ਮਨੀਪੁਰ ਦੀ ਸਥਿਤੀ ’ਤੇ ਮੋਦੀ ਦੀ ਲਗਾਤਾਰ ਨਜ਼ਰ: ਸ਼ਾਹ

ਮਨੀਪੁਰ ਦੀ ਸਥਿਤੀ ’ਤੇ ਮੋਦੀ ਦੀ ਲਗਾਤਾਰ ਨਜ਼ਰ: ਸ਼ਾਹ

ਸਰਬ-ਪਾਰਟੀ ਬੈਠਕ ’ਚ ਵਿਰੋਧੀ ਧਿਰਾਂ ਨੇ ਸੂਬੇ ’ਚ ਸਰਬ-ਪਾਰਟੀ ਵਫ਼ਦ ਭੇਜਣ ਦੀ ਮੰਗ ਕੀਤੀ
ਨਵੀਂ ਦਿੱਲੀ- ਹਿੰਸਾਗ੍ਰਸਤ ਮਨੀਪੁਰ ਦੀ ਮੌਜੂਦਾ ਸਥਿਤੀ ’ਤੇ ਚਰਚਾ ਲਈ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੱਦੀ ਗਈ ਸਰਬ-ਪਾਰਟੀ ਬੈਠਕ ਵਿਚ ਉਨ੍ਹਾਂ ਦੱਸਿਆ ਕਿ ਮਨੀਪੁਰ ਦੀ ਸਥਿਤੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਨਜ਼ਰ ਰੱਖ ਰਹੇ ਹਨ। ਇਸ ਮੀਟਿੰਗ ਵਿੱਚ ਭਾਜਪਾ, ਕਾਂਗਰਸ, ਟੀਐਮਸੀ, ਡੀਐਮਕੇ, ਅੰਨਾ ਡੀਐਮਕੇ, ‘ਆਪ’ ਤੇ ਖੱਬੇ ਪੱਖੀ ਧਿਰਾਂ ਦੇ ਆਗੂਆਂ ਨੇ ਹਿੱਸਾ ਲਿਆ। ਵੇਰਵਿਆਂ ਮੁਤਾਬਕ ਇਸ ਮੌਕੇ 18 ਸਿਆਸੀ ਧਿਰਾਂ, ਉੱਤਰ-ਪੂਰਬ ਦੇ ਚਾਰ ਸੰਸਦ ਮੈਂਬਰ ਤੇ ਇਸੇ ਖੇਤਰ ਦੇ ਦੋ ਰਾਜਾਂ ਦੇ ਮੁੱਖ ਮੰਤਰੀ ਹਾਜ਼ਰ ਸਨ। ਇਸ ਮੌਕੇ ਸੂਬੇ ਦੀ ਸਥਿਤੀ ਉਤੇ ਵਿਸਥਾਰ ਵਿਚ ਚਰਚਾ ਹੋਈ।

ਕਈ ਵਿਰੋਧੀ ਧਿਰਾਂ ਨੇ ਮੰਗ ਕੀਤੀ ਕਿ ਉੱਤਰ-ਪੂਰਬੀ ਸੂਬੇ ਵਿਚ ਇਕ ਸਰਬ-ਪਾਰਟੀ ਵਫ਼ਦ ਭੇਜਿਆ ਜਾਵੇ। ਹਾਲਾਂਕਿ ਸਰਕਾਰ ਨੇ ਇਸ ਬਾਰੇ ਵਚਨਬੱਧਤਾ ਜ਼ਾਹਿਰ ਨਹੀਂ ਕੀਤੀ। ਕਾਂਗਰਸ ਨੇ ਇਸ ਮੌਕੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ, ਜਦਕਿ ‘ਸਪਾ’ ਤੇ ਕੁਝ ਹੋਰਾਂ ਨੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਰੱਖੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੌਕੇ ਹਾਜ਼ਰ ਪਾਰਟੀਆਂ ਦੇ ਆਗੂਆਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਉਤੇ ਸ਼ਾਂਤੀ ਬਹਾਲੀ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਗ੍ਰਹਿ ਮੰਤਰੀ ਨੇ ਸਰਬ-ਪਾਰਟੀ ਬੈਠਕ ’ਚ ਹਾਜ਼ਰ ਆਗੂਆਂ ਨੂੰ ਜਾਣੂ ਕਰਾਇਆ ਕਿ ‘ਹਿੰਸਾ ਸ਼ੁਰੂ ਹੋਣ ਤੋਂ ਬਾਅਦ ਇਕ ਦਿਨ ਵੀ ਅਜਿਹਾ ਨਹੀਂ ਗਿਆ ਜਦ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਮਨੀਪੁਰ ਦੀ ਸਥਿਤੀ ਬਾਰੇ ਨਾ ਦੱਸਿਆ ਹੋਵੇ, ਜਾਂ ਪ੍ਰਧਾਨ ਮੰਤਰੀ ਨੇ ਹਦਾਇਤਾਂ ਨਾ ਦਿੱਤੀਆਂ ਹੋਣ।’ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨੀਪੁਰ ਦੀ ਸਥਿਤੀ ’ਤੇ ਪਹਿਲੇ ਦਿਨ ਤੋਂ ਹੀ ਨਜ਼ਰ ਰੱਖ ਰਹੇ ਹਨ, ਤੇ ਪੂਰੀ ਸੰਵੇਦਨਸ਼ੀਲਤਾ ਨਾਲ ‘ਸਾਨੂੰ ਸੇਧ ਦੇ ਰਹੇ ਹਨ’ ਤਾਂ ਕਿ ਸਮੱਸਿਆ ਦਾ ਹੱਲ ਨਿਕਲ ਸਕੇ। ਸੂਤਰਾਂ ਮੁਤਾਬਕ ਸ਼ਾਹ ਨੇ ਮੀਟਿੰਗ ਵਿਚ ਵਿਰੋਧੀ ਧਿਰ ਨੂੰ ਦੱਸਿਆ ਕਿ ਮਨੀਪੁਰ ਵਿਚ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਹਨ, ਤੇ 13 ਜੂਨ ਤੋਂ ਬਾਅਦ ਇਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਗ੍ਰਹਿ ਮੰਤਰੀ ਨੇ ਸਾਰੀਆਂ ਸਿਆਸੀ ਪਾਰਟੀਆਂ ਦਾ ਸਹਿਯੋਗ ਵੀ ਮੰਗਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੇ ਸ਼ਾਂਤੀ ਬਹਾਲੀ ਲਈ ਸੁਝਾਅ ਦਿੱਤੇ ਹਨ ਤੇ ਕੇਂਦਰ ਸਰਕਾਰ ਇਨ੍ਹਾਂ ਉਤੇ ਖੁੱਲ੍ਹੇ ਮਨ ਨਾਲ ਵਿਚਾਰ ਕਰੇਗੀ। ਸੂਤਰਾਂ ਮੁਤਾਬਕ ਗ੍ਰਹਿ ਮੰਤਰੀ ਨੇ ਬੈਠਕ ਵਿਚ ਕਿਹਾ ਕਿ ਮੋਦੀ ਸਰਕਾਰ ਸਾਰਿਆਂ ਨੂੰ ਨਾਲ ਲੈ ਕੇ ਮਸਲਾ ਹੱਲ ਕਰਨ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਾਨਾਂ ਬਚਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਨੀਪੁਰ ਵਿਚ ਮੈਤੇਈ ਤੇ ਕੁਕੀ ਵਰਗਾਂ ਵਿਚਾਲੇ ਤਿੰਨ ਮਈ ਤੋਂ ਹਿੰਸਾ ਹੋ ਰਹੀ ਹੈ। ਸਰਕਾਰ ਨੇ ਇਸ ਮੌਕੇ ਕਿਹਾ ਕਿ ਮਨੀਪੁਰ ਵਿਚ ਸ਼ਾਂਤੀ ਬਹਾਲੀ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਖ਼ਵੇਂਕਰਨ ਉਤੇ ਸ਼ੁਰੂ ਹੋਈ ਹਿੰਸਾ ’ਚ ਹੁਣ ਤੱਕ 120 ਲੋਕ ਮਾਰੇ ਜਾ ਚੁੱਕੇ ਹਨ ਤੇ ਹਜ਼ਾਰਾਂ ਫੱਟੜ ਹਨ। ਇਸ ਮੀਟਿੰਗ ਵਿਚ ਭਾਜਪਾ ਪ੍ਰਧਾਨ ਜੇਪੀ ਨੱਢਾ, ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ (ਕਾਂਗਰਸ), ਡੈਰੇਕ ਓ’ਬ੍ਰਾਇਨ (ਟੀਐਮਸੀ), ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ, ‘ਆਪ’ ਆਗੂ ਸੰਜੇ ਸਿੰਘ ਤੇ ਹੋਰ ਹਾਜ਼ਰ ਸਨ। ਓ’ਬ੍ਰਾਇਨ ਨੇ ਸੰਸਦ ਕੰਪਲੈਕਸ ਵਿਚ ਚਾਰ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਕਿਹਾ, ‘ਪਟਨਾ ਵਿਚ ਸਾਡੇ ਆਗੂਆਂ ਦੀ ਬੈਠਕ ਹੋਣ ਤੋਂ 24 ਘੰਟੇ ਦੇ ਅੰਦਰ ਵਿਰੋਧੀ ਧਿਰ ਮਨੀਪੁਰ, ਉੱਤਰ-ਪੂਰਬ ਤੇ ਭਾਰਤ ਲਈ ਇਕੋ ਆਵਾਜ਼ ’ਚ ਬੋਲੀ ਹੈ।’ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਇਸ ਮੌਕੇ ਮੰਗ ਰੱਖੀ ਕਿ ਹਫ਼ਤੇ ਦੇ ਅੰਦਰ ਹਿੰਸਾਗ੍ਰਸਤ ਸੂਬੇ ਵਿਚ ਇਕ ਸਰਬ-ਪਾਰਟੀ ਵਫ਼ਦ ਭੇਜਿਆ ਜਾਵੇ। ਟੀਐਮਸੀ ਨੇ ਇਸ ਮੌਕੇ ਸਥਿਤੀ ਨਾਲ ਨਜਿੱਠਣ ’ਚ ਸਰਕਾਰ ਦੇ ਕਦਮਾਂ ’ਤੇ ਵੀ ਸਵਾਲ ਉਠਾਏ। ਤ੍ਰਿਣਮੂਲ ਕਾਂਗਰਸ ਨੇ ਸਵਾਲ ਕੀਤਾ ਕਿ ‘ਕੀ ਸਰਕਾਰ ਮਨੀਪੁਰ ਨੂੰ ਕਸ਼ਮੀਰ ਬਣਾਉਣ ਦਾ ਯਤਨ ਕਰ ਰਹੀ ਹੈ?’ ਇਬੋਬੀ ਸਿੰਘ ਨੇ ਮਗਰੋਂ ਮੀਡੀਆ ਨੂੰ ਕਿਹਾ ਕਿ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੀ ਵਰਤਮਾਨ ਸਰਕਾਰ ਦੇ ਸ਼ਾਸਨ ਵਿਚ ਸ਼ਾਂਤੀ ਸੰਭਵ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ ਸਰਬ-ਪਾਰਟੀ ਵਫਦ ਨੂੰ ਮਨੀਪੁਰ ਭੇਜਣ ਦੀ ਮੰਗ ਰੱਖੀ ਹੈ ਤੇ ਆਸ ਹੈ ਕਿ ਪ੍ਰਧਾਨ ਮੰਤਰੀ ਵੀ ਵਿਦੇਸ਼ ਤੋਂ ਪਰਤਣ ਮਗਰੋਂ ਇਸੇ ਤਰ੍ਹਾਂ ਦੀ ਮੀਟਿੰਗ ਕਰਨਗੇ। ਕਾਂਗਰਸ ਦੇ ਬੁਲਾਰੇ ਜੈਰਾਮ ਰਮੇਸ਼ ਨੇ ਮਗਰੋਂ ਕਿਹਾ ਕਿ ਮਨੀਪੁਰ ਦੀ ਏਕਤਾ ਤੇ ਖੇਤਰੀ ਅਖੰਡਤਾ ਨਾਲ ਕਿਸੇ ਵੀ ਪੱਧਰ ਉਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰ ਵਰਗ ਦੀ ਸਮੱਸਿਆ ਸੁਣੀ ਜਾਣੀ ਚਾਹੀਦੀ ਹੈ ਤੇ ਸੰਵੇਦਨਸ਼ੀਲਤਾ ਨਾਲ ਹੱਲ ਕੱਢਣਾ ਚਾਹੀਦਾ ਹੈ। ਆਰਜੇਡੀ ਸੰਸਦ ਮੈਂਬਰ ਮਨੋਜ ਝਾਅ ਨੇ ਕਿਹਾ ਕਿ ਸਾਰੀ ਵਿਰੋਧੀ ਧਿਰ ਨੇ ਇਕਸੁਰ ਵਿਚ ਕਿਹਾ ਕਿ ਲੋਕਾਂ ਦਾ ਰਾਜ ਸਰਕਾਰ ਦੀ ਅਗਵਾਈ ਕਰ ਰਹੇ ਵਿਅਕਤੀ ਵਿਚ ਕੋਈ ਭਰੋਸਾ ਨਹੀਂ ਰਿਹਾ ਤੇ ‘ਜੇ ਇਹ ਵਿਅਕਤੀ ਮੁਖੀ ਬਣਿਆ ਰਹਿੰਦਾ ਹੈ ਤਾਂ ਸ਼ਾਂਤੀ ਨਹੀਂ ਆ ਸਕਦੀ।’ ਭਾਜਪਾ ਦੇ ਤਰਜਮਾਨ ਸੰਬਿਤ ਪਾਤਰਾ ਨੇ ਮਗਰੋਂ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਨੇ ਆਪਣੇ ਵਿਚਾਰ ‘ਸੰਵੇਦਨਸ਼ੀਲ ਢੰਗ ਨਾਲ ਸਿਆਸੀ ਵਖ਼ਰੇਵਿਆਂ ਤੋਂ ਉਪਰ ਉੱਠ ਕੇ ਰੱਖੇ ਹਨ।’ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਮਨੀਪੁਰ ਦੇ ਸੰਕਟ ਦੀਆਂ ਜੜ੍ਹਾਂ ਕਈ ਇਤਿਹਾਸਕ ਪੱਖਾਂ ਨਾਲ ਜੁੜੀਆਂ ਹਨ ਜਿਸ ਕਾਰਨ ਇਹ ਸਾਰੀ ਸਮੱਸਿਆ ਖੜ੍ਹੀ ਹੋਈ ਹੈ। ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਤੇ ਇਕ-ਦੋ ਹੋਰਾਂ ਨੇ ਮਨੀਪੁਰ ਵਿਚ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ।