ਗ਼ਦਾਰਾਂ ਕਰਕੇ ਦੇਸ਼ ਹੋਇਆ ਸੀ ਗ਼ੁਲਾਮ

ਗ਼ਦਾਰਾਂ ਕਰਕੇ ਦੇਸ਼ ਹੋਇਆ ਸੀ ਗ਼ੁਲਾਮ

-ਪਿਰਥੀਪਾਲ ਸਿੰਘ ਮਾੜੀਮੇਘਾ

ਪੱਛਮੀ ਬੰਗਾਲ ਵਿਚ ਪਲਾਸੀ ਦਾ ਯੁੱਧ ਅੰਗਰੇਜ਼ਾਂ ਨਾਲ 23 ਜੂਨ 1757 ਨੂੰ ਹੋਇਆ ਸੀ। ਇਸ ਲੜਾਈ ਵਿਚ ਅੰਗਰੇਜ਼ਾਂ ਨੇ ਫਰਾਂਸੀਸੀ ਅਤੇ ਮੁਗ਼ਲਾਂ ਤੋਂ ਹਿੰਦੁਸਤਾਨ ਖੋਹਣ ਦੀ ਨੀਂਹ ਰੱਖੀ ਤੇ ਬੰਗਾਲ ਵਿਚ ਪੈਰ ਪਸਾਰ ਲਏ। ਇਸ ਜੰਗ ਦੀ ਵਜ੍ਹਾ ਬਣੀ ਸੀ ਮੁਗ਼ਲਾਂ ਦਾ ਅੰਦਰੂਨੀ ਕਲੇਸ਼। ਅੰਗਰੇਜ਼ਾਂ ਨੇ ਮੌਕਾ ਤਾੜ ਕੇ ਇਕ ਬਾਗ਼ੀ ਮੁਗ਼ਲ ਬਾਦਸ਼ਾਹ ਦੀ ਮਦਦ ਕੀਤੀ ਤੇ ਬੰਗਾਲ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਸੋਲ੍ਹਵੀਂ ਸਦੀ ਵਿਚ ਅਮਰੀਕਾ ਤੇ ਯੂਰਪੀ ਕੰਪਨੀਆਂ ਕੋਲ ਹਿੰਦੁਸਤਾਨ ਦੇ ਕੁਝ ਇਲਾਕੇ ਤੇ ਗੁਦਾਮ ਹੀ ਸਨ। ਅਠਾਰਵੀਂ ਸਦੀ ਵਿਚ ਅਮਰੀਕਾ ਤੇ ਯੂਰਪੀ ਕੰਪਨੀਆਂ ਨੇ ਭਾਰਤ ਦੇ ਰਾਜਾਂ ਨੂੰ ਆਪਣੇ ਅਧੀਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਸਥਿਤੀ ਵਿਚ ਸਿੱਖਾਂ ਨੇ ਵੀ ਆਪਣਾ ਰਾਜ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਤੇ ਮੁਗ਼ਲਾਂ ਨਾਲ ਜ਼ਿੰਦਗੀ-ਮੌਤ ਦੀਆਂ ਲੜਾਈਆਂ ਲੜੀਆਂ। ਇਨ੍ਹਾਂ ਸੰਘਰਸ਼ਾਂ ਵਿਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਸਾਰਾ ਪਰਿਵਾਰ ਦੇਸ਼-ਕੌਮ ਖ਼ਾਤਰ ਵਾਰਨਾ ਪਿਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਅਣਗਿਣਤ ਸਿੰਘਾਂ-ਸਿੰਘਣੀਆਂ ਨੂੰ ਸ਼ਹੀਦੀਆਂ ਪ੍ਰਾਪਤ ਕਰਨੀਆਂ ਪਈਆਂ ਸਨ।
ਬੰਗਾਲ ਦੇ ਹਾਲਾਤ ਵਿਗੜਨ ਦਾ ਮੁੱਖ ਕਾਰਨ ਬਣਿਆ ਸੀ ਔਰੰਗਜ਼ੇਬ ਦੀ ਕੱਟੜ ਤੇ ਜ਼ਾਲਮ ਨੀਤੀ।

ਔਰੰਗਜ਼ੇਬ ਵੱਲੋਂ ਥਾਪੇ ਗਵਰਨਰ ਮੁਰਸ਼ਦ ਕੁੱਲੀ ਖ਼ਾਨ ਨੇ ਦਿੱਲੀ ਹਕੂਮਤ ਦੇ ਬਣਾਏ ਗਵਰਨਰ ਨੂੰ ਬੰਗਾਲ ’ਚੋਂ ਕੱਢ ਦਿੱਤਾ ਤੇ ਆਪ ਖਾਸਮ-ਖਾਸ ਬਣ ਗਿਆ। ਕੁੱਲੀ ਖ਼ਾਨ ਨੇ ਦਿੱਲੀ ਨੂੰ ਟੈਕਸ ਦੇਣੇ ਬੰਦ ਕਰ ਦਿੱਤੇ ਤੇ ਮੁਰਸ਼ਦਾਬਾਦ ਨਵੀਂ ਰਾਜਧਾਨੀ ਬਣਾ ਲਈ। ਕੁੱਲੀ ਖ਼ਾਨ ਨੇ ਅੱਗੇ ਵਧਦਿਆਂ ਬਿਹਾਰ ਤੇ ਉੜੀਸਾ ’ਤੇ ਵੀ ਕਬਜ਼ਾ ਕਰ ਲਿਆ। ਦਿੱਲੀ ਹੱਥੋਂ 1769 ਵਿਚ ਅਵਧ ਵੀ ਨਿਕਲ ਕੇ ਆਜ਼ਾਦ ਰਾਜ ਬਣ ਗਿਆ ਜਿਸ ਦੀ ਰਾਜਧਾਨੀ ਲਖਨਊ ਬਣੀ। ਕੁੱਲੀ ਖ਼ਾਨ ਉੱਤਰ ਵੱਲ ਵਧ ਰਿਹਾ ਸੀ ਤੇ ਉਸ ਨੂੰ ਮਰਹੱਟਿਆਂ ਨੇ ਰੋਕਿਆ ਕਿਉਂਕਿ ਉਹ ਵੀ ਦਿੱਲੀ ਤਖਤ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਅਖ਼ੀਰ ਮਰਹੱਟੇ ਕਾਮਯਾਬ ਹੋ ਗਏ। ਮਰਹੱਟੇ ਆਪਣਾ ਰਾਜ ਪਸਾਰਨ ਲਈ ਅੱਗੇ ਵਧ ਰਹੇ ਸਨ ਤੇ ਪਿੱਛੋਂ ਮੁਗ਼ਲ ਮੁਹੰਮਦ ਸ਼ਾਹ ਤੇ ਈਰਾਨੀ ਮੁਗ਼ਲਾਂ ਵਿਚ ਦਿੱਲੀ ਨੂੰ ਫਤਿਹ ਕਰਨ ਲਈ ਪਾਨੀਪਤ ਵਿਖੇ ਯੁੱਧ ਹੋ ਗਿਆ। ਦੋਹਾਂ ਦੇ ਸਮਝੌਤੇ ਤਹਿਤ ਮੁਹੰਮਦ ਸ਼ਾਹ ਵਾਪਸ ਮੁੜ ਗਿਆ ਤੇ ਇਰਾਨੀ ਬਾਦਸ਼ਾਹ ਨਾਦਰ ਦਿੱਲੀ ਪਹੁੰਚ ਗਿਆ। ਉਸ ਨੇ ਦਿੱਲੀ ਵਿਚ ਵੜ ਕੇ ਲੱਖਾਂ ਲੋਕਾਂ ਦੇ ਆਹੂ ਲਾਹੇ ਤੇ ਲੁੱਟ-ਖੋਹ ਕੀਤੀ। ਮਰਨ ਵਾਲਿਆਂ ਵਿਚ ਵਧੇਰੇ ਹਿੰਦੂ ਸਨ। ਦਿੱਲੀ ਵਾਸੀ ਦਿੱਲੀ ਛੱਡ ਕੇ ਲਾਗਲੇ ਸ਼ਹਿਰਾਂ ਵਿਚ ਜਾ ਵਸੇ। ਨਾਦਰ ਲੁੱਟ ਮਾਰ ਕਰ ਕੇ ਵਾਪਸ ਚਲਾ ਗਿਆ ਤੇ ਦਿੱਲੀ ਲੁਟੇਰਿਆਂ ਨੇ ਸਾਂਭ ਲਈ। ਨਾਦਰ ਨੇ ਸੋਨੇ ਦੀ ਚਿੜੀ ਭਾਰਤ ਨੂੰ ਲੁੱਟਣ ਵਾਸਤੇ ਪੰਜ ਵਾਰ ਹਮਲੇ ਕੀਤੇ। ਲੋਕਾਂ ਨੂੰ ਲੁੱਟਿਆ, ਮਾਰਿਆ ਤੇ ਧੀਆਂ-ਭੈਣਾਂ ਦੀ ਬੇਪਤੀ ਕੀਤੀ। ਨਾਦਰ ਦੇ ਇਨ੍ਹਾਂ ਹਮਲਿਆਂ ਦਾ ਸਿਰਫ਼ ਸਿੱਖਾਂ ਨੇ ਵਿਰੋਧ ਕੀਤਾ ਅਤੇ ਨਾਦਰ ਦਾ ਮਾਲ ਵੀ ਖੋਹਿਆ ਤੇ ਗ਼ੁਲਾਮ ਬਣਾਈਆਂ ਔਰਤਾਂ ਨੂੰ ਛੁਡਵਾਇਆ। ਪਾਨੀਪਤ ਦੇ ਸਮਝੌਤੇ ਤੋਂ ਬਾਅਦ ਜਦੋਂ ਮੁਹੰਮਦ ਸ਼ਾਹ ਵਾਪਸ ਚਲਾ ਗਿਆ ਤਾਂ ਸਿੱਖਾਂ ਨੇ ਇਕਦਮ ਈਰਾਨੀ ਤੇ ਅਫ਼ਗਾਨ ਫ਼ੌਜਾਂ ਨੂੰ ਹਿੰਦੁਸਤਾਨ ਵਿੱਚੋਂ ਕੱਢਣਾ ਸ਼ੁਰੂ ਕਰ ਦਿੱਤਾ ਤੇ ਛੇਤੀ ਹੀ ਇਕ ਸਤੰਤਰ ਰਾਜ ‘ਸਰਹਿੰਦ’ ਕਾਇਮ ਕਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਦੁਨੀਆ ਵਿਚ ਇਹ ਸਿੱਖਾਂ ਭਾਵ ਕਿਰਤੀ ਕਿਸਾਨਾਂ ਦਾ ਪਹਿਲਾ ਰਾਜ ਕਾਇਮ ਕੀਤਾ ਸੀ। ਹੈਦਰਾਬਾਦ ਇਲਾਕੇ ਵਿਚ ਮੁਗ਼ਲ ਸਲਤਨਤ ਨੇ ਫ਼ਸਲਾਂ ਦੇ ਮਾਮਲੇ ਵਧਾ ਦਿੱਤੇ ਤੇ ਮਰਹੱਟੇ ਕਿਸਾਨਾਂ ਦੇ ਨਾਲ ਹੋ ਗਏ ਤੇ ਸੰਘਰਸ਼ ਛਿੜ ਪਿਆ। ਬਾਦਸ਼ਾਹ ਨੇ ਜ਼ਮੀਨ ਮੁੜ ਵੰਡਣ ਦਾ ਹੁਕਮ ਦੇ ਦਿੱਤਾ।
ਨਿਯਮ ਇਹ ਬਣਾਇਆ ਕਿ ਜਿਹੜਾ ਕਿਸਾਨ ਜ਼ਿਆਦਾ ਲਗਾਨ ਦੇਵੇਗਾ ਉਸ ਨੂੰ ਵੱਧ ਜ਼ਮੀਨ ਦਿੱਤੀ ਜਾਵੇਗੀ ਤੇ ਜਿਹੜਾ ਨਹੀਂ ਦੇ ਸਕੇਗਾ ਉਸ ਤੋਂ ਜ਼ਮੀਨ ਖੋਹ ਲਈ ਜਾਵੇਗੀ। ਜ਼ਮੀਨ ਵੰਡਣ ਵਿਚ ਹੇਰਾਫੇਰੀ ਦੌਰਾਨ ਭਾਈਚਾਰੇ ਦੇ ਮੁਖੀ ਤੇ ਪਟਵਾਰੀ ਵੀ ਲੈਂਡਲਾਰਡ ਬਣ ਗਏ। ਦੂਜੇ ਪਾਸੇ ਅਮਰੀਕਾ ਤੇ ਯੂਰਪ ਦੀਆਂ ਕੰਪਨੀਆਂ ਦਾ ਵਪਾਰ ਦਾਅ-ਪੇਚ ਵਾਲਾ ਸੀ ਜਿਸ ਦੀ ਸਮਝ ਮੁਗ਼ਲ ਹਾਕਮਾਂ ਨੂੰ ਨਾ ਆਈ। ਮੁਗ਼ਲ ਇਨ੍ਹਾਂ ਕੰਪਨੀਆਂ ਦੇ ਮੁਥਾਜ ਬਣ ਗਏ। ਇਹ ਕੰਪਨੀਆਂ ਸ਼ਰਤਾਂ ਤਹਿਤ ਹਿੰਦੁਸਤਾਨ ਅੰਦਰ ਘੁਸਪੈਠ ਕਰਦੀਆਂ ਗਈਆਂ। ਇਸ ਹਾਲਾਤ ਵਿਚ ਈਸਟ ਇੰਡੀਆ ਕੰਪਨੀ ਨੂੰ ਬਰਤਾਨਵੀ ਹਕੂਮਤ ਨੇ ਵੱਧ ਅਧਿਕਾਰ ਦੇ ਦਿੱਤੇ। ਕੰਪਨੀ ਨੇ ਮੁਗ਼ਲਾਂ ਨੂੰ ਆਪਸ ਵਿਚ ਲੜਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਇਕ ਚਾਲ ਚੱਲੀ ਤੇ ਕੰਪਨੀਆਂ ਨੂੰ ਆਪਸ ਵਿਚ ਲੜਾਉਣ ਦੀ ਮਨਸ਼ਾ ਨਾਲ ਈਸਟ ਇੰਡੀਆ ਕੰਪਨੀ ਨੂੰ ਹਿੰਦੁਸਤਾਨ ਵਿਚ ਵਪਾਰ ਕਰਨ ਦੇ ਵਧੇਰੇ ਅਧਿਕਾਰ ਦੇ ਦਿੱਤੇ। ਈਸਟ ਇੰਡੀਆ ਕੰਪਨੀ ਨੇ ਬੜੀ ਚਲਾਕੀ ਨਾਲ ਸਾਗਰ ਤਟ ਦੇ ਨਾਲ-ਨਾਲ ਆਪਣੇ-ਆਪ ਨੂੰ ਮਜ਼ਬੂਤ ਕਰ ਲਿਆ। ਔਰੰਗਜ਼ੇਬ ਨੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਇਆ। ਈਸਟ ਇੰਡੀਆ ਕੰਪਨੀ ਅਠਾਰਵੀਂ ਸਦੀ ਵਿਚ ਯੂਰਪ ਦੀਆਂ ਕੰਪਨੀਆਂ ਨਾਲੋਂ ਵਪਾਰ ਵਿਚ ਵਧੇਰੇ ਅਮੀਰ ਹੋ ਗਈ। ਕੰਪਨੀ ਨੇ ਇਜਾਜ਼ਤ ਤੋਂ ਬਿਨਾਂ ਇਕ ਬੰਦਰਗਾਹ ਉਸਾਰ ਲਈ ਤੇ ਕਲਕੱਤੇ ਵਿਚ ਦਰਿਆ ਹੁਗਲੀ ਦੇ ਕੰਢੇ ’ਤੇ ਇਕ ਕਿਲ੍ਹਾ ਉਸਾਰ ਲਿਆ। ਇਸ ਕਿਲ੍ਹੇ ਦਾ ਨਾਮ ਇੰਗਲੈਂਡ ਦੇ ਬਾਦਸ਼ਾਹ ਵਿਲੀਅਮ ਤੀਜੇ ਦੇ ਨਾਂ ’ਤੇ ਫੋਰਟ ਵਿਲੀਅਮ ਰੱਖਿਆ। ਮੁਗ਼ਲ ਹਾਕਮ ਫ਼ਰੁਖ਼ਸੀਅਰ ਨੇ ਅੰਗਰੇਜ਼ਾਂ ਨੂੰ 38 ਪਿੰਡਾਂ ਦੀ ਸਰਦਾਰੀ ਸੌਂਪ ਦਿੱਤੀ ਤੇ ਕੰਪਨੀ ਤੋਂ ਲਏ ਜਾਂਦੇ ਸਾਰੇ ਟੈਕਸ ਵੀ ਬੰਦ ਕਰ ਦਿੱਤੇ। ਨਾਲ ਹੀ ਸਮੁੰਦਰ ਦੇ ਸਟੇਸ਼ਨ ਤੋਂ ਸਾਰਾ ਮਾਲ ਇੰਗਲੈਂਡ ਨੂੰ ਲਿਜਾਣ ਦੀ ਇਜਾਜ਼ਤ ਦੇ ਦਿੱਤੀ। ਇਨ੍ਹਾਂ ਛੋਟਾਂ ਨਾਲ ਅੰਗਰੇਜ਼ੀ ਕੰਪਨੀ ਦਾ ਮੁਨਾਫ਼ਾ ਇੰਨਾ ਜ਼ਿਆਦਾ ਵਧ ਗਿਆ ਕਿ ਜੋ 1717 ਵਿਚ 278600 ਪੌਂਡ ਸੀ, ਉਹ ਵਧ ਕੇ 1779 ਵਿਚ 364000 ਪੌਂਡ ਹੋ ਗਿਆ। ਜਦਕਿ ਉਸ ਵਕਤ ਕੰਪਨੀ ਦਾ ਵਪਾਰ ਹਾਲੇ ਇਕੱਲੇ ਬੰਗਾਲ ਵਿਚ ਹੀ ਚੱਲਦਾ ਸੀ। ਬੰਗਾਲ ’ਚੋਂ ਕੰਪਨੀ ਸੂਤ, ਰੇਸ਼ਮੀ ਕੱਪੜਾ, ਰੇਸ਼ਮੀ ਸੂਤ, ਛੋਰਾ, ਖੰਡ, ਅਫੀਮ, ਨੀਲ, ਘਿਉ, ਬਨਸਪਤੀ ਤੇਲ ਅਤੇ ਚੌਲ ਖ਼ਰੀਦਦੀ ਸੀ। ਕੰਪਨੀ ਕੋਲ ਇੰਨੀ ਜ਼ਿਆਦਾ ਦੌਲਤ ਹੋ ਗਈ ਸੀ ਕਿ ਉਹ ਖੜ੍ਹੀਆਂ ਫ਼ਸਲਾਂ ਖ਼ਰੀਦਣ ਲੱਗ ਪਈ।

ਕਿਸਾਨ ਕੁੱਲੀ ਖ਼ਾਨ ਨੂੰ ਮਾਮਲਾ ਤਾਰਨੋਂ ਕੰਨੀ ਕਤਰਾਉਣ ਲੱਗ ਪਏ। ਇਸ ਹਾਲਤ ਵਿਚ ਕੁੱਲੀ ਖ਼ਾਨ ਨੂੰ ਆਪਣਾ ਰਾਜ ਚਲਾਉਣ ਲਈ ਕਈ ਵਾਰ ਆਪਣੇ ਖ਼ਜ਼ਾਨਾ ਮੰਤਰੀ ਤੋਂ ਪੈਸਾ ਲੈਣਾ ਪਿਆ। ਮੰਤਰੀ ਨੂੰ ਟਕਸਾਲ ਘੜਨ ਦੇ ਅਧਿਕਾਰ ਦੇ ਦਿੱਤੇ ਗਏ। ਅੰਤ ਉਹ ਮੰਤਰੀ ਬੇਈਮਾਨ ਹੋ ਗਿਆ ਤੇ ਅੰਗਰੇਜ਼ਾਂ ਨਾਲ ਰਲ ਗਿਆ। ਸੰਨ 1759 ਵਿਚ ਬੰਗਾਲ ਵਿਚ ਉੱਤਰ-ਅਧਿਕਾਰਤਾ ਦਾ ਯੁੱਧ ਛਿੜ ਪਿਆ ਤੇ ਸਿਰਾਜ-ਉ-ਦੌਲਾ ਨਵਾਬ ਬਣ ਗਿਆ ਤੇ ਅੰਗਰੇਜ਼ਾਂ ਤੋਂ ਮਦਦ ਲੈਣ ਲਈ ਉਨ੍ਹਾਂ ਦੇ ਦੁਆਰ ਚਲੇ ਗਿਆ। ਅੰਗਰੇਜ਼ਾਂ ਨੇ ਨਾਂਹ ਕਰ ਦਿੱਤੀ। ਫਿਰ ਉਸ ਨੇ ਆਪਣੀ ਫ਼ੌਜ ਤਿਆਰ ਕਰ ਕੇ ਕਾਸਮ ਬਾਜ਼ਾਰ ਤੇ ਕਲਕੱਤੇ ’ਤੇ ਕਬਜ਼ਾ ਕਰ ਲਿਆ। ਗ਼ਦਾਰ ਜਗਤ ਸੇਠ ਤੇ ਅਮੀਚੰਦ ਨੇ ਨਵਾਬ ਦੇ ਕਮਾਂਡਰ ਇਨ ਚੀਫ ਮੀਰ ਜ਼ਾਫਰ ਨੂੰ ਅੰਗਰੇਜ਼ਾਂ ਨਾਲ ਰਲਾ ਦਿੱਤਾ। ਅੰਗਰੇਜ਼ਾਂ ਤੇ ਮੀਰ ਜ਼ਾਫਰ ਦੀਆਂ ਫ਼ੌਜਾਂ ਨੇ ਬਾਦਸ਼ਾਹ ਦੌਲਾ ਨੂੰ ਹਰਾ ਦਿੱਤਾ ਤੇ ਅੰਗਰੇਜ਼ਾਂ ਨੇ ਮੀਰ ਜ਼ਾਫਰ ਨੂੰ 23 ਜੂਨ 1757 ਨੂੰ ਬਾਦਸ਼ਾਹ ਐਲਾਨ ਦਿੱਤਾ। ਦਰਅਸਲ ਜਗਤ ਸੇਠ, ਅਮੀਚੰਦ ਤੇ ਮੀਰ ਜ਼ਾਫਰ ਦੀ ਗ਼ਦਾਰੀ ਕਾਰਨ ਹੀ ਹਿੰਦੁਸਤਾਨ ਅੰਗਰੇਜ਼ਾਂ ਦਾ ਗ਼ੁਲਾਮ ਬਣਿਆ ਸੀ।