ਠੱਗੀ ਦੇ ਦੋਸ਼ ਹੇਠ ਸਾਬਕਾ ਵਿਧਾਇਕ ਕੋਟਭਾਈ ਸਣੇ ਛੇ ਖ਼ਿਲਾਫ਼ ਕੇਸ

ਠੱਗੀ ਦੇ ਦੋਸ਼ ਹੇਠ ਸਾਬਕਾ ਵਿਧਾਇਕ ਕੋਟਭਾਈ ਸਣੇ ਛੇ ਖ਼ਿਲਾਫ਼ ਕੇਸ

ਲੁਧਿਆਣਾ- ਪਰਲਜ਼ ਚਿੱਟ ਫੰਡ ਘੁਟਾਲੇ ’ਚ ਮੁੱਖ ਮੁਲਜ਼ਮ ਨਿਰਮਲ ਸਿੰਘ ਭੰਗੂ ਨੂੰ ਜ਼ਮਾਨਤ ’ਤੇ ਬਾਹਰ ਲਿਆਉਣ ਤੋਂ ਬਾਅਦ ਕੇਸ ਖਾਰਜ ਕਰਵਾਉਣ ਬਦਲੇ ਸਾਢੇ ਤਿੰਨ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਕੋਟਭਾਈ ਤੋਂ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਸਣੇ ਛੇ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਮਾਮਲਾ ਨਿਰਮਲ ਸਿੰਘ ਭੰਗੂ ਦੇ ਨਜ਼ਦੀਕੀ ਰਿਸ਼ਤੇਦਾਰ ਸ਼ਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਜਿਸ ਵਿਚ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਜੀਵਨ ਸਿੰਘ ਵਾਸੀ ਗਿੱਦੜਬਾਹਾ, ਦਲੀਪ ਕੁਮਾਰ ਤ੍ਰਿਪਾਠੀ ਵਾਸੀ ਕਾਨਪੁਰ ਰੋਡ, ਲਖਨਊ, ਸੰਜੈ ਸ਼ਰਮਾ ਫਰੀਦਾਬਾਦ ਹਰਿਆਣਾ, ਸਈਅਦ ਪਰਵੇਜ਼ ਵਾਸੀ ਲਖਨਊ ਤੇ ਗਿੱਦੜਬਾਹਾ ਦੇ ਧਰਮਵੀਰ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਜੀਵਨ ਸਿੰਘ, ਧਰਮਵੀਰ ਤੇ ਦਲੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਮੁਲਜ਼ਮ ਹਾਲੇ ਫ਼ਰਾਰ ਹਨ। ਸ਼ਿਕਾਇਤ ਅਨੁਸਾਰ ਨਿਰਮਲ ਸਿੰਘ ਭੰਗੂ ਪਰਲਜ਼ ਚਿੱਟ ਐਂਡ ਫੰਡ ਘੁਟਾਲੇ ਤਹਿਤ ਤਿਹਾੜ ਜੇਲ੍ਹ ’ਚ ਬੰਦ ਹੈ। ਉਹ ਕਾਫ਼ੀ ਸਮੇਂ ਤੋਂ ਜ਼ਮਾਨਤ ਲੈਣ ਲਈ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਜ਼ਮਾਨਤ ਨਹੀਂ ਮਿਲੀ। ਨਿਰਮਲ ਸਿੰਘ ਕਿਸੇ ਮਾਮਲੇ ’ਚ ਬਠਿੰਡਾ ਜੇਲ੍ਹ ’ਚ ਵੀ ਬੰਦ ਰਿਹਾ ਜਿੱਥੇ ਜੁਲਾਈ 2020 ਵਿੱਚ ਉਸ ਦੀ ਮੁਲਾਕਾਤ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨਾਲ ਹੋਈ ਜਿਸ ਨੇ ਨਿਰਮਲ ਸਿੰਘ ਨੂੰ ਬਾਹਰ ਕੱਢਣ ਦਾ ਝਾਂਸਾ ਦਿੰਦਿਆਂ ਕਿਹਾ ਕਿ ਉਸ ਦੇ ਉਚ ਅਧਿਕਾਰੀਆਂ ਨਾਲ ਚੰਗੇ ਸਬੰਧ ਹਨ ਤੇ ਉਹ ਉਸ ਦੀ ਜ਼ਮਾਨਤ ਕਰਵਾ ਸਕਦਾ ਹੈ ਤੇ ਬਾਅਦ ’ਚ ਮਾਮਲਾ ਰੱਦ ਕਰਵਾ ਦੇਵੇਗਾ ਜਿਸ ਲਈ ਪੰਜ ਕਰੋੜ ਰੁਪਏ ਲੱਗਣਗੇ। ਨਿਰਮਲ ਸਿੰਘ ਨੇ ਆਪਣੇ ਰਿਸ਼ਤੇਦਾਰ ਸ਼ਿੰਦਰ ਸਿੰਘ ਨੂੰ ਸਾਢੇ 3 ਕਰੋੜ ਰੁਪਏ ਪਹਿਲਾਂ ਤੇ ਡੇਢ ਕਰੋੜ ਰੁਪਏ ਕੰਮ ਹੋਣ ’ਤੇ ਦੇਣ ਲਈ ਕਿਹਾ। ਇਸ ਤੋਂ ਬਾਅਦ ਸ਼ਿੰਦਰ ਨੇ ਸ਼ਹਿਰ ਦੇ ਇੱਕ ਵਿਅਕਤੀ ਤੋਂ ਸਾਢੇ ਤਿੰਨ ਕਰੋੜ ਰੁਪਏ ਵਿਆਜ ’ਤੇ ਚੁੱਕ ਲਏ। ਸਾਬਕਾ ਵਿਧਾਇਕ ਦੇ ਇੱਕ ਸਾਥੀ ਨੇ ਵੱਖ-ਵੱਖ ਖਾਤਿਆਂ ’ਚ ਪੈਸੇ ਪਾਉਣ ਲਈ ਆਖਿਆ। ਇਸ ਮਗਰੋਂ ਸ਼ਿੰਦਰ ਨੇ ਕਰੀਬ ਸਾਢੇ ਤਿੰਨ ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਜਿਨ੍ਹਾਂ ਕੰਪਨੀਆਂ ’ਚ ਪੈਸੇ ਟਰਾਂਸਫਰ ਕਰਵਾਏ ਸਨ, ਉਹ ਫਰਜ਼ੀ ਹਨ। ਇਸ ਤੋਂ ਬਾਅਦ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ।