਕੀਤੇ ਜਾਣ ’ਤੇ ਅਧਿਆਪਕਾਂ ਦੇ ਇੱਕ ਵਫ਼ਦ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ। ਵਫ਼ਦ ਨੇ ਮੁੱਖ ਮੰਤਰੀ ਵੱਲੋਂ ਹਾਲ ਹੀ ’ਚ ਪੱਕੇ ਕੀਤੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ’ਤੇ ਧੰਨਵਾਦ ਕੀਤਾ।

ਇਸ ਮੌਕੇ ਅਧਿਆਪਕ ਕੁਲਦੀਪ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੇ ਇਸ ਮਿਸਾਲੀ ਫ਼ੈਸਲੇ ਦਾ ਲਾਭ ਪੰਜਾਬ ਦੇ ਕਰੀਬ 12,700 ਅਧਿਆਪਕਾਂ ਨੂੰ ਮਿਲੇਗਾ। ਮਨਿੰਦਰ ਰਾਣਾ ਨੇ ਕਿਹਾ ਕਿ ਉਹ 2006 ਤੋਂ ਇੱਕ ਅਧਿਆਪਕ ਵਜੋਂ ਕੰਮ ਕਰ ਰਿਹਾ ਹੈ। ਪਹਿਲਾਂ ਉਸ ਨੂੰ ਸਿਰਫ਼ 10,000 ਰੁਪਏ ਮਹੀਨਾ ਮਿਲਦਾ ਸੀ, ਜਿਸ ਨਾਲ ਗੁਜ਼ਾਰਾ ਕਰਨਾ ਮੁਸ਼ਕਿਲ ਸੀ ਪਰ ਸਰਕਾਰ ਨੇ ਇਸ ਨੂੰ ਵਧਾ ਕੇ 22,000 ਰੁਪਏ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣਾ ਘਰ ਚਲਾਉਣ ਵਿੱਚ ਸੌਖ ਹੋਵੇਗੀ। ਅਧਿਆਪਕ ਅਜਮੇਰ ਸਿੰਘ ਔਲਖ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਦਾ ਹੱਕ ਨਹੀਂ ਦਿੱਤਾ ਪਰ ਮਾਨ ਸਰਕਾਰ ਨੇ ਪੰਦਰਾਂ ਮਹੀਨਿਆਂ ਵਿੱਚ ਹੀ ਕੀਤਾ ਵਾਅਦਾ ਪੂਰਾ ਕਰ ਦਿੱਤਾ। ਇਸ ਦੇ ਨਾਲ ਹੀ ਕੱਚੇ ਅਧਿਆਪਕ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਬਾਰੇ ਯੂਨੀਅਨ ਆਗੂ ਨਿਸ਼ਾਂਤ ਕਪੂਰਥਲਾ, ਹਰਪ੍ਰੀਤ ਜਲੰਧਰ, ਦੀਪਕ ਅੰਮ੍ਰਿਤਸਰ, ਮਮਤਾ ਜਲੰਧਰ ਤੇ ਰੋਹਿਤ ਪਟਿਆਲਾ ਨੇ ਕਿਹਾ ਕਿ ਅੱਜ 18 ਸਾਲਾਂ ਬਾਅਦ ਕਿਸੇ ਮੁੱਖ ਮੰਤਰੀ ਨੇ ਪੱਕੇ ਕਰ ਕੇ ਕੱਚੇ ਅਧਿਆਪਕਾ ਦੀ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜੋ ਵਾਅਦਾ ਸਾਡੇ ਨਾਲ ਮੁਹਾਲੀ ਧਰਨੇ ਵਿੱਚ ਕੀਤਾ ਸੀ, ਉਹ ਪੂਰਾ ਕੀਤਾ ਹੈ।