ਸੈਰ ਸਫ਼ਰ – ਦੁਬਈ ਵਿੱਚ ਸੱਤ ਦਿਨ

ਸੈਰ ਸਫ਼ਰ – ਦੁਬਈ ਵਿੱਚ ਸੱਤ ਦਿਨ

ਯਸ਼ਪਾਲ ਮਾਨਵੀ

ਦਿੱਲੀ ਤੋਂ ਸਾਢੇ ਤਿੰਨ ਘੰਟੇ ਦੀ ਉਡਾਣ ਨਾਲ ਅਸੀਂ ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚ ਗਏ। ਦੁਬਈ ਦਾ ਸਮਾਂ 1 ਘੰਟਾ 30 ਮਿੰਟ ਪਿੱਛੇ ਹੈ। ਇਸ ਲਈ ਦਿਨ ਦੇ ਸਮੇਂ ਵਿੱਚ ਡੇਢ ਘੰਟੇ ਦਾ ਲਾਹਾ ਹੋ ਜਾਂਦਾ ਹੈ। ਦੁਪਹਿਰ ਦੇ ਖਾਣੇ ਦਾ ਸਮਾਂ ਹੋਣ ਕਾਰਨ ਖਾਣਾ ਖਾਧਾ ਅਤੇ ਥੋੜ੍ਹਾ ਆਰਾਮ ਕਰਨ ਮਗਰੋਂ ਸ਼ਾਮ ਨੂੰ ਗਲੋਬਲ ਵਿਲੇਜ ਯਾਨੀ ਸੰਸਾਰ ਦਾ ਪਿੰਡ ਦੇਖਣ ਚਲੇ ਗਏ। ਜਿਉਂ ਹੀ ਟੂਰ ਬਸ ਰਾਹੀਂ ਉੱਥੇ ਪਹੁੰਚੇ ਤਾਂ ਸਾਰਾ ਥਕੇਵਾਂ ਲਹਿ ਗਿਆ। ਸੁੰਦਰਤਾ ਦੀ ਝਲਕ ਝੱਲੀ ਨਹੀਂ ਸੀ ਜਾਂਦੀ। 36 ਸ਼ਾਨਦਾਰ ਮੰਡਪ ਇਸ ਕਦਰ ਦੇਖਣ ਨੂੰ ਮਿਲਦੇ ਹਨ ਜਿਵੇਂ ਸਾਰੀ ਦੁਨੀਆਂ ਇਕੱਠੀ ਹੋ ਗਈ ਹੋਵੇ। ਇਸ ਵਿੱਚ ਭਾਰਤ, ਰੂਸ, ਅਮਰੀਕਾ, ਚੀਨ, ਸੰਯੁਕਤ ਅਰਬ ਅਮੀਰਾਤ (ਯੂਏਈ), ਥਾਈਲੈਂਡ, ਪਾਕਿਸਤਾਨ ਆਦਿ ਦੇਸ਼ਾਂ ਦੇ ਮੰਡਪ ਸ਼ਾਮਲ ਹਨ। ਹਜ਼ਾਰਾਂ ਦੁਕਾਨਾਂ, ਸਭਿਆਚਾਰਕ ਸਰਗਰਮੀਆਂ, ਰੰਗ ਬਰੰਗੇ ਖਾਣ-ਪੀਣ ਅਤੇ ਪੁਸ਼ਾਕਾਂ ਨਾਲ ਤੁਸੀਂ ਸਾਰਾ ਕੁਝ ਤਾਂ ਸ਼ਾਇਦ ਹਫ਼ਤੇ ਭਰ ਵਿੱਚ ਵੀ ਨਾ ਦੇਖ ਸਕੋ। ਥੋੜ੍ਹੇ ਸਮੇਂ ਵਿੱਚ ਦ੍ਰਿਸ਼ਾਂ ਦਾ ਪੂਰਾ ਲਾਹਾ ਲੈਣ ਲਈ ਅਸੀਂ ਬੈਟਰੀ ਵਾਲੀ ਕਾਰ ਵਿੱਚ ਘੁੰਮੇ। ਪ੍ਰਤੀ ਵਿਅਕਤੀ 20 ਦਿਰ੍ਹਮ ਲੱਗਦੇ ਹਨ। ਇੱਕ ਦਿਰ੍ਹਮ ਲਗਭਗ 23 