ਬਾਇਡਨ ਨੂੰ ਦਿੱਤੇ ‘ਦਸ ਦਾਨਮ’ ਵਿੱਚ ਪੰਜਾਬ ਦਾ ਘਿਓ ਤੇ ਉੱਤਰਾਖੰਡ ਦੇ ਚਾਵਲ ਸ਼ਾਮਲ

ਬਾਇਡਨ ਨੂੰ ਦਿੱਤੇ ‘ਦਸ ਦਾਨਮ’ ਵਿੱਚ ਪੰਜਾਬ ਦਾ ਘਿਓ ਤੇ ਉੱਤਰਾਖੰਡ ਦੇ ਚਾਵਲ ਸ਼ਾਮਲ

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ‘ਦਸ ਦਾਨਮ’ ਦੇ ਨਾਲ ਹੱਥ ਨਾਲ ਬਣਿਆ ਚੰਦਨ ਦਾ ਵਿਸ਼ੇਸ਼ ਬਕਸਾ ਵੀ ਭੇਟ ਕੀਤਾ ਹੈ, ਜਿਸ ਨੂੰ ਜੈਪੁਰ ਦੇ ਇਕ ਪ੍ਰਮੁੱਖ ਸ਼ਿਲਪਕਾਰ ਨੇ ਬਣਾਇਆ ਹੈ। ਇਸ ਵਿਚ ਭਗਵਾਨ ਗਣੇਸ਼ ਦੀ ਚਾਂਦੀ ਦੀ ਮੂਰਤੀ ਤੇ ਦੀਵਾ ਹੈ, ਜੋ ਕੋਲਕਾਤਾ ਦੇ ਇਕ ਸੁਨਿਆਰੇ ਦੀ ਪੰਜਵੀਂ ਪੀੜ੍ਹੀ ਵੱਲੋਂ ਹੱਥ ਨਾਲ ਬਣਾਇਆ ਗਿਆ ਹੈ। ਪੁਰਾਤਨ ਭਾਰਤੀ ਗ੍ਰੰਥਾਂ ਮੁਤਾਬਕ ਜੇਕਰ ਕੋਈ ਵਿਅਕਤੀ 80 ਸਾਲ ਤੇ ਅੱਠ ਮਹੀਨਿਆਂ ਦੀ ਉਮਰ ਪੂਰੀ ਕਰ ਲੈਂਦਾ ਹੈ ਤਾਂ ਇਹ ‘ਦ੍ਰਿਸ਼ਟਾ ਸਹਿਸਰਾਚੰਦਰੋ’ ਹੋ ਜਾਂਦਾ ਹੈ ਕਿਉਂਕਿ ਉਹ ਇਕ ਹਜ਼ਾਰ ਪੂਰਨਮਾਸ਼ੀਆਂ ਦਾ ਗਵਾਹ ਬਣ ਚੁੱਕਾ ਹੁੰਦਾ ਹੈ। ਸ੍ਰੀ ਮੋਦੀ ਨੇ 80 ਸਾਲਾ ਬਾਇਡਨ ਨੂੰ ‘ਦਸ ਦਾਨਮ’ ਵਜੋਂ ਚਾਂਦੀ ਦੀਆਂ 10 ਛੋਟੀਆਂ ਡੱਬੀਆਂ ਦਿੱਤੀਆਂ ਹਨ। ਇਸ ਵਿੱਚ ਗੌਦਾਨ ਵਜੋਂ ਗਾਂ ਦੀ ਥਾਂ ਚਾਂਦੀ ਦਾ ਨਾਰੀਅਲ, ਭੂਦਾਨ ਲਈ ਜ਼ਮੀਨ ਦੀ ਥਾਂ ਕਰਨਾਟਕ ਦੇ ਚੰਦਨ ਦਾ ਟੁੱਕੜਾ ਤੇ ਹੋਰਨਾਂ ਡੱਬੀਆਂ ਵਿੱਚ ਪੰਜਾਬ ਦਾ ਘਿਓ, ਰਾਜਸਥਾਨ ਤੋਂ ਹੱਥ ਦੇ ਬਣੇ ਸੋਨੇ ਤੇ ਚਾਂਦੀ ਦੇ ਸਿੱਕੇ, ਗੁਜਰਾਤ ਦਾ ਨਮਕ, ਮਹਾਰਾਸ਼ਟਰ ਦਾ ਗੁੜ, ਵਸਤਰ ਦਾਨ ਵਜੋਂ ਝਾਰਖੰਡ ਦਾ ਟਸਰ ਰੇਸ਼ਮ ਤੇ ਉੱਤਰਾਖੰਡ ਦੇ ਚਾਵਲ ਸ਼ਾਮਲ ਹਨ। ਸਿੰਧੂ ਗ੍ਰੰਥ ਵਿੱਚ ਵਰਣਤ ਸ਼ਲੋਕ ਵਿਚ ਗਾਂ, ਜ਼ਮੀਨ, ਤਿਲ, ਸੋਨਾ, ਘਿਓ, ਵਸਤਰ, ਧਾਨ, ਗੁੜ, ਚਾਂਦੀ ਤੇ ਨਮਕ ਨੂੰ ਦਸ ਦਾਨਮ ਦੱਸਿਆ ਗਿਆ ਹੈ, ਜੋ 80 ਸਾਲ 8 ਮਹੀਨੇ ਦੀ ਉਮਰ ਪੂਰੀ ਕਰ ਚੁੱਕੇ ਵਿਅਕਤੀ ਨੂੰ ਸਨਮਾਨ ਵਜੋਂ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਉਪਨਿਸ਼ਦਾਂ ਦੇ 10 ਸਿਧਾਂਤ ’ਤੇ ਅਧਾਰਿਤ ਪੁਸਤਕ ਦੇ ਅੰਗਰੇਜ਼ੀ ਅਨੁਵਾਦ ਦੇ ਪਹਿਲੇ ਸੰਸਕਰਨ ਦੀ ਇਕ ਕਾਪੀ ਰਾਸ਼ਟਰਪਤੀ ਬਾਇਡਨ ਨੂੰ ਭੇਟ ਕੀਤੀ। ਇਸ ਪੁਸਤਕ ਦੇ ਸਹਿ ਲੇਖਕ ਬਾਇਡਨ ਦੇ ਮਨਪਸੰਦ ਕਵੀ ਵਿਲੀਅਮ ਬਟਲਰ ਯੀਟਸ ਤੇ ਪੁਰੋਹਿਤ ਸਵਾਮੀ ਹਨ। ਇਹ ਪੁਸਤਕ ਭਾਰਤੀ ਅਧਿਆਤਮਕਤਾ ਤੇ ਗੁਰੂਦੇਵ ਰਬਿੰਦਰਨਾਥ ਟੈਗੋਰ ਦੀ ਸਾਖ ਲਈ ਸਾਂਝੇ ਵੱਕਾਰ ਨੂੰ ਦਰਸਾਉਂਦੀ ਹੈ। ਸ੍ਰੀ ਮੋਦੀ ਨੇ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਇਡਨ ਨੂੰ ਵਰਕਸ਼ਾਪ ਵਿੱਚ ਨਿਰਮਿਤ 7.5 ਕੈਰੇਟ ਦਾ ਹਰੇ ਰੰਗ ਦਾ ਹੀਰਾ ਵੀ ਤੋਹਫੇ ਵਿਚ ਦਿੱਤਾ। ਇਸ ਹੀਰੇ ਨੂੰ ਕਾਗਜ਼ ਦੀ ਲੁਗਦੀ ਦੇ ਬਣੇ ਬਕਸੇ ਵਿਚ ਰੱਖਿਆ ਗਿਆ ਹੈ, ਜੋ ਕਸ਼ਮੀਰ ਦੇ ਵਿਸ਼ੇਸ਼ ਸ਼ਿਲਪ ਹੁਨਰ ਨੂੰ ਦਰਸਾਉਂਦਾ ਹੈ। ਉਧਰ ਬਾਇਡਨ ਜੋੜੇ ਨੇ ਅਧਿਕਾਰਤ ਤੋਹਫੇ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ 20ਵੀਂ ਸਦੀ ਦੀ ਸ਼ੁਰੂਆਤ ਤੋਂ ਹੱਥ ਨਾਲ ਬਣੀ ਪੁਰਾਤਨ ਅਮਰੀਕੀ ਪੁਸਤਕ ‘ਗੈਲੀ’ ਭੇਟ ਕੀਤੀ। ਉਨ੍ਹਾਂ ਸ੍ਰੀ ਮੋਦੀ ਨੂੰ ਕਥਿਤ ਵਿੰਟੇਜ ਅਮਰੀਕੀ ਕੈਮਰਾ ਵੀ ਤੋਹਫੇ ਵਿਚ ਦਿੱਤਾ। ਹੋਰਨਾਂ ਤੋਹਫ਼ਿਆਂ ਵਿੱਚ ਜੌਰਜ ਈਸਟਮੈਨ ਦੇ ਪਹਿਲੇ ਕੋਡੈੱਕ ਕੈਮਰੇ ਦੇ ਪੇਟੈਂਟ ਦਾ ਪੁਰਾਤਨ ਪ੍ਰਤੀਲਿਪੀ ਪ੍ਰਿੰਟ, ਅਮਰੀਕੀ ਜੰਗਲੀ ਜੀਵ ਫੋਟੋਗ੍ਰਾਫ਼ੀ ਦੀ ਇਕ ਹਾਰਡਕਵਰ ਪੁਸਤਕ ਤੇ ‘ਰੌਬਰਟ ਫਰੌਸਟ ਦੀਆਂ ਇਕੱਤਰ ਕੀਤੀਆਂ ਕੁਝ ਕਵਿਤਾਵਾਂ’ ਦੀ ਹਸਤਾਖਰ ਕੀਤੀ ਪਹਿਲੇ ਸੰਸਕਰਨ ਦੀ ਕਾਪੀ ਸ਼ਾਮਲ ਹੈ।