ਬੀਐੱਸਐੱਫ ਕੈਂਪਸ ’ਚ ਅਤਿ-ਆਧੁਨਿਕ ਐਸਟਰੋਟਰਫ ਦਾ ਉਦਘਾਟਨ

ਬੀਐੱਸਐੱਫ ਕੈਂਪਸ ’ਚ ਅਤਿ-ਆਧੁਨਿਕ ਐਸਟਰੋਟਰਫ ਦਾ ਉਦਘਾਟਨ

ਐਸਟਰੋਟਰਫ ਭਾਰਤ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ: ਅਨੁਰਾਗ ਠਾਕੁਰ
ਜਲੰਧਰ- ਇੱਥੇ ਅੱਜ ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੀਐੱਸਐੱਫ ਹੈੱਡਕੁਆਰਟਰ ਵਿੱਚ ਇੱਕ ਅਤਿ-ਆਧੁਨਿਕ ਐਸਟਰੋਟਰਫ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਨੇ ਨਵੇਂ ਐਸਟਰੋਟਰਫ ’ਤੇ ਪਹਿਲਾ ਰਸਮੀ ਸ਼ਾਟ ਮਾਰਿਆ।

ਇਸ ਤੋਂ ਬਾਅਦ ਹੋਏ ਦੋਸਤਾਨਾ ਮੈਚ ਵਿੱਚ ਬੀਐੱਸਐੱਫ ਦੇ ਖਿਡਾਰੀਆਂ ਦੇ ਹੁਨਰ ਅਤੇ ਆਪਸੀ ਸਾਂਝ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਹ ਐਸਟਰੋਟਰਫ ਲਗਪਗ ਛੇ ਕਰੋੜ ਰੁਪਏ ਦੀ ਲਾਗਤ ਨਾਲ ਨਿਰਧਾਰਤ ਸਮੇਂ ਤੋਂ ਪਹਿਲਾਂ ਤਿਆਰ ਹੋਇਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਇਹ ਅਤਿ ਆਧੁਨਿਕ ਐਸਟਰੋਟਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਪ੍ਰਤਿਭਾਸ਼ਾਲੀ ਅਥਲੀਟਾਂ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਮੌਕੇ ਪ੍ਰਦਾਨ ਕਰਨ ਲਈ ਵੀ ਵਚਨਬੱਧ ਹੈ। ਇਸ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ, ਅਤੇ ਬੀਐੱਸਐੱਫ ਪੰਜਾਬ ਫਰੰਟੀਅਰਜ਼ ਜਲੰਧਰ ਦੇ ਇੰਸਪੈਕਟਰ ਜਨਰਲ ਅਤੁਲ ਫੁਲਜ਼ਲੇ ਦਾ ਉਨ੍ਹਾਂ ਦੀ ਬੇਮਿਸਾਲ ਅਗਵਾਈ ਅਤੇ ਬੀਐੱਸਐੱਫ ਤੇ ਸਥਾਨਕ ਭਾਈਚਾਰੇ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਟੁੱਟ ਸਹਿਯੋਗ ਦੇਣ ਵਾਸਤੇ ਧੰਨਵਾਦ ਕੀਤਾ।