ਐੱਨਐੱਸਜੀ ਦੇ ਸਿਖਲਾਈ ਕੇਂਦਰ ਲਈ ਜ਼ਮੀਨ ਐਕੁਆਇਰ ਕਰਨ ਦਾ ਵਿਰੋਧ

ਐੱਨਐੱਸਜੀ ਦੇ ਸਿਖਲਾਈ ਕੇਂਦਰ ਲਈ ਜ਼ਮੀਨ ਐਕੁਆਇਰ ਕਰਨ ਦਾ ਵਿਰੋਧ

ਪਠਾਨਕੋਟ- ਕੌਮਾਂਤਰੀ ਸਰਹੱਦ ਨੇੜਲੇ ਪਿੰਡ ਸਕੋਲ ਦੀ 103 ਏਕੜ ਜ਼ਮੀਨ ਵਿੱਚ ਕੇਂਦਰ ਸਰਕਾਰ ਵੱਲੋਂ ਬਣਾਏ ਜਾ ਰਹੇ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦਾ ਸਿਖਲਾਈ ਕੇਂਦਰ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਅੱਜ ਸਿਖਲਾਈ ਕੇਂਦਰ ਲਈ ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਇੱਥੇ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ।

ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਜ਼ਮੀਨ ਐਕੁਆਇਰ ਕਰਕੇ ਆਬਾਦਕਾਰਾਂ ਨੂੰ ਉਜਾੜਨਾ ਚਾਹੁੰਦੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਬਲਵੰਤ ਘੋਹ, ਪਰਮਜੀਤ ਸਿੰਘ ਰਤਨਗੜ੍ਹ ਅਤੇ ਰਾਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਐੱਨਐੱਸਜੀ ਦਾ ਸਿਖਲਾਈ ਕੇਂਦਰ ਖੋਲ੍ਹਣ ਲਈ ਪਿੰਡ ਸਕੋਲ ਦੀ 103 ਏਕੜ ਜ਼ਮੀਨ ਕੇਂਦਰ ਨੂੰ ਦੇਣ ਜਾ ਰਹੀ ਹੈ, ਜਿਸ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ 103 ਏਕੜ ਜ਼ਮੀਨ ਪਿੰਡ ਸਕੋਲ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਉਪਜਾਊ ਭੂਮੀ ਵਿੱਚ ਆਬਾਦ ਕੀਤੀ ਸੀ। ਸਰਕਾਰ ਹੁਣ ਇੱਕੋ ਝਟਕੇ ਨਾਲ ਆਬਾਦਕਾਰਾਂ ਤੋਂ ਇਹ ਜ਼ਮੀਨਾਂ ਖੋਹਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਸਰਕਾਰ ਨੇ ਹੀ ਲੋਕਾਂ ਨੂੰ ਪਿੰਡ ਸਕੋਲ ਆਬਾਦ ਕਰਨ ਲਈ ਪ੍ਰੇਰਿਆ ਸੀ। ਬੇਆਬਾਦ ਜ਼ਮੀਨਾਂ ਆਬਾਦ ਕਰਨ ਲਈ ਸਰਕਾਰ ਨੇ ਮੁਆਵਜ਼ੇ ਵੀ ਦਿੱਤੇ ਸਨ। ਉਸ ਵੇਲੇ ਤਾਂ ਬੀਐੱਸਐੱਫ ਨੇ ਵੀ ਪਿੰਡ ਸਕੋਲ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਲੋਕਾਂ ਨੇ ਜਾਨ-ਮਾਲ ਦਾ ਖਤਰਾ ਉਠਾ ਕੇ ਪਿੰਡ ਆਬਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਹ ਉਜਾੜਾ ਸਹਿਣ ਨਹੀਂ ਕਰਨਗੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਧਰਨਾਕਾਰੀਆਂ ਕੋਲੋਂ ਮੰਗ ਪੱਤਰ ਲਿਆ ਅਤੇ ਉਨ੍ਹਾਂ ਦੀਆਂ ਮੰਗਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।