ਸਰਾਫ਼ ਕਤਲ ਕਾਂਡ – ਬਿਹਾਰ ਦੀ ਜੇਲ੍ਹ ’ਚ ਰਚੀ ਗਈ ਸੀ ਲੁੱਟ ਦੀ ਸਾਜਿਸ਼

ਸਰਾਫ਼ ਕਤਲ ਕਾਂਡ – ਬਿਹਾਰ ਦੀ ਜੇਲ੍ਹ ’ਚ ਰਚੀ ਗਈ ਸੀ ਲੁੱਟ ਦੀ ਸਾਜਿਸ਼

ਮੋਗਾ- ਪੰਜਾਬ ਪੁਲੀਸ ਅਤੇ ਏਜੀਟੀਐਫ਼ (ਗੈਂਗਸਟਰ ਵਿਰੋਧੀ ਟਾਸਕ ਫੋਰਸ) ਵੱਲੋਂ ਗ੍ਰਿਫ਼ਤਾਰ ਮੋਗਾ ਵਿੱਚ 12 ਜੂਨ ਨੂੰ ਸਰਾਫ਼ ਪਰਮਿੰਦਰ ਸਿੰਘ ਉਰਫ਼ ਵਿੱਕੀ ਦੀ ਹੱਤਿਆ ਕਰਕੇ ਗਹਿਣੇ ਲੁੱਟਣ ਵਾਲੇ ਮੁਲਜ਼ਮਾਂ ਨੇ ਪੁਲੀਸ ਰਿਮਾਂਡ ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਇਥੇ ਫ਼ਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਕੁਮਾਰ ਯਾਦਵ ਅਤੇ ਐੱਸਐੱਸਪੀ ਜੇ. ਏਲਨਚੇਜ਼ੀਅਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਨੇ ਬਿਹਾਰ ਦੀ ਬਿਊੜ ਜੇਲ ’ਚ ਡਕੈਤੀ ਦੀ ਯੋਜਨਾ ਤਿਆਰ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਸਰਾਫ਼ ਦੀ ਦੁਕਾਨ ਤੋਂ ਕਰੀਬ 22 ਤੋਲੇ ਸੋਨਾ ਲੁੱਟਿਆ ਸੀ, ਜਿਸ ਵਿੱਚੋਂ 109 ਗ੍ਰਾਮ ਸੋਨਾ ਪੁਲੀਸ ਨੇ ਪਟਨਾ ਤੋਂ ਗ੍ਰਿਫਤਾਰ ਕੀਤੇ ਤਿੰਨ ਮੁਲਜਮਾਂ ਦੇ ਕਬਜ਼ੇ ਵਿੱਚੋਂ ਬਰਾਮਦ ਕੀਤਾ ਹੈ। ਇਹ ਸੋਨਾ ਢਾਲ ਲਿਆ ਗਿਆ ਸੀ। ਬਾਕੀ ਸੋਨਾ ਬਰਾਮਦ ਕਰਨਾ ਬਾਕੀ ਹੈ। ਆਈਜੀ ਨੇ ਦੱਸਿਆ ਕਿ ਜਲੰਧਰ ਦਾ ਰਹਿਣ ਵਾਲਾ ਰਾਜਵੀਰ ਸਿੰਘ ਇਸ ਵਾਰਦਾਤ ਦਾ ਮੁੱਖ ਸਾਜਿਸ਼ਘਾੜਾ ਹੈ, ਜੋ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ। ਪਟਨਾ ਵਿੱਚ, ਉਹ ਇੱਕ ਬਾਹੂਬਲੀ ਨਾਲ ਕੰਮ ਕਰਦਾ ਹੈ, ਇੱਕ ਮਾਮਲੇ ਵਿੱਚ ਰਾਜਵੀਰ ਸਿੰਘ ਉਰਫ ਰਾਣਾ ਬਿਹਾਰ ਦੀ ਬਿਊੜ ਜੇਲ੍ਹ ਵਿੱਚ ਬੰਦ ਸੀ, ਜਦਕਿ ਇੱਕ ਹੋਰ ਮੁਲਜ਼ਮ ਉੱਥੇ ਬੰਦ ਸੀ, ਉੱਥੇ ਹੀ ਦੋਵਾਂ ਦੀ ਮੁਲਾਕਾਤ ਹੋਈ, ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਹੋਰ ਸਾਥੀਆਂ ਨਾਲ ਮਿਲ ਕੇ ਪੰਜਾਬ ਵਿੱਚ ਸਰਾਫ਼ ਨੂੰ ਲੱੁਟਣ ਦੀ ਯੋਜਨਾ ਬਣਾਈ। ਇਸ ਸਬੰਧੀ ਜਦੋਂ ਉਨ੍ਹਾਂ ਨੇ ਗੂਗਲ ’ਤੇ ਸਰਚ ਕੀਤਾ ਤਾਂ ਉਨ੍ਹਾਂ ਨੂੰ ਮੋਗਾ ਉਕਤ ਸੁਨਿਆਰੇ ਬਾਰੇ ਏਸ਼ੀਆ ਵਿੱਚੋਂ ਸਭ ਤੋਂ ਵੱਡਾ ਕਾਰੋਬਾਰੀ ਹੋਣ ਬਾਰੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਘੜੀ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਵਾਰਦਾਤ ਬਾਅਦ ਬਿਹਾਰ ਦੇ ਇੱਕ ਵਿਧਾਇਕ ਦੇ ਘਰ ਪਨਾਹ ਲੈਣ ਦੀ ਜਾਂਚ ਕੀਤੀ ਜਾ ਰਹੀ ਹੈ। ਆਈਜੀ ਨੇ ਕਿਹਾ ਕਿ ਤਫ਼ਤੀਸ਼ ਦੌਰਾਨ ਜੋ ਵੀ ਮੁਲਜ਼ਮ ਹੋਵੇਗਾ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ। ਮੁਲਜ਼ਮਾਂ ਨੇ ਪਹਿਲਾਂ 2 ਜੂਨ ਨੂੰ ਰੇਕੀ ਕੀਤੀ ਸੀ। ਆਈਜੀ ਨੇ ਕਿਹਾ ਕਿ ਲੁਟੇਰਿਆਂ ਦਾ ਉਦੇਸ਼ ਲੁੱਟ-ਖੋਹ ਕਰਨਾ ਸੀ, ਪਰ ਸਰਾਫ਼ ਨੇ ਸਵੈ-ਰੱਖਿਆ ਲਈ ਰਿਵਾਲਵਰ ਕੱਢ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁੁਲਜ਼ਮਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮੌਕੇ ਐੱਸਪੀਡੀ ਅਜੇ ਰਾਜ ਸਿੰਘ, ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਥਾਣਾ ਸਿਟੀ ਦੱਖਣੀ ਮੁਖੀ ਅਮਨਦੀਪ ਸਿੰਘ ਕੰਬੋਜ ਤੇ ਹੋਰ ਅਧਿਕਾਰੀ ਮੌਜੂਦ ਸਨ।