‘ਆਪ’ ਨੇ ਲੋਕ ਭਲਾਈ ਲਈ ਇਤਿਹਾਸਕ ਪਹਿਲਕਦਮੀਆਂ ਕੀਤੀਆਂ: ਮਾਨ

‘ਆਪ’ ਨੇ ਲੋਕ ਭਲਾਈ ਲਈ ਇਤਿਹਾਸਕ ਪਹਿਲਕਦਮੀਆਂ ਕੀਤੀਆਂ: ਮਾਨ

ਮੁੱਖ ਮੰਤਰੀ ਵੱਲੋਂ ਜਲੰਧਰ ਵਿੱਚ 30 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਜਲੰਧਰ – ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕਈ ਇਤਿਹਾਸਕ ਪਹਿਲਕਦਮੀਆਂ ਕੀਤੀਆਂ ਹਨ।

ਸ੍ਰੀ ਮਾਨ ਨੇ ਜਲੰਧਰ ਦੇ ਸਰਬਪੱਖੀ ਵਿਕਾਸ ਦਾ ਵਾਅਦਾ ਕਰਦਿਆਂ 30 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਆਗਾਜ਼ ਕਰ ਕੇ ਸ਼ਹਿਰ ਨੂੰ ਵੱਡੀ ਸੌਗਾਤ ਦਿੱਤੀ ਹੈ। ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਲੋਕ ਸਭਾ ਸੀਟ ਦੀ ਜਿੱਤ ਨੇ ਉਨ੍ਹਾਂ ਵਿੱਚ ਲੋਕਾਂ ਦੀ ਸੇਵਾ ਕਰਨ ਦੀ ਹੋਰ ਵੀ ਨਿਮਰ ਭਾਵਨਾ ਭਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਸ ਲੋਕ ਸਭਾ ਹਲਕੇ ਤੋਂ ‘ਆਪ’ ਦੇ ਸੰਸਦ ਮੈਂਬਰ ਨੇ ਅਜੇ ਸਹੁੰ ਨਹੀਂ ਚੁੱਕੀ ਪਰ 100 ਕਰੋੜ ਰੁਪਏ ਦੇ ਕੰਮ ਸ਼ੁਰੂ ਹੋ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਵਿਆਪਕ ਵਿਕਾਸ ਅਤੇ ਤਰੱਕੀ ਨਾਲ ਚਮਕੇਗਾ। ਉਨ੍ਹਾਂ ਕਿਹਾ ਕਿ ਜਲੰਧਰ-ਆਦਮਪੁਰ-ਹੁਸ਼ਿਆਰਪੁਰ ਸੜਕ ਦਾ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਜੰਡਿਆਲਾ-ਗੁਰਾਇਆ ਰੋਡ ਦਾ ਕੰਮ ਵੀ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਹਪੁਰ ਕੰਢੀ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਬਿਸਤ-ਦੋਆਬ ਨਹਿਰ ਨੂੰ ਪਾਣੀ ਦੀ ਘਾਟ ਨਾਲ ਨਹੀਂ ਜੂਝਣਾ ਪਵੇਗਾ ਅਤੇ 10,000 ਏਕੜ ਜ਼ਮੀਨ ਨਹਿਰੀ ਪਾਣੀ ਦੀ ਸਿੰਜਾਈ ਹੇਠ ਆ ਜਾਵੇਗੀ। ਇਸ ਮੌਕੇ ਮੰਤਰੀ ਬਲਕਾਰ ਸਿੰਘ, ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਬਲਬੀਰ ਸਿੰਘ ਸੀਚੇਵਾਲ, ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਹੋਰ ਹਾਜ਼ਰ ਸਨ।

‘ਲੋਕ-ਪੱਖੀ ਸਕੀਮਾਂ ਸ਼ੁਰੂ ਕਰਨ ਵਾਲਿਆਂ ਨੂੰ ਕੇਂਦਰ ਕਰ ਰਿਹੈ ਪ੍ਰੇਸ਼ਾਨ’

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਹਰ ਦੇਸ਼ ਵਾਸੀ ਦੇ 15 ਲੱਖ ਰੁਪਏ ਕਿੱਥੇ ਗਏ। ਮਾਨ ਨੇ ਕਿਹਾ ਕਿ ਮੋਦੀ ਆਮ ਵਿਅਕਤੀ ਦੇ ਹਿੱਤਾਂ ਦੇ ਵਿਰੁੱਧ ਹਨ। ਇਸ ਕਾਰਨ ਉਨ੍ਹਾਂ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਲੋਕ-ਪੱਖੀ ਸਕੀਮਾਂ ਸ਼ੁਰੂ ਕਰਨ ਵਾਲੇ ਆਗੂਆਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਹੋਇਆ ਹੈ।