ਏਸੀਐੱਮਐੱਮ ਅਦਾਲਤ ਬ੍ਰਿਜ ਭੂਸ਼ਨ ਖ਼ਿਲਾਫ਼ ਕਰੇਗੀ ਸੁਣਵਾਈ

ਏਸੀਐੱਮਐੱਮ ਅਦਾਲਤ ਬ੍ਰਿਜ ਭੂਸ਼ਨ ਖ਼ਿਲਾਫ਼ ਕਰੇਗੀ ਸੁਣਵਾਈ

ਨਵੀਂ ਦਿੱਲੀ- ਕੌਮੀ ਰਾਜਧਾਨੀ ਦੇ ਚੀਫ ਮੈਟਰੋਪੌਲੀਟਨ ਮੈਜਿਸਟਰੇਟ (ਸੀਐੱਮਐੱਮ) ਨੇ ਅੱਜ ਭਾਜਪਾ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਰਜ ਕਰਵਾਏ ਗਏ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ਉਸ ਅਦਾਲਤ ਨੂੰ ਸੌਂਪ ਦਿੱਤਾ, ਜੋ ਇੱਕ ਸਬੰਧਿਤ ਮਾਮਲੇ ਦੀ ਪਹਿਲਾਂ ਤੋਂ ਸੁਣਵਾਈ ਕਰ ਰਹੀ ਹੈ। ਸੀਐੱਮਐੱਮ ਮਹਿਮਾ ਰਾਏ ਸਿੰਘ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਨਾਲ ਸਬੰਧਤ ਕੇਸ ਅਤੇ ਦਿੱਲੀ ਪੁਲੀਸ ਦੀ ਚਾਰਜਸ਼ੀਟ ਐਡੀਸ਼ਨਲ ਚੀਫ ਮੈਟਰੋਪੌਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੂੰ ਭੇਜ ਦਿੱਤਾ ਹੈ। ਅਦਾਲਤ 27 ਜੂਨ ਨੂੰ ਮਾਮਲੇ ਦੀ ਸੁਣਵਾਈ ਕਰੇਗੀ।

ਸੀਐੱਮਐੱਮ ਨੇ ਦਿੱਲੀ ਪੁਲੀਸ ਦੇ ਵਕੀਲ ਦੀਆਂ ਉਨ੍ਹਾਂ ਦਲੀਲਾਂ ਦਾ ਨੋਟਿਸ ਲਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਸੀਐੱਮਐੱਮ ਅਦਾਲਤ ਮਹਿਲਾ ਪਹਿਲਵਾਨਾਂ ਦੇ ਦੋਸ਼ਾਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਅਪੀਲ ’ਤੇ ਵਿਚਾਰ ਕਰ ਰਹੀ ਹੈ।

ਮਹਿਲਾ ਪਹਿਲਵਾਨਾਂ ਦਾ ਮੁੱਦਾ ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਏਸ਼ਿਆਈ ਗੇਮਜ਼ ਦੀ ਚੈਂਪੀਅਨ ਵਿਨੇਸ਼ ਫੋਗਾਟ ਸਮੇਤ ਨਾਮਵਰ ਪਹਿਲਵਾਨਾਂ ਨੇ ਚੁੱਕਿਆ ਸੀ। ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਨੂੰ ਵਿਰੋਧੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਮਰਥਨ ਮਿਲ ਚੁੱਕਿਆ ਹੈ। ਦਿੱਲੀ ਪੁਲੀਸ ਨੇ ਜਿਨਸੀ ਸ਼ੋਸ਼ਣ ਅਤੇ ਪਿੱਛਾ ਕਰਨ ਦੇ ਕਥਿਤ ਦੋਸ਼ਾਂ ਹੇਠ ਬ੍ਰਿਜ ਭੂਸ਼ਨ ਖ਼ਿਲਾਫ਼ 15 ਜੂਨ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ। ਪੁਲੀਸ ਹੁਣ ਤੱਕ ਬ੍ਰਿਜ ਭੂਸ਼ਨ ਤੋਂ ਦੋ ਵਾਰ ਪੁੱਛ ਪੜਤਾਲ ਕਰ ਚੁੱਕੀ ਹੈ ਅਤੇ ਦੋਵੇਂ ਵਾਰ ਹੀ ਡਬਲਿਊਆਈਐੱਫ ਮੁਖੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।