ਗਿਆਨੀ ਸੁਲਤਾਨ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਦਾ ਅਹੁਦਾ ਸੰਭਾਲਿਆ

ਗਿਆਨੀ ਸੁਲਤਾਨ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਦਾ ਅਹੁਦਾ ਸੰਭਾਲਿਆ

ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਕਰ ਰਹੀ ਹੈ ਸਰਕਾਰ: ਧਾਮੀ
ਸ੍ਰੀ ਆਨੰਦਪੁਰ ਸਾਹਿਬ- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਅੱਜ ਪੰਥਕ ਰਵਾਇਤਾਂ ਅਨੁਸਾਰ ਜਥੇਦਾਰ ਵਜੋਂ ਸੇਵਾ ਸੰਭਾਲ ਲਈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਸੇਵਾ ਸੰਭਾਲ ਸਮਾਗਮ ਮੌਕੇ ਸਕੱਤਰ ਪ੍ਰਤਾਪ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ 16 ਜੂਨ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦਾ ਮਤਾ ਪੜ੍ਹ ਕੇ ਸੁਣਾਇਆ। ਇਸ ਉਪਰੰਤ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਗਿਆਨੀ ਸੁਲਤਾਨ ਸਿੰਘ ਦੇ ਨਾਮ ਦਾ ਐਲਾਨ ਕੀਤਾ ਜਿਸ ਨੂੰ ਪੰਥਕ ਸ਼ਖ਼ਸੀਅਤਾਂ ਅਤੇ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਬਾਬਾ ਮਲੂਕ ਸਿੰਘ, ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ ਆਦਿ ਨੇ ਜਥੇਦਾਰ ਸੁਲਤਾਨ ਸਿੰਘ ਨੂੰ ਦਸਤਾਰਾਂ ਤੇ ਸਿਰੋਪਾਓ ਭੇਟ ਕੀਤੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਮੌਜੂਦਾ ਸਮਾਂ ਚੁਣੌਤੀਆਂ ਭਰਿਆ ਹੈ ਜਦੋਂ ਸਰਕਾਰਾਂ ਸਿੱਖ ਸੰਸਥਾਵਾਂ ਵਿਚ ਘੁਸਪੈਠ ਕਰ ਕੇ ਭਰਾ ਮਾਰੂ ਜੰਗ ਕਰਵਾਉਣ ਦੇ ਰਾਹ ਤੁਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ 103 ਸਾਲਾ ਇਤਿਹਾਸ ਵਿਚ ਪਹਿਲੀ ਵਾਰ ਸਰਕਾਰ ਨੇ ਇਸ ਤਰੀਕੇ ਨਾਲ ਦਖਲਅੰਦਾਜ਼ੀ ਕੀਤੀ ਹੈ ਜਿਸ ਨੂੰ ਖ਼ਾਲਸਾ ਪੰਥ ਕਦੇ ਵੀ ਪ੍ਰਵਾਨ ਨਹੀਂ ਕਰੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਸੰਗਤ ਤੇ ਖ਼ਾਸਕਰ ਨੌਜਵਾਨੀ ਨੂੰ ਗੁਰਮਤਿ ਨਾਲ ਜੋੜਨ ਦਾ ਸਮਾਂ ਹੈ। ਉਨ੍ਹਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤ ਸੰਚਾਰ ਸਮਾਗਮਾਂ ਦੀ ਆਪ ਅਗਵਾਈ ਕਰਦਿਆਂ ਸੰਗਤ ਨੂੰ ਗੁਰੂ ਘਰ ਨਾਲ ਜੋੜਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਉਹ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ।

‘ਮੁੱਖ ਮੰਤਰੀ ਤੁਰੰਤ ਮੁਆਫੀ ਮੰਗਣ’

ਦਮਦਮੀ ਟਕਸਾਲ ਦੇ ਮੁਖੀ ਅਤੇ ਗੁਰਮਤਿ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਕਿ ਕੇਸ ਗੁਰੂ ਦੀ ਮੋਹਰ ਅਤੇ ਸਿੱਖ ਦੀ ਪਛਾਣ ਦਾ ਅਹਿਮ ਹਿੱਸਾ ਹਨ, ਇਸ ਦਾ ਮਾਣ ਸਤਿਕਾਰ ਕਰਨਾ ਹਰ ਸਿੱਖ ਦਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੇਸਾਂ ਦੇ ਮਾਮਲੇ ’ਚ ਕੀਤੀ ਬਿਆਨਬਾਜ਼ੀ ਅਤਿ ਨਿੰਦਣਯੋਗ ਹੈ, ਇਸ ਕਰ ਕੇ ਮੁੱਖ ਮੰਤਰੀ ਨੂੰ ਇਸ ਲਈ ਸਮੁੱਚੇ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਸਿੱਖਾਂ ਦੀਆਂ ਧਾਰਮਿਕ ਪ੍ਰੰਪਰਾਵਾਂ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ। ਉਹ ਤਖ਼ਤ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਸੁਲਤਾਨ ਸਿੰਘ ਦੇ ਸੇਵਾ ਸੰਭਾਲ ਸਮਾਗਮ ’ਚ ਪੁੱਜੇ ਹੋਏ ਸਨ।