ਪਰਵਾਸੀ ਪੰਜਾਬੀ ਤੇ ਪੰਜਾਬੀ ਪਰਦੇਸੀ

ਪਰਵਾਸੀ ਪੰਜਾਬੀ ਤੇ ਪੰਜਾਬੀ ਪਰਦੇਸੀ

ਡਾ. ਬਿਹਾਰੀ ਮੰਡੇਰ

ਪੈਰੀਂ ਚੱਪਲਾਂ, ਹੱਥ ਵਿੱਚ ਫੱਟੀ, ਗਲ ਬੋਰੀ ਦਾ ਝੋਲਾ। ਇਕ ਮੀਲ ਕੱਚਾ ਰਸਤਾ ਸਕੂਲ ਦਾ। ਮਾਸਟਰ ਬਹੁਤੇ ਸ਼ਹਿਰੋਂ ਆਉਂਦੇ ਸੀ। ਕੁਝ ਪਿੰਡ ਦੇ ਵੀ ਸੀ। ਉਨ੍ਹਾਂ ਦੇ ਜੁਆਕ ਵੀ ਸਾਡੇ ਨਾਲ ਪੜ੍ਹਦੇ ਸਨ, ਪਰ ਉਨ੍ਹਾਂ ਦੇ ਕੱਪੜੇ ਸਾਡੇ ਨਾਲੋਂ ਸੋਹਣੇ ਹੁੰਦੇ ਅਤੇ ਪੈਰੀਂ ਬੂਟ ਹੁੰਦੇ। ਉਹ ਤੱਪੜ ’ਤੇ ਬੈਠਦੇ ਵੀ ਸਾਡੇ ਤੋਂ ਅੱਗੇ ਸਨ। ਫਿਰ ਮਾਸਟਰਾਂ ਦੇ ਜੁਆਕ ਸਕੂਲ ਆਉਣੋਂ ਹਟ ਗਏ। ਪਤਾ ਲੱਗਾ ਕਿ ਲਾਗੇ ਵੱਡੇ ਪਿੰਡ ਵਿੱਚ ਇਕ ਪਬਲਿਕ ਅੰਗਰੇਜ਼ੀ ਸਕੂਲ ਖੁਲ੍ਹਿਆ ਹੈ, ਉਹ ਉਥੇ ਪੜ੍ਹਨ ਲੱਗ ਗਏ ਨੇ। ਉਸ ਤੋਂ ਬਾਅਦ ਉਹ ਸਾਨੂੰ ਨਹੀਂ ਮਿਲੇ। ਅੱਠਵੀਂ ਦੇ ਪੇਪਰ ਬੋਰਡ ਦੇ ਹੋਣ ਕਰਕੇ ਸ਼ਹਿਰ ਦੇ ਸਕੂਲ ਵਿੱਚ ਸਨ। ਉਥੇ ਪਹਿਲੀ ਵਾਰ ਅੰਗਰੇਜ਼ੀ ਸਕੂਲ ਦੇ ਬੱਚੇ ਵੇਖੇ। ਪੈਂਟਾਂ ਸ਼ਰਟਾਂ, ਬੂਟ ਪਹਿਨੇ ਹੋਏ ਤੇ ਟਾਈਆਂ ਲੱਗੀਆਂ। ਕਈਆਂ ਦੇ ਐਨਕਾਂ ਲੱਗੀਆਂ ਵੇਖ ਕੇ ਅਸੀਂ ਬਹੁਤ ਹੈਰਾਨ ਹੋਏ ਅਤੇ ਉਨ੍ਹਾਂ ਨੂੰ ਛੇੜਿਆ ਵੀ। ਉਹ ਸਾਰੇ ਦੇ ਸਾਰੇ ਸਾਨੂੰ ਕਾਗਜ਼ੀ ਪਹਿਲਵਾਨ ਹੀ ਲੱਗਦੇ ਸੀ।

ਫਿਰ ਸਾਡੇ ਪਿੰਡ ਵੀ ਨੰਬਰਦਾਰਾਂ ਦੀ ਹਵੇਲੀ ਵਿੱਚ ਅੰਗਰੇਜ਼ੀ ਸਕੂਲ ਖੁੱਲ੍ਹ ਗਿਆ। ਬੱਚੇ ਨਵੀਆਂ ਸੋਹਣੀਆਂ ਵਰਦੀਆਂ ਪਹਿਨ ਕੇ ਸਕੂਲ ਜਾਣ ਲੱਗੇ। ਪਿੰਡ ਦੇ ਅਨਪੜ੍ਹ ਬਾਬੇ ਵੀ ਸਾਨੂੰ ਟਿੱਚਰਾਂ ਕਰਿਆ ਕਰਦੇ ਕਿ ‘ਆਹ ਹੁੰਦੇ ਨੇ ਓਏ ਅੰਗਰੇਜ਼ੀ ਸਕੂਲ ਦੇ ਪੜ੍ਹਨ ਵਾਲੇ, ਤੁਸੀਂ ਤਾਂ ਸਰਕਾਰੀ ਸਕੂਲਾਂ ਦੇ ਸੰਦ ਓ।’ ਹੁਣ ਅਸੀਂ ਅੰਗਰੇਜ਼ੀ ਸਕੂਲ ਵਾਲੇ ਬੱਚਿਆਂ ਤੋਂ ਝੇਪਣ ਲੱਗ ਪਏ। ਉਨ੍ਹਾਂ ਦਾ ਸਾਡੇ ਨਾਲ ਮੇਲ ਜੋਲ ਵੀ ਘਟ ਗਿਆ। ਅਸੀਂ ਵੀ ਹੁਣ ਅੰਗਰੇਜ਼ੀ ਸਕੂਲ ਦਾਖਲ ਹੋਣ ਲਈ ਘਰਦਿਆਂ ਨੂੰ ਕਹਿਣ ਲੱਗ ਪਏ। ਮਾਸਟਰ ਵੀ ਸਾਨੂੰ ਕਹਿਣ ਲੱਗੇ ਕਿ ਜੇ ਕੁਝ ਬਣਨਾ ਹੈ ਤਾਂ ਅੰਗਰੇਜ਼ੀ ਸਕੂਲ ਵਿੱਚ ਜਾਓ।

ਅੰਗਰੇਜ਼ੀ ਸਕੂਲ ਵਾਲੇ ਹਰ ਮਹੀਨੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਬੁਲਾਉਂਦੇ। ਉਥੇ ਉਨ੍ਹਾਂ ਨੂੰ ਚਾਹ ਵੀ ਪਿਲਾਉਂਦੇ ਤੇ ਬਿਸਕੁਟ ਵੀ ਖੁਆਉਂਦੇ। ਮਾਪੇ ਬੜੇ ਖੁਸ਼ ਹੁੰਦੇ ਕਿ ਜੇ ਬੱਚੇ ਅੰਗਰੇਜ਼ੀ ਸਕੂਲ ਪੜ੍ਹਨੇ ਪਾਏ ਤਾਂ ਚਾਹ ਨਾਲ ਬਿਸਕੁਟ ਨਸੀਬ ਹੋਏ। ਹੁਣ ਸਰਕਾਰੀ ਸਕੂਲਾਂ ਦੀਆਂ ਕਮੀਆਂ ਵੀ ਦਿੱਸਣ ਲੱਗ ਪਈਆਂ। ਮਾਸਟਰਾਂ ਦੇ ਪੋਤੜੇ ਵੀ ਫਰੋਲਣੇ ਸ਼ੁਰੂ ਕਰ ਦਿੱਤੇ। ਇਸ ਪਿੰਡ ਦੇ ਸਕੂਲ ਵਿੱਚ ਨੰਬਰਦਾਰਾਂ ਦੀ ਨੂੰਹ ਹੀ ਪ੍ਰਿੰਸੀਪਲ ਸੀ। ਸਾਰੇ ਕਹਿੰਦੇ ਸੀ ਕਿ ਉਹ ਬੀਏ ਪਾਸ ਹੈ। ਉਸ ਦਾ ਬਣ ਠਣ ਕੇ ਸਕੂਲ ਆਉਣਾ, ਬੱਚਿਆਂ ਨੂੰ ਪਿਆਰ ਨਾਲ ਬੁਲਾਉਣਾ ਤੇ ਸਭ ਤੋਂ ਵਧ ਹਰ ਇੱਕ ਨੂੰ ਹੱਸ ਕੇ ਸਤਿ ਸ੍ਰੀ ਅਕਾਲ ਬੁਲਾਉਣਾ ਹਰ ਕਿਸੇ ਨੂੰ ਕੀਲ ਰਿਹਾ ਸੀ। ਇਸ ਤਰ੍ਹਾਂ ਹੌਲੀ ਹੌਲੀ ਸਰਕਾਰੀ ਮਾਸਟਰਾਂ ਦਾ ਸਤਿਕਾਰ ਵੀ ਘਟਣ ਲੱਗਾ ਤੇ ਸਰਕਾਰੀ ਸਕੂਲਾਂ ਪਰਤੀ ਬੇਰੁਖੀ ਵਧ ਗਈ।

ਥੋੜੇ ਚਿਰ ਬਾਅਦ ਨੰਬਰਦਾਰਾਂ ਨੇ ਨਿਆਈਂ ਵਾਲੇ ਖੇਤ ਵਿੱਚ ਨਵੀਂ ਬਿਲਡਿੰਗ ਪਾ ਕੇ ਸਕੂਲ ਉਥੇ ਸ਼ਿਫਟ ਕਰ ਦਿੱਤਾ। ਨੰਬਰਦਾਰ ਗੁਰਦੁਆਰੇ ਦਾ ਪ੍ਰਧਾਨ ਵੀ ਸੀ। ਗੁਰਦੁਆਰੇ ਹੁੰਦੇ ਇਕੱਠਾਂ ਵਿੱਚ ਉਹ ਆਪਣੇ ਸਕੂਲ ਅਤੇ ਨੂੰਹ ਦੀ ਵਡਿਆਈ ਕਰਦਾ। ਹੁਣ ਸਾਡਾ ਪਿੰਡ ਅੰਗਰੇਜ਼ੀ ਸਕੂਲ ਦੇ ਰੰਗ ਵਿੱਚ ਰੰਗਿਆ ਗਿਆ ਸੀ।

ਪਿੰਡ ਦੇ ਸਰਦੇ ਪੁਜਦੇ ਘਰਾਂ ਦੇ ਬੱਚੇ ਹੁਣ ਅੰਗਰੇਜ਼ੀ ਸਕੂਲ ਵਿੱਚ ਦਾਖਲ ਹੋ ਗਏ ਸਨ। ਸਰਕਾਰੀ ਸਕੂਲ ਵਿੱਚ ਵਿਹੜੇ ਵਾਲਿਆਂ ਦੇ ਬੱਚੇ ਜਾਂ ਫ਼ਿਰ ਜਿਨ੍ਹਾਂ ਵਿੱਚ ਅੰਗਰੇਜ਼ੀ ਸਕੂਲ ਦੀ ਫੀਸ ਦੇਣ ਦੀ ਪਹੁੰਚ ਨਹੀਂ ਸੀ, ਉਨ੍ਹਾਂ ਦੇ ਬੱਚੇ ਹੀ ਜਾਂਦੇ, ਪਰ ਝੂਰਦੇ ਉਹ ਵੀ ਰਹਿੰਦੇ ਕਿ ਕਾਸ਼ ਉਨ੍ਹਾਂ ਦੇ ਬੱਚੇ ਵੀ ਅੰਗਰੇਜ਼ੀ ਸਕੂਲ ਵਿੱਚ ਪੜ੍ਹਦੇ। ਇਸ ਤਰ੍ਹਾਂ ਹੌਲੀ ਹੌਲੀ ਸਰਕਾਰੀ ਸਕੂਲ ਵੱਲੋਂ ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਦਾ ਧਿਆਨ ਹਟਣ ਲੱਗਾ। ਇਹ ਧਾਰਨਾ ਬਣ ਗਈ ਕਿ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਬੱਚੇ ਕੁਝ ਨਹੀਂ ਬਣ ਸਕਦੇ। ਇਸ ਤਰ੍ਹਾਂ ਹੌਲੀ ਹੌਲੀ ਸਾਡੇ ਪਿੰਡ ਨੇ ਸਰਕਾਰੀ ਸਕੂਲ ਨੂੰ ਤਿਲਾਂਜਲੀ ਦੇ ਦਿੱਤੀ।

ਉਸ ਤੋਂ ਬਾਅਦ ਦਾ ਨਜ਼ਾਰਾ ਸਾਡੇ ਸਾਹਮਣੇ ਹੈ। ਕਿਵੇਂ ਧੜਾ ਧੜ ਪ੍ਰਾਈਵੇਟ ਸਕੂਲ ਜੋ ਕਿ ਨਿੱਜੀ, ਟਰੱਸਟਾਂ, ਧਾਰਮਿਕ ਡੇਰਿਆਂ, ਸੰਸਥਾਵਾਂ, ਵੱਡੇ ਕਾਰੋਬਾਰੀਆਂ ਦੀ ਮਲਕੀਅਤ ਹਨ, ਪੰਜਾਬ ਦੇ ਹਰ ਗਲੀ ਕੂਚੇ ਖੁੱਲ੍ਹ ਚੁੱਕੇ ਹਨ ਤੇ ਦੋਹੀਂ ਹੱਥੀਂ ਕਮਾਈਆਂ ਕਰ ਰਹੇ ਹਨ। ਹਾਲਤ ਇਹ ਹੋ ਗਈ ਕਿ ਸਰਕਾਰੀ ਸਕੂਲ ਸਿਰਫ਼ ਵਿਹੜੇ ਵਾਲਿਆਂ ਦੇ ਹੋ ਕੇ ਰਹਿ ਗਏ ਹਨ, ਜਿਨ੍ਹਾਂ ਨੂੰ ਅਸੀਂ ਪੜ੍ਹੇ-ਲਿਖੇ ਵੀ ਨਫ਼ਰਤ ਕਰਦੇ ਹਾਂ।

ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬਹੁਤੇ ਬੱਚੇ ਪਰਵਾਸੀ ਮਜ਼ਦੂਰਾਂ ਦੇ ਹਨ। ਇਹ ਪੰਜਾਬ ਦੇ ਵਸਨੀਕ ਹਨ। ਪੰਜਾਬ ਦੇ ਸਿਖਿਆ ਬੋਰਡ ਅਧੀਨ ਚੱਲ ਰਹੇ ਸਰਕਾਰੀ ਸਕੂਲਾਂ ਵਿੱਚ ਪੜ੍ਹਨਗੇ। ਕੁਝ ਨੌਕਰ, ਕੁਝ ਅਫ਼ਸਰ ਵੀ ਬਣਨਗੇ। ਅਫਸਰ ਫਿਰ ਪੰਜਾਬ ਦੇ ਫੈਸਲੇ ਵੀ ਕਰਨਗੇ। ਸਾਡੇ ਬੱਚੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਨਗੇ। ਪਲੱਸ ਟੂ ਤੋਂ ਬਾਅਦ ਆਇਲਜ਼ ਕਰਨਗੇ ਤੇ ਵਿਦੇਸ਼ ਜਾਣ ਲਈ ਜਹਾਜ਼ ਚੜ੍ਹਨਗੇ। ਸਾਨੂੰ ਤੇ ਆਪਣੀ ਧਰਤੀ ਨੂੰ ‘ਬਾਏ ਬਾਏ’ ਕਰਨਗੇ ਤੇ ਅੰਤ ਪਰਵਾਸੀ ਬਣਨਗੇ। ਹੁਣ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿਦੇਸ਼ ਵਿੱਚ ਪੀਆਰ ਹੋਣ ਤੇ ਲੱਡੂ ਵੰਡਦੇ ਹਾਂ ਤਾਂ ਪਰਵਾਸੀਆਂ ਦੇ ਬੱਚੇ ਜੋ ਪੰਜਾਬ ਦੇ ਸਿਟੀਜ਼ਨ/ਸ਼ਹਿਰੀ ਹਨ, ਉਨ੍ਹਾਂ ਨੂੰ ਕਿਸ ਅਧਾਰ ’ਤੇ ਪੰਜਾਬ ’ਚੋਂ ਕੱਢਣ ਦੀ ਗੱਲ ਹੋ ਰਹੀ ਹੈ। ਡਾਂਗ-ਸੋਟਾ ਛੱਡੋ। ਕੁਝ ਅਕਲ ਨੂੰ ਹੱਥ ਮਾਰੋ। ਆਓ ਵੀਰੋ ਸਿਰਾਂ ਨੂੰ ਵਰਤੀਏ।