ਰੁਪਏ ਦੇ ਬਰਾਬਰ ਹੈ। ਹੋਟਲ ਨੂੰ ਵਾਪਸੀ ਵੇਲੇ ਨੋਟ ਕੀਤਾ ਕਿ ਕਾਰਾਂ ਇੰਜ ਚੱਲਣ ਜਿਵੇਂ ਬੈਟਰੀ ਨਾਲ ਚੱਲਦੀਆਂ   ਹੋਣ। ਚੱਲਦੀ ਸ਼ਾਂਤ-ਚਿੱਤ ਸਾਫ਼ ਸੁਥਰੀ ਸੜਕ ਨੇ ਸੀਨਾ ਠਾਰ ਦਿੱਤਾ।

ਦੂਜਾ ਦਿਨ ਦੁਬਈ ਸ਼ਹਿਰ ਦਾ ਟੂਰ ਸੀ। ਗਾਈਡ ਮਾਈਕ ’ਤੇ ਬੋਲ ਕੇ ਨਾਲੋ ਨਾਲ ਜਾਣਕਾਰੀ ਦਿੰਦਾ ਰਹਿੰਦਾ ਹੈ। ਇਸ ਤਰ੍ਹਾਂ ਦੁਬਈ ਦੀ ਅਹਿਮੀਅਤ ਉਜਾਗਰ ਹੋ ਜਾਂਦੀ ਹੈ। ਯੂਏਈ ਸੰਘ ਵਿੱਚ ਸੱਤ ਮੈਂਬਰ ਅਬੂ ਧਾਬੀ 86.7 ਫ਼ੀਸਦੀ ਤੇ ਦੁਬਈ 5 ਫ਼ੀਸਦੀ ਅਤੇ ਬਾਕੀ ਸ਼ਾਰਜਾਹ, ਅਜਮਨ, ਉਮ-ਅਲ ਕੈਮਾਨ, ਰਸ-ਅਲ-ਖੈਮਾਹ ਅਤੇ ਫੁਜ਼ੈਰਾਹ ਕੇਵਲ 8.3 ਫ਼ੀਸਦੀ ਹਿੱਸਾ ਹਨ। ਇੱਕ ਅੰਦਾਜ਼ੇ ਮੁਤਾਬਿਕ ਸ਼ਹਿਰ ਵਿੱਚ ਮੂਲ ਆਬਾਦੀ ਮਹਿਜ਼ 5 ਫ਼ੀਸਦੀ ਹੈ। ਦੁਬਈ ਸ਼ਹਿਰ ਵਿੱਚ 200 ਕੌਮਾਂ ਦੇ ਲੋਕ ਰਹਿੰਦੇ ਹਨ। ਰਾਜਤੰਤਰ ਹੋਣ ਕਾਰਨ ਚੋਣਾਂ ਨਹੀਂ ਹੁੰਦੀਆਂ। ਦੁਬਈ ਸ਼ਹਿਰ ਦਾ ਖੇਤਰ ਮਹਿਜ਼ 35 ਵਰਗ ਕਿਲੋਮੀਟਰ ਹੈ ਅਤੇ ਦੁਬਈ ਅਮੀਰਾਤ ਦਾ 4114 ਵਰਗ ਕਿਲੋਮੀਟਰ। 1971 ਵਿੱਚ ਯੂਏਈ ਸੰਘ ਹੋਂਦ ਵਿੱਚ ਆਇਆ। ਇੱਥੇ ਖ਼ਜੂਰਾਂ ਦੀਆਂ 50 ਤੋਂ ਵੱਧ ਕਿਸਮਾਂ ਮਿਲਦੀਆਂ ਹਨ। ਸਭ ਤੋਂ ਪਹਿਲਾਂ ਜ਼ਬੀਲ ਦਾ ਸ਼ਾਨਦਾਰ ਮਹਿਲ ਦੇਖਿਆ। ਇਹ ਦੁਬਈ ਫਰੇਮ ਤੋਂ 6 ਕਿਲੋਮੀਟਰ ਦੂਰ ਹੈ। ਇਹ ਯੂਏਈ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਸੀ ਜਿਹੜੀ 1990 ਤੱਕ ਵਰਤੀ ਜਾਂਦੀ ਰਹੀ। ਇਸ ਦੁਆਲੇ ਹਰਿਆਵਲ ਬਾਕਮਾਲ ਹੈ। ਦੇਖਣ ਦਾ ਸਮਾਂ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੈ। ਜਿਸ ਥਾਂ ਤੱਕ ਦੇਖ ਸਕਦੇ ਉਸ ਤੋਂ ਅੱਗੇ ਸੁਰੱਖਿਆ ਦਲ ਦੀ ਕਾਰ ਖੜ੍ਹੀ ਹੁੰਦੀ ਹੈ, ਪਰ ਗਾਈਡ ਸ਼ੇਖ਼ ਦੀ ਹਲੀਮੀ ਦੀਆਂ ਖ਼ੂਬ ਗੱਲਾਂ ਸੁਣਾ ਰਿਹਾ ਸੀ। ਮਹਿਲ ਦੇ ਗੇਟ ’ਤੇ ਖੜ੍ਹੇ ਘੋੜੇ ਬਹੁਤ ਸ਼ਾਨਦਾਰ ਲੱਗ ਰਹੇ ਸਨ। ਦੁਬਈ ਫਰੇਮ, ਜੁਮੇਰਾ ਬੀਚ, ਬੁਰਜ-ਅਲ ਅਰਬ ਹੋਟਲ, ਭਵਿੱਖ ਦਾ ਮਿਉੂਜ਼ੀਅਮ ਆਦਿ ਬਾਰੇ ਜਾਣਕਾਰੀ ਮਿਲੀ। ਦੁਬਈ ਫਰੇਮ ਅਜਿਹਾ ਫਰੇਮ ਵਰਗਾ ਟਾਵਰ ਹੈ ਜਿਸ ਉੱਤੇ ਲਿਫ਼ਟ ਰਾਹੀਂ ਸਿਖ਼ਰ ’ਤੇ ਚੜ੍ਹ ਕੇ ਤੁਸੀਂ ਇੱਕ ਪਾਸੇ ਪੁਰਾਣੀ ਦੁਬਈ ਅਤੇ ਦੂਜੇ ਪਾਸੇ ਨਵੀਂ ਦੁਬਈ ਦਾ ਤੁਲਨਾਤਮਕ ਨਜ਼ਾਰਾ ਦੇਖ ਸਕਦੇ ਹੋ। ਦੁਬਈ ਫਰੇਮ ਦੀ ਉਚਾਈ 150.24 ਮੀਟਰ ਅਤੇ ਚੌੜਾਈ 95.23 ਮੀਟਰ ਹੈ। ਟਾਵਰਾਂ ਦੀ ਏਨੀ ਭਿੰਨਤਾ ਕਿ ਸਭ ਇੱਕ ਦੂਜੇ ਨੂੰ ਮਾਤ ਪਾ ਰਹੇ ਸਨ।

ਜੁਮੇਰਾ ਬੀਚ ’ਤੇ ਗਏ, ਲਾਜਵਾਬ ਸੀ। ਬੁਰਜ ਅਲ ਅਰਬ ਦੁਨੀਆਂ ਦਾ ਸਭ ਤੋਂ ਮਹਿੰਗਾ ਤੇ ਸਹੂਲਤ ਭਰਪੂਰ ਹੋਟਲ ਹੈ। ਇਹ ਦੁਨੀਆਂ ਦੇ ਸਭ ਤੋਂ ਉੱਚੇ ਹੋਟਲਾਂ ਵਿੱਚ ਸ਼ੁਮਾਰ ਹੈ। ਬਣਾਉਟੀ ਜਜ਼ੀਰੇ ਉੱਤੇ ਜੁਮੇਰਾ ਬੀਚ ਤੋਂ 280 ਮੀਟਰ ਦੂਰ ਹੈ। ਇਸ ਦੀ ਸ਼ਕਲ ਜਹਾਜ਼ ਦੇ ਬਾਦਵਾਨ ਵਰਗੀ ਹੈ। ਛੱਤ ਦੇ ਨੇੜੇ 210 ਮੀਟਰ ਉੱਚਾ ਹੈਲੀਪੈਡ ਹੈ। ਬੀਚ ’ਤੇ ਪਾਣੀ ਇੰਨਾ ਸਾਫ਼ ਸੀ ਜਿਵੇਂ ਸਵਿਮਿੰਗ ਪੂਲ ਵਿੱਚ ਹੋਵੇ। ਫਿਰ ਮੋਨੋਰੇਲ ਵਿੱਚ ਝੂਟੇ ਲਏ। ਆਲੇ-ਦੁਆਲੇ ਅੰਬਰ ਛੂੰਹਦੇ ਟਾਵਰ ਮਨੁੱਖੀ ਹਿੰਮਤ ਦੀ ਤਾਕਤ ਦਰਸਾ ਰਹੇ ਸਨ। ਅਸੀਂ ਸ਼ਾਮ ਚਾਰ ਵਜੇ ਮਾਰੂਥਲ ਦੀ ਸਫ਼ਾਰੀ ਜਾਣਾ ਸੀ। ਸਫ਼ਾਰੀ ਤੱਕ ਪਹੁੰਚਣ ਸਮੇਂ ਆਲੇ-ਦੁਆਲੇ ਦਾ ਮਾਰੂਥਲ ਬਿਲਕੁਲ ਉਵੇਂ ਹੈ ਜਿਵੇਂ ਜੈਸਲਮੇਰ (ਰਾਜਸਥਾਨ) ਵਿੱਚ। ਜਿਉਂ ਹੀ ਟਿਕਾਣੇ ’ਤੇ ਪਹੁੰਚੇ ਖ਼ੂਬ ਰੌਣਕਾਂ ਲੱਗੀਆਂ ਹੋਈਆਂ ਸਨ। ਅਸੀਂ ਸਾਰੇ ਹੋਟਲ ਤੋਂ ਹੀ 44 ਗੱਡੀਆਂ ਵਿੱਚ ਗਏ ਜਿਹੜੀਆਂ ਰੇਤ ਦੇ ਟਿੱਲਿਆਂ ਉੱਤੇ ਸਹਿਜੇ ਦੌੜ ਸਕਦੀਆਂ ਸਨ। ਗੱਡੀ ਦੇ ਡਰਾਈਵਰ ਯੂਨਸ ਦਾ ਪਹਿਰਾਵਾ ਸ਼ੇਖ਼ ਵਰਗਾ ਸੀ। ਉਸ ਨੇ ਮਾਰੂਥਲ ਦੀ ਸਫ਼ਾਰੀ ਦਾ ਆਨੰਦ ਵੀ ਦਿਵਾਇਆ ਅਤੇ ਝਟਕੇ ਵੀ ਨਹੀਂ ਲੱਗਣ ਦਿੱਤੇ। ਉਹ ਹਿੰਦੋਸਤਾਨੀ ਵੀ ਵਾਹਵਾ ਬੋਲਦਾ ਸੀ ਅਤੇ ਪੰਜਾਬੀ ਵੀ ਚੰਗੀ ਤਰ੍ਹਾਂ ਸਮਝ ਲੈਂਦਾ ਸੀ। ਬੇਗਾਨਗੀ ਦਾ ਅਹਿਸਾਸ ਤਾਂ ਹੋਇਆ ਹੀ ਨਹੀਂ। ਉਸ ਨੇ ਪੰਜਾਬੀ ਗਾਣੇ ਵੀ ਗੱਡੀ ਵਿੱਚ ਚਲਾਏ ਜਿਨ੍ਹਾਂ ਨਾਲ ਮਾਹੌਲ ਹੋਰ ਵੀ ਨਜ਼ਦੀਕੀ ਦਾ ਬਣ ਗਿਆ। ਸ਼ਾਮ ਨੂੰ ਰੰਗਾਰੰਗ ਪ੍ਰੋਗਰਾਮ ਵਿੱਚ ਬੈਲੇ ਨਾਚ, ਅੱਗ ਦਾ ਸ਼ੋਅ ਅਤੇ ਤਨੂਰਾ ਨਾਚ ਵੀ ਦੇਖਿਆ। ਸਟੇਜ ਉੱਤੇ ਇੱਕ ਪੰਜਾਬੀ (ਪਾਕਿਸਤਾਨੀ) ਬਾਜ਼ ਦੂਜੇ ਦੇ ਸਿਰ ਅਤੇ ਮੋਢਿਆਂ ਉੱਤੇ ਬਿਠਾ ਕੇ ਚੋਜ ਦਿਖਾ ਰਿਹਾ ਸੀ। ਪ੍ਰਤੀ ਵਿਅਕਤੀ 20 ਦਿਰ੍ਹਮ ਲੈਂਦਾ ਸੀ। ਅਸੀਂ ਤਿੰਨੇ ਮਿੱਤਰ ਬਾਜ਼ ਨਾਲ ਖੇਡੇ ਅਤੇ ਨਾਚ