ਭਾਰਤ ਤੇ ਅਮਰੀਕਾ ਹਰ ਚੁਣੌਤੀ ਲਈ ਤਿਆਰ: ਮੋਦੀ

ਭਾਰਤ ਤੇ ਅਮਰੀਕਾ ਹਰ ਚੁਣੌਤੀ ਲਈ ਤਿਆਰ: ਮੋਦੀ

ਚਾਰ ਰੋਜ਼ਾ ਦੌਰੇ ਲਈ ਅਮਰੀਕਾ ਪੁੱਜੇ; ਫੇਰੀ ਨੂੰ ਦੁਵੱਲੀ ਸਾਂਝ ਮਜ਼ਬੂਤ ਕਰਨ ਦਾ ਮੌਕਾ ਦੱਸਿਆ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਰੋਜ਼ਾ ਦੌਰੇ ਲਈ ਅਮਰੀਕਾ ਪਹੁੰਚ ਗਏ ਹਨ। ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ ’ਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਫੇਰੀ ਵੰਨ-ਸੁਵੰਨਤਾ ਤੇ ਸਾਂਝ ਨੂੰ ਹੋਰ ਬਿਹਤਰ ਤੇ ਮਜ਼ਬੂਤ ਬਣਾਉਣ ਦਾ ਮੌਕਾ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦੋਵੇਂ ਮੁਲਕ ਇਕਜੁੱਟ ਹੋ ਕੇ ਸਾਂਝੀਆਂ ਆਲਮੀ ਚੁਣੌਤੀਆਂ ਦਾ ਵਧੇਰੇ ਮਜ਼ਬੂਤੀ ਨਾਲ ਟਾਕਰਾ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਵੱਲੋਂ ਸਰਕਾਰੀ ਦੌਰੇ ਲਈ ਦਿੱਤਾ ‘ਵਿਸ਼ੇਸ਼ ਸੱਦਾ’ ਦਰਸਾਉਂਦਾ ਹੈ ਕਿ ਦੋਵਾਂ ਜਮਹੂਰੀਅਤਾਂ ਦਰਮਿਆਨ ਇਹ ਭਾਈਵਾਲੀ ਕਿੰਨੀ ਮਜ਼ਬੂਤ ਤੇ ਅਹਿਮ ਹੈ। ਸ੍ਰੀ ਮੋਦੀ 21 ਜੂਨ ਨੂੰ ਅਮਰੀਕਾ ਪਹੁੰਚਣਗੇ ਤੇ 24 ਜੂਨ ਤੱਕ ਸਰਕਾਰੀ ਦੌਰੇ ’ਤੇ ਰਹਿਣਗੇ। ਅਮਰੀਕਾ ਤੋੋਂ ਵਤਨ ਵਾਪਸੀ ਮੌਕੇ ਉਹ ਮਿਸਰ ਵੀ ਜਾਣਗੇ। ਸ੍ਰੀ ਮੋਦੀ ਨੇ ਅਮਰੀਕਾ ਤੇ ਮਿਸਰ ਦੀ ਫੇਰੀ ਤੋਂ ਪਹਿਲਾਂ ਅੱਜ ਇਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਬਾਇਡਨ ਤੇ ਹੋਰਨਾਂ ਸੀਨੀਅਰ ਅਮਰੀਕੀ ਆਗੂਆਂ ਨਾਲ ਹੋਣ ਵਾਲੀ ਵਿਚਾਰ ਚਰਚਾ ਦੁਵੱਲੇ ਸਹਿਯੋਗ ਦੇ ਨਾਲ ਜੀ-20, ਕੁਆਡ ਤੇ ਆਈਪੀਈਐੱਫ (ਇੰਡੋ-ਪੈਸੇਫਿਕ ਇਕਨੋਮਿਕ ਫਰੇਮਵਰਕ ਫਾਰ ਪ੍ਰੌਸਪੈਰਿਟੀ) ਜਿਹੇ ਬਹੁਪੱਖੀ ਮੰਚਾਂ ਉੱਤੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਮੌਕਾ ਮੁਹੱਈਆ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਆਪਣੇ ਦੌਰੇ ਦੀ ਸ਼ੁਰੂਆਤ ਨਿਊਯਾਰਕ ਤੋਂ ਕਰਾਂਗਾ, ਜਿੱਥੇ ਮੈਂ 21 ਜੂਨ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰਜ਼ ਵਿੱਚ ਯੂਐੱਨ ਲੀਡਰਸ਼ਿਪ ਤੇ ਕੌਮਾਂਤਰੀ ਭਾਈਚਾਰ ਦੇ ਮੈਂਬਰਾਂ ਨਾਲ ਕੌਮਾਂਤਰੀ ਯੋਗ ਦਿਹਾੜਾ ਮਨਾਵਾਂਗਾ।’’ ਸ੍ਰੀ ਮੋਦੀ ਨੇ ਕਿਹਾ ਕਿ ਇਸ ਮਗਰੋਂ ਉਹ ਵਾਸ਼ਿੰਗਟਨ ਡੀਸੀ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਤੰਬਰ 2021 ਵਿੱਚ ਅਮਰੀਕਾ ਦੀ ਆਪਣੀ ਸਰਕਾਰੀ ਫੇਰੀ ਮਗਰੋਂ ਰਾਸ਼ਟਰਪਤੀ ਬਾਇਡਨ ਤੇ ਉਨ੍ਹਾਂ ਨੂੰ ਮਿਲਣ ਦਾ ਕਈ ਵਾਰ ਮੌਕਾ ਮਿਲਿਆ। ਉਨ੍ਹਾਂ ਕਿਹਾ, ‘‘ਇਹ ਫੇਰੀ ਸਾਡੀ ਭਾਈਵਾਲੀ ਦੀ ਵੰਨ-ਸੁਵੰਨਤਾ ਤੇ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੋਵੇਗੀ।’’ ਸ੍ਰੀ ਮੋਦੀ ਨੇ ਕਿਹਾ ਕਿ ਅਮਰੀਕਾ ਵਸਤਾਂ ਤੇ ਸੇਵਾਵਾਂ ਦੇ ਖੇਤਰ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਤੇ ਦੋਵੇਂ ਮੁਲਕ ਵਿਗਿਆਨ ਤੇ ਤਕਨਾਲੋਜੀ, ਸਿੱਖਿਆ, ਸਿਹਤ ਤੇ ਸੁਰੱਖਿਆ ਦੇ ਖੇਤਰ ਵਿੱਚ ਨੇੜਿਓਂ ਸਹਿਯੋਗ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਦੋਵੇਂ ਮੁਲਕ ਮੁਕਤ, ਖੁੱਲ੍ਹੇ ਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਨੂੰ ਲੈ ਕੇ ਸਾਂਝੇ ਨਜ਼ਰੀਏ ਦੀ ਦਿਸ਼ਾ ਵਿੱਚ ਵੀ ਮਿਲ ਕੇ ਕੰਮ ਕਰ ਰਹੇ ਹਾਂ।’’ ਸ੍ਰੀ ਮੋਦੀ ਨੇ ਇਕ ਟਵੀਟ ਵਿੱਚ ਕਿਹਾ ਕਿ ਅਮਰੀਕਾ ਵਿਚ ਉਨ੍ਹਾਂ ਨੂੰ ਕਾਰੋਬਾਰੀ ਆਗੂਆਂ ਨਾਲ ਬੈਠਕ ਕਰਨ, ਭਾਰਤੀ ਭਾਈਚਾਰੇ ਨਾਲ ਸੰਵਾਦ ਰਚਾਉਣ ਤੇ ਵੱਖ ਵੱਖ ਖੇਤਰਾਂ ਦੇ ਲੋਕਾਂ ਨੂੰ ਮਿਲਣ ਦਾ ਵੀ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਬਾਇਡਨ ਤੇ ਪ੍ਰਥਮ ਮਹਿਲਾ ਤੇ ਹੋਰਨਾਂ ਕਈ ਨਾਮੀ ਹਸਤੀਆਂ ਨਾਲ ਰਾਜਕੀ ਭੋਜ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਅਮਰੀਕੀ ਸੰਸਦ ਨੇ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਹਮੇਸ਼ਾ ਮਜ਼ਬੂਤ ਦੁਵੱਲੀ ਹਮਾਇਤ ਦਿੱਤੀ ਹੈ।