ਪੰਜਾਬ ਦੇ ਵਿਕਾਸ ’ਚ ਅੜਿੱਕੇ ਪਾ ਰਿਹੈ ਕੇਂਦਰ: ਹਰਜੋਤ ਬੈਂਸ

ਪੰਜਾਬ ਦੇ ਵਿਕਾਸ ’ਚ ਅੜਿੱਕੇ ਪਾ ਰਿਹੈ ਕੇਂਦਰ: ਹਰਜੋਤ ਬੈਂਸ

ਸ੍ਰੀ ਆਨੰਦਪੁਰ ਸਾਹਿਬ- ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਦੀ ਰਫਤਾਰ ਵਿੱਚ ਲਗਾਤਾਰ ਅੜਿੱਕੇ ਪਾ ਰਹੀ ਹੈ। ਪੰਜਾਬ ਵਿੱਚ ਹੋ ਰਹੀ ਰਿਕਾਰਡ ਤਰੱਕੀ ਅਤੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਤੋਂ ਬੁਖਲਾਹਟ ’ਚ ਆ ਕੇ ਕੇਂਦਰ ਨੇ ਪੇਂਡੂ ਵਿਕਾਸ ਫੰਡ ਅਤੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦਾ ਕਰੋੜਾਂ ਰੁਪਇਆ ਰੋਕ ਲਿਆ ਹੈ। ਬੀਬੀਐੱਮਬੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਵਿਕਾਸ ਕਾਰਜ ਰੋਕਣ ਲਈ ਐੱਨਓਸੀ ਜਾਰੀ ਕਰਨ ਵਿੱਚ ਅੜਿੱਕੇ ਲਗਾਏ ਜਾ ਰਹੇ ਹਨ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਵੇਗੀ।

ਲੋਦੀਪੁਰ ਵਿੱਚ ਆਪਣੇ ਵਿਸ਼ੇਸ਼ ਪ੍ਰੋਗਰਾਮ ‘ਸਾਡਾ ਐੱਮਐੱਲਏ ਸਾਡੇ ਵਿੱਚ’ ਤਹਿਤ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਲਈ ਯੋਜਨਾਵਾਂ ਲੋਕਾਂ ਦੀ ਰਾਏ ਨਾਲ ਤਿਆਰ ਹੋਣਗੀਆਂ। ਬੈਂਸ ਨੇ ਕਿਹਾ ਕਿ 67 ਪਿੰਡਾਂ ਦੀ ਜਲ ਸਪਲਾਈ ਯੋਜਨਾ ਅਤੇ ਡੂੰਘੇ ਟਿਊਬਵੈਲ ਲਗਾ ਕੇ ਹਰ ਘਰ ਤੱਕ ਪਾਣੀ ਪਹੁੰਚਾਉਣ ਦੀ ਮੁਹਿੰਮ ਕਾਰਗਰ ਸਿੱਧ ਹੋ ਰਹੀ ਹੈ। ਕਈ ਪਿੰਡਾਂ ਵਿੱਚ ਜਲ ਸਪਲਾਈ ਦਾ ਕੰਮ ਚੱਲ ਰਿਹਾ ਹੈ, ਕੁੱਝ ਪਿੰਡਾਂ ਵਿੱਚ ਇਸ ਦੀ ਸ਼ੁਰੂਆਤ ਜਲਦੀ ਜਾਵੇਗੀ ਅਤੇ ਕਈ ਪਿੰਡਾਂ ਨੂੰ ਜਲ ਸਪਲਾਈ ਚਾਲੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੁਧਾਰ ਦੀ ਦਿਸ਼ਾ ਵਿੱਚ ਵੀ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ।