ਇਹ ਕ੍ਰਿਕਟ ਤਾਂ ਬਿਲਕੁੱਲ ਨਹੀਂ

ਇਹ ਕ੍ਰਿਕਟ ਤਾਂ ਬਿਲਕੁੱਲ ਨਹੀਂ

ਗੁਰਬਚਨ ਜਗਤ

ਕੁਝ ਦਿਨ ਪਹਿਲਾਂ ਭਾਰਤ ਦੇ ‘ਕਰੋੜਪਤੀਆਂ’ ਅਤੇ ਆਸਟਰੇਲੀਆ ਦੇ ‘ਪੇਸ਼ੇਵਰਾਂ’ ਵਿਚਕਾਰ ਆਈਸੀਸੀ ਵਰਲਡ ਟੈਸਟ ਕ੍ਰਿਕਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਹੋਇਆ ਸੀ। ਆਸਟਰੇਲੀਆ ਨੇ ਇਹ ਮੁਕਾਬਲਾ ਵੱਡੇ ਫ਼ਰਕ ਨਾਲ ਜਿੱਤਿਆ ਸੀ, ਭਾਰਤੀਆਂ ਦੀ ਕਾਰਕਰਦਗੀ ਬਹੁਤ ਹੀ ਥੱਕੀ ਮਾਂਦੀ ਰਹੀ; ਤੇ ਮੇਰੀ ਗੁਜ਼ਾਰਿਸ਼ ਹੈ ਕਿ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਵਿਚਾਰਿਆਂ ’ਚੋਂ ਜਿ਼ਆਦਾਤਰ ਖਿਡਾਰੀ ਲਗਾਤਾਰ ਤਿੰਨ ਮਹੀਨੇ ਆਈਪੀਐਲ ਦੇ ਮੈਚ ਖੇਡ ਕੇ ਆਏ ਸਨ; ਆਸਟਰੇਲੀਆ ਦੇ ਮਹਿਜ਼ ਦੋ ਖਿਡਾਰੀਆਂ ਨੇ ਹੀ ਆਈਪੀਐਲ ਵਿਚ ਹਿੱਸਾ ਲਿਆ ਸੀ।

ਇਸ ਲੇਖ ਦੀ ਸ਼ੁਰੂਆਤ ਮੈਂ ਫਾਈਨਲ ਦ੍ਰਿਸ਼ ਨਾਲ ਕੀਤੀ ਹੈ ਜਦਕਿ ਇਸ ਦੀ ਸ਼ੁਰੂਆਤ ਸ਼ੁਰੂ ਤੋਂ ਕਰਨੀ ਚਾਹੀਦੀ ਸੀ ਜਿਸ ਬਾਰੇ ਮੇਰੀਆਂ ਯਾਦਾਂ 1950ਵਿਆਂ ਦੀ ਕ੍ਰਿਕਟ ਤੋਂ ਜੁੜੀਆਂ ਹੋਈਆਂ ਹਨ। ਉਦੋਂ ਮੈਂ ਪੁਣੇ ਦੇ ਇਕ ਸਕੂਲ ਵਿਚ ਪੜ੍ਹਦਾ ਸਾਂ ਅਤੇ ਉਨ੍ਹਾਂ ਦਿਨਾਂ ਵਿਚ ਵੀ ਕ੍ਰਿਕਟ ਦਾ ਜਨੂਨ ਸੀ। ਬੇਸ਼ੱਕ, ਉਦੋਂ ਸਿਰਫ਼ ਟੈਸਟ ਕ੍ਰਿਕਟ ਦਾ ਜ਼ਮਾਨਾ ਸੀ ਤੇ ਫਿਰ ਕੁਝ ਦੇਰ ਬਾਅਦ ਰਣਜੀ ਲੀਗ ਸ਼ੁਰੂ ਹੋਈ। ਟੈਸਟ ਕ੍ਰਿਕਟ ਖੇਡਣ ਵਾਲੇ ਮੁਲਕਾਂ ਵਿਚ ਇੰਗਲੈਂਡ, ਆਸਟਰੇਲੀਆ, ਦੱਖਣੀ ਅਫਰੀਕਾ, ਭਾਰਤ, ਵੈਸਟ ਇੰਡੀਜ਼ ਅਤੇ ਪਾਕਿਸਤਾਨ ਸ਼ਾਮਲ ਸਨ। ਟੈਸਟ ਮੈਚ ਪੰਜ ਦਿਨਾਂ ਦੇ ਹੁੰਦੇ ਸਨ ਅਤੇ ਵਿਚਾਲੇ ਇਕ ਦਿਨ ਆਰਾਮ ਲਈ ਰਾਖਵਾਂ ਹੁੰਦਾ ਸੀ। ਉਨ੍ਹਾਂ ਵੇਲਿਆਂ ਦੇ ਸਿਰਕੱਢ ਖਿਡਾਰੀਆਂ ਨੂੰ ਅੱਜ ਵੀ ਮਾਣ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਜੇ ਮੈਂ ਗ਼ਲਤ ਨਾ ਹੋਵਾਂ ਤਾਂ ਉਹ ਸਾਰੇ ਸ਼ੌਕੀਆ ਕ੍ਰਿਕਟਰ ਸਨ। ਉਹ ਨਿੱਜੀ ਜਾਂ ਜਨਤਕ ਖੇਤਰ ਦੇ ਅਦਾਰਿਆਂ ਵਿਚ ਨੌਕਰੀ ਕਰਦੇ ਸਨ। ਜੇ ਇੱਥੇ ਉਨ੍ਹਾਂ ਸਾਰਿਆਂ ਦੇ ਨਾਂ ਦੇਣੇ ਪੈਣ ਤਾਂ ਇਹ ਫਹਿਰਿਸਤ ਬਹੁਤ ਲੰਮੀ ਹੋ ਜਾਵੇਗੀ।

1970ਵਿਆਂ ਵਿਚ ਜਾ ਕੇ ਸੀਮਤ ਓਵਰਾਂ ਦੀ ਕ੍ਰਿਕਟ ਨੇ ਦਸਤਕ ਦਿੱਤੀ ਜਦੋਂ ਕੈਰੀ ਪੈਕਰ (ਨਾਈਨ ਨੈੱਟਵਰਕ ਦਾ ਮਾਲਕ ਆਸਟਰੇਲਿਆਈ ਕਰੋੜਪਤੀ) ਨੇ ਪਹਿਲੀ ਵਾਰ ਵਰਲਡ ਸੀਰੀਜ਼ ਕਰਵਾਈ ਸੀ। ਉਸ ਵਕਤ ਇਹ ਆਮ ਪ੍ਰਭਾਵ ਸੀ ਕਿ ਖਿਡਾਰੀਆਂ ਨੂੰ ਢੁਕਵਾਂ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਜਿਸ ਕਰ ਕੇ ਉਹ ਕੁੱਲਵਕਤੀ ਕ੍ਰਿਕਟ ਖਿਡਾਰੀ ਨਹੀਂ ਬਣ ਸਕਦੇ। ਇਸ ਤੋਂ ਇਲਾਵਾ ਨਵਾਂ ਨਵਾਂ ਰੰਗਦਾਰ ਟੀਵੀ ਆਇਆ ਸੀ ਜਿਸ ਨਾਲ ਸਪੋਰਟਸ ਟੈਲੀਵਿਜ਼ਨ ਵਿਚ ਬਹੁਤ ਜਿ਼ਆਦਾ ਦਿਲਚਸਪੀ ਪੈਦਾ ਹੋ ਗਈ ਅਤੇ ਨਾਲ ਹੀ ਖੇਡਾਂ, ਕਾਰਪੋਰੇਟ ਸਪਾਂਸਰਸ਼ਿਪ ਅਤੇ ਟੈਲੀਵਿਜ਼ਨ ਪ੍ਰਸਾਰਨ ਦਾ ਜੋੜ ਉਭਰਨਾ ਸ਼ੁਰੂ ਹੋ ਗਿਆ ਸੀ। ਉਸ ਸੀਰੀਜ਼ ਵਿਚ ਕਿਸੇ ਵੀ ਭਾਰਤੀ ਖਿਡਾਰੀ ਨੇ ਹਿੱਸਾ ਨਹੀਂ ਲਿਆ ਸੀ। ਇਸ ਮਾਮਲੇ ਵਿਚ ਸਰ ਡੋਨਲਡ ਬਰੈਡਮੈਨ (ਹਾਲਾਂਕਿ ਉਸ ਨੂੰ ਆਪਣੇ ਨਾਂ ਨਾਲ ਇਹ ਉਪਾਧੀ ਲਾਉਣਾ ਪਸੰਦ ਨਹੀਂ ਸੀ) ਦਾ ਇਕ ਕਥਨ ਕਾਫ਼ੀ ਮਸ਼ਹੂਰ ਹੈ: “ਮੇਰਾ ਮੰਨਣਾ ਹੈ ਕਿ ਕਿਸੇ ਚੰਗੇ ਖਿਡਾਰੀ ’ਚ ਹੁਨਰ ਤੋਂ ਇਲਾਵਾ ਕੁਝ ਖੂਬੀਆਂ ਦਾ ਭੰਡਾਰ ਹੋਣਾ ਜ਼ਰੂਰੀ ਹੈ। ਇਨ੍ਹਾਂ ਖੂਬੀਆਂ ’ਚ ਆਚਰਨ, ਅਣਖ, ਦਿਆਨਤਦਾਰੀ, ਦਲੇਰੀ ਅਤੇ ਇਨ੍ਹਾਂ ਸਾਰੀਆਂ ਤੋਂ ਵਧ ਕੇ ਨਿਮਰਤਾ ਸ਼ਾਮਲ ਹਨ।” ਬਰੈਡਮੈਨ ਖੁਦ ਇਨ੍ਹਾਂ ਸਾਰੀਆਂ ਖੂਬੀਆਂ ਦਾ ਭੰਡਾਰ ਸੀ ਪਰ ਅੱਜ ਸਾਨੂੰ ਕੀ ਦੇਖਣ ਨੂੰ ਮਿਲ ਰਿਹਾ ਹੈ?

ਪਿਛਲੇ ਕੁਝ ਦਹਾਕਿਆਂ ਦੌਰਾਨ ਤਕਨਾਲੋਜੀ ਵਿਚ ਬੇਮਿਸਾਲ ਤਰੱਕੀ ਹੋਣ ਨਾਲ ਪ੍ਰਚਾਰ ਤੇ ਪ੍ਰਸਾਰ ਮਾਧਿਅਮਾਂ ’ਤੇ ਬਹੁਤ ਜਿ਼ਆਦਾ ਅਸਰ ਦੇਖਣ ਨੂੰ ਮਿਲਿਆ ਹੈ। ਅਸੀਂ ਅਖ਼ਬਾਰਾਂ ਅਤੇ ਰੇਡੀਓ ਤੋਂ ਸ਼ੁਰੂ ਹੋ ਕੇ ਅਥਾਹ ਕੰਪਿਊਟਿੰਗ ਸਮੱਰਥਾ ਵਾਲੇ ਹੱਥ ਵਿਚ ਆਉਣ ਵਾਲੇ ਯੰਤਰਾਂ ਤੱਕ ਅੱਪੜ ਗਏ ਹਾਂ ਜੋ ਮੌਕਾ-ਏ-ਵਾਕਿਆਤ ਤੋਂ ਹੀ ਖਬਰਾਂ ਪ੍ਰਸਾਰਤ ਕਰਨ, ਸਮਾਗਮਾਂ ਦੀ ਕਵਰੇਜ ਕਰਨ, ਵੀਡੀਓਜ਼, ਫਿਲਮਾਂ, ਪੌਡਕਾਸਟ ਆਦਿ ਮੁਹੱਈਆ ਕਰਵਾਉਣ ਦੇ ਕਾਬਿਲ ਹੁੰਦੇ ਹਨ। ਮਨੋਰੰਜਨ ਸਨਅਤ ਵਿਚ ਵੀ ਬੇਹਿਸਾਬ ਇਜ਼ਾਫ਼ਾ ਹੋਇਆ ਹੈ ਅਤੇ ਇਸ ਨੂੰ ਬਹੁਤ ਸਾਰੇ ਚੈਨਲਾਂ, ਐਪਸ, ਵੈੱਬਸਾਈਟਾਂ ਨਾਲ ਜ਼ਬਰਦਸਤ ਮੁਕਾਬਲਾ ਕਰਨਾ ਪੈ ਰਿਹਾ ਹੈ ਅਤੇ ‘ਹਿਟਸ‘, ‘ਵਿਊਜ਼’, ‘ਫਾਲੋਅਰਜ਼’, ‘ਲਾਈਕਸ’ ਆਦਿ ਦੇ ਰੂਪ ਵਿਚ ਨਵਾਂ ਸ਼ਬਦ ਭੰਡਾਰ ਵਿਕਸਤ ਹੋ ਗਿਆ ਹੈ। ਗ੍ਰਾਫਿਕਸ ਵਧੇਰੇ ਮੌਲਿਕ ਤੇ ਦਿਲ-ਖਿੱਚਵੇਂ ਹੋ ਗਏ ਹਨ ਜਿਸ ਦਾ ਇਕ ਸਿੱਟਾ ਇਹ ਨਿਕਲਿਆ ਕਿ ਦਰਸ਼ਕ ਦਾ ਧਿਆਨ ਪਹਿਲਾਂ ਨਾਲੋਂ ਉਖੜਦਾ ਜਾ ਰਿਹਾ ਹੈ ਅਤੇ ਉਹ ਫੌਰੀ ਤਸੱਲੀ ਹਾਸਲ ਕਰਨਾ ਚਾਹੁੰਦਾ ਹੈ। ਪੰਜ ਦਿਨਾ ਕ੍ਰਿਕਟ ਮੈਚਾਂ ਦਾ ਜ਼ਮਾਨਾ ਲੱਦ ਗਿਆ ਹੈ ਅਤੇ ਹੁਣ ਤਾਂ ਪੰਜਾਹ ਓਵਰਾਂ ਦਾ ਫਾਰਮੈੱਟ ਵੀ ਅਤੀਤ ਦਾ ਹਿੱਸਾ ਬਣ ਰਿਹਾ ਹੈ। ਹੁਣ ਜ਼ਮਾਨਾ ਟੀ 20 ਦਾ ਹੈ। ਕਾਰਪੋਰੇਟ ਕੰਪਨੀਆਂ ਇਸ ’ਤੇ ਫਿ਼ਦਾ ਹਨ, ਮੀਡੀਆ ਤੇ ਇਸ਼ਤਿਹਾਰੀ ਕੰਪਨੀਆਂ ਸਭ ਇਸ ’ਤੇ ਛਾਈਆਂ ਹੋਈਆਂ ਹਨ ਅਤੇ ਇਸ ਤੋਂ ਵੀ ਅਹਿਮ ਇਹ ਹੈ ਕਿ ਦਰਸ਼ਕਾਂ ਦਾ ਹਜੂਮ ਇਸ ਵਿਚ ਰੁਮਾਂਚ ਭਰਦਾ ਰਹਿੰਦਾ ਹੈ ਅਤੇ ਸਾਡੇ ਨਵੇਂ ‘ਗਲੈਡੀਏਟਰ’ ਚੌਕੇ ਛਿੱਕਿਆਂ ਨਾਲ ਹਜੂਮ ਦਾ ਮਨ ਬਹਿਲਾਉਂਦੇ ਰਹਿੰਦੇ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਕ੍ਰਿਕਟ ਹੈ?

ਬੀਸੀਸੀਆਈ ਮਾਲਾਮਾਲ ਹੋ ਗਿਆ ਹੈ ਅਤੇ ਆਈਪੀਐਲ ਦੀ ਨਿਲਾਮੀ ਵਿਚ ਸਾਰੇ ਮੁਲ਼ਕਾਂ ਦੇ ਖਿਡਾਰੀ ਸ਼ਾਮਲ ਹੁੰਦੇ ਹਨ। ਸਿਆਸਤਦਾਨਾਂ ਦੀ ਕਮਾਨ ਹੇਠ ਚੱਲ ਰਿਹਾ ਬੀਸੀਸੀਆਈ ਦੁਨੀਆ ਦਾ ਸਭ ਤੋਂ ਅਮੀਰ ਬੋਰਡ ਹੈ ਅਤੇ ਇਸ ਨੇ ਕ੍ਰਿਕਟਰਾਂ ਅਤੇ ਪ੍ਰਬੰਧਕਾਂ ਨੂੰ ਭਾਰੀ ਵਿੱਤੀ ਲਾਭ ਪਹੁੰਚਾਉਣ ਦੀ ਹੈਸੀਅਤ ਹਾਸਲ ਕਰ ਲਈ ਹੈ। ਪੁਰਾਣੇ ਸਮਿਆਂ ਵਿਚ ਗੁਲਾਮਾਂ ਦੀਆਂ ਮੰਡੀਆਂ ਵਾਂਗ ਖਿਡਾਰੀ ਨਿਲਾਮ ਹੁੰਦੇ ਹਨ ਅਤੇ ਫ੍ਰੈਂਚਾਇਜ਼ੀ ਆਪੋ-ਆਪਣੀ ਬੋਲੀ ਲਾਉਂਦੇ ਹਨ… ਇਸ ਸਭ ਕਾਸੇ ਵਿਚ ਬੰਦੇ ਦੀ ਗੈਰਤ ਤੇ ਦਿਆਨਤਦਾਰੀ ਕਿੱਥੇ ਰਹਿ ਗਈ? ਜਦੋਂ ਤੁਸੀਂ ਖਰੀਦ ਵੇਚ ਦੀ ਜਿਣਸ ਬਣ ਜਾਂਦੇ ਹੋ ਅਤੇ ਫ੍ਰੈਂਚਾਇਜ਼ੀ ਤੁਹਾਡੇ ਨਾਲ ਇਵੇਂ ਦਾ ਸਲੂਕ ਕਰੇਗੀ। ਮਿਚੈੱਲ ਸਟਾਰਕ ਨੇ ਆਪਣਾ ਨਾਂ ਆਈਪੀਐਲ ਤੋਂ ਵਾਪਸ ਲੈ ਲਿਆ ਸੀ ਅਤੇ ‘ਦਿ ਗਾਰਡੀਅਨ’ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਸੀ: ‘ਇਸ ਦਾ ਤਾਅਲੁਕ ਇਸ ਗੱਲ ਨਾਲ ਵੀ ਹੈ ਕਿ ਮੈਂ ਹਮੇਸ਼ਾ ਉਸ ਪੁਜ਼ੀਸ਼ਨ ਵਿਚ ਰਹਿਣਾ ਚਾਹੁੰਦਾ ਸਾਂ ਜਿੱਥੇ ਮੈਂ ਆਸਟਰੇਲੀਆ ਨੂੰ ਆਪਣੀ ਬਿਹਤਰੀਨ ਖੇਡ ਦੇ ਸਕਾਂ… ਮੈਨੂੰ ਇਸ ’ਤੇ ਜ਼ਰਾ ਜਿੰਨਾ ਵੀ ਅਫਸੋਸ ਨਹੀਂ ਹੈ, ਪੈਸਾ ਆਉਂਦਾ ਜਾਂਦਾ ਰਹਿੰਦਾ ਹੈ ਪਰ ਮੈਨੂੰ ਜੋ ਮੌਕੇ ਮਿਲੇ ਸਨ, ਉਨ੍ਹਾਂ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਟੈਸਟ ਕ੍ਰਿਕਟ ਦੇ ਪਿਛਲੇ 100 ਸਾਲਾਂ ਤੋਂ ਜਿ਼ਆਦਾ ਸਮੇਂ ਦੌਰਾਨ ਆਸਟਰੇਲੀਆ ਲਈ ਖੇਡਣ ਵਾਲੇ ਖਿਡਾਰੀਆਂ ਦੀ ਤਾਦਾਦ 500 ਤੋਂ ਜਿ਼ਆਦਾ ਨਹੀਂ ਹੈ। ਇਸ ਦਾ ਹਿੱਸਾ ਬਣਨਾ ਹੀ ਆਪਣੇ ਵਿਚ ਵੱਡੀ ਗੱਲ ਹੈ।’ ਬੀਸੀਸੀਆਈ ਕੋਲ ਜਿੰਨਾ ਪੈਸਾ ਹੈ, ਉਸ ਨਾਲ ਇਹ ਸਾਰੇ ਸੂਬਿਆਂ ਅੰਦਰ ਅਕੈਡਮੀਆਂ ਖੋਲ੍ਹ ਸਕਦਾ ਸੀ ਜਿੱਥੇ ਨੌਜਵਾਨਾਂ ਅੰਦਰ ਹੁਨਰ ਤੋਂ ਇਲਾਵਾ ਨਾ ਕੇਵਲ ਮਹਾਨ ਅਥਲੀਟ ਸਗੋਂ ਨਿਮਰ ਇਨਸਾਨ ਬਣਨ ਲਈ ਜ਼ਰੂਰੀ ਕਦਰਾਂ ਕੀਮਤਾਂ ਦਾ ਸੰਚਾਰ ਕੀਤਾ ਜਾਂਦਾ ਹੋਵੇ। ਨਾ ਕੇਵਲ ਕ੍ਰਿਕਟ ਸਗੋਂ ਮਾਲੀ ਵਸੀਲਿਆਂ ਪੱਖੋਂ ਕਮਜ਼ੋਰ ਹੋਰਨਾਂ ਖੇਡ ਐਸੋਸੀਏਸ਼ਨਾਂ ਦੀ ਵੀ ਇਮਦਾਦ ਕੀਤੀ ਜਾਂਦੀ, ਮਿਸਾਲ ਵਜੋਂ ਹਾਕੀ ਐਸੋਸੀਏਸ਼ਨ ਜਿੱਥੇ ਨਵੇਂ ਸਿਰਿਓਂ ਉਭਰਨ ਦਾ ਕੰਮ ਚੱਲ ਰਿਹਾ ਹੈ ਜਾਂ ਅਥਲੈਟਿਕਸ ਜਿੱਥੇ ਨੀਰਜ ਚੋਪੜਾ ਵਰਗੇ ਦਰਜਨਾਂ ਅਥਲੀਟ ਮਦਦ ਦੀ ਉਡੀਕ ਕਰ ਰਹੇ ਹਨ।

ਬ੍ਰਾਂਡਾਂ ਅਤੇ ਇਸ਼ਤਿਹਾਰਾਂ ਦੀ ਸਪਾਂਸਰਸ਼ਿਪ ਦੇ ਮਾਮਲੇ ਵਿਚ ਕ੍ਰਿਕਟਰ ਅਜੋਕੇ ਸਮੇਂ ਦੇ ਮਾਡਲ ਹਨ ਅਤੇ ਹਰ ਚੀਜ਼ ਵੇਚ ਰਹੇ ਹਨ ਅਤੇ ਇੰਝ ਉਹ ਬੌਲੀਵੁਡ ਦੇ ਸਿਤਾਰਿਆਂ ਨੂੰ ਪੂਰੀ ਟੱਕਰ ਦੇ ਰਹੇ ਹਨ। ਦਰਅਸਲ, ਬੌਲੀਵੁਡ ਅਤੇ ਕ੍ਰਿਕਟ ਦੀ ਦੁਨੀਆ ਰਲਗੱਡ ਹੋ ਰਹੀ ਹੈ ਅਤੇ ਦੋਵਾਂ ਦਰਮਿਆਨ ‘ਸ਼ਾਦੀ’ ਦੇ ਬੰਧਨ ਦਾ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਅੱਜ ਸਾਡੇ ਚੋਟੀ ਦੇ ਕ੍ਰਿਕਟਰਾਂ ਦੀ ਕਮਾਈ ਸੈਂਕੜੇ ਕਰੋੜਾਂ ਵਿਚ ਹੋਣ ਲੱਗ ਪਈ ਹੈ ਅਤੇ ਸੁਣਨ ਵਿਚ ਆਇਆ ਹੈ ਕਿ ਇਕ ਕ੍ਰਿਕਟਰ ਦੀ ਕਮਾਈ ਤਾਂ 1000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਫਿਰ ਸੱਟੇਬਾਜ਼ੀ ਦਾ ਤੜਕਾ ਵੀ ਲਗਦਾ ਹੈ। ਜਦੋਂ ਇੰਨੇ ਜਿ਼ਆਦਾ ਪੈਸੇ ਦੀ ਖੇਡ ਹੋਵੇ ਤਾਂ ਕੀ ਸੱਟੇਬਾਜ਼ਾਂ ਨੂੰ ਲਾਂਭੇ ਰੱਖਿਆ ਜਾ ਸਕਦਾ ਹੈ? ਆਮ ਲੋਕ ਤੇ ਅਮੀਰ, ਸਾਰੇ ਮੈਚਾਂ ’ਤੇ ਸੱਟਾ ਲਾਉਂਦੇ ਹਨ… ਇਕ ਇਕ ਓਵਰ ਤੋਂ ਲੈ ਕੇ ਇਕ ਇਕ ਗੇਂਦ ’ਤੇ ਸੱਟਾ ਲਾਇਆ ਜਾਂਦਾ ਹੈ ਤੇ ਇੰਝ ਇਸ ਵਿਚ ਵੱਡੇ ਪੱਧਰ ’ਤੇ ਸੱਟਾ ਬਾਜ਼ਾਰ ਆ ਵਡਿ਼ਆ ਹੈ। ਜਿਹੜੇ ਸ਼ੌਕੀਆ ਖਿਡਾਰੀ ਅਜਿਹੀ ਦੁਨੀਆ ਵਿਚ ਆਉਂਦੇ ਹਨ ਜਿੱਥੇ ਪੈਸਾ ਕਮਾਉਣਾ ਹੀ ਇਕਮਾਤਰ ਮਕਸਦ ਹੈ ਤਾਂ ਫਿਰ ਤੇਜ਼ੀ ਨਾਲ ਨਿਘਾਰ ਆਉਂਦਾ ਹੈ। ਕੀ ਅਸੀਂ ਤਵਾਜ਼ਨ ਕਾਇਮ ਨਹੀਂ ਕਰ ਸਕਦੇ ਤਾਂ ਕਿ ਖੇਡ ਅਤੇ ਖਿਡਾਰੀ ਦਾ ਮਾਣ ਤਾਣ ਵੀ ਬਚਿਆ ਰਹਿ ਸਕੇ। ਦੇਸ਼ ਦੇ ਦੂਰ ਦਰਾਜ਼ ਖੇਤਰਾਂ ’ਚੋਂ ਨਿਕਲ ਕੇ ਕੁਝ ਖਿਡਾਰੀਆਂ ਨੂੰ ਸਫਲ ਤੇ ਚਮਕਦੇ ਹੋਏ ਤੱਕਣਾ ਵਾਕਈ ਪ੍ਰੇਰਨਾ ਦਾ ਵਾਇਸ ਹੈ। ਉਹ ਨਾ ਕੇਵਲ ਮਸ਼ਹੂਰ ਹੋ ਰਹੇ ਹਨ ਸਗੋਂ ਆਪਣੇ ਪਰਿਵਾਰਾਂ ਦਾ ਸਹਾਰਾ ਵੀ ਬਣ ਰਹੇ ਹਨ ਪਰ ਕੀ ਉਨ੍ਹਾਂ ਨੂੰ ਸਭ ਤੋਂ ਵੱਡੀ ਬੋਲੀ ਦੇਣ ਵਾਲੇ ਕੋਲ ਨਿਲਾਮ ਕਰਨ ਅਤੇ ਕਾਰਪੋਰੇਟ ਮੁਨਾਫ਼ਿਆਂ ਨੂੰ ਰਿੜਕਣ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਹੈ। ਮੈਂ ਹੈਰਾਨ ਹੁੰਦਾ ਹਾਂ ਕਿ ਲਾਲਾ ਅਮਰਨਾਥ, ਵਿਜੈ ਮਰਚੈਂਟ, ਵਿਜੈ ਹਜ਼ਾਰੇ, ਵੀਨੂ ਮਾਂਕੜ, ਬਿਸ਼ਨ ਸਿੰਘ ਬੇਦੀ ਜਿਹੇ ਪੁਰਾਣੇ ਸਮਿਆਂ ਦੇ ਮਹਾਨ ਖਿਡਾਰੀ ਇਸ ਬਾਰੇ ਕੀ ਕਹਿੰਦੇ। ਇੱਥੇ ਮੈਂ ਇਕ ਵਾਰ ਫਿਰ ਡੌਨ ਬਰੈਡਮੈਨ ਦਾ ਕਥਨ ਦੇ ਰਿਹਾ ਹਾਂ: “ਕੁੱਲ ਮਿਲਾ ਕੇ ਕਵਿਤਾ ਪੜ੍ਹਨੀ ਅਤੇ ਕ੍ਰਿਕਟ ਦੇਖਣੀ ਹੀ ਮੇਰੀ ਜਿ਼ੰਦਗੀ ਦਾ ਸਾਰ ਹੈ ਅਤੇ ਇਹ ਦੋਵੇਂ ਕੰਮ ਇਕ ਦੂਜੇ ਤੋਂ ਬਹੁਤੇ ਵੱਖਰੇ ਵੀ ਨਹੀਂ ਹਨ ਜਿਵੇਂ ਬਹੁਤੇ ਸੁਹਜਵਾਦੀ ਵਿਸ਼ਵਾਸ ਕਰਦੇ ਹਨ।” ਬਿਨਾ ਸ਼ੱਕ, ਉਹ ਟੈਸਟ ਕ੍ਰਿਕਟ ਦੀ ਗੱਲ ਕਰ ਰਿਹਾ ਸੀ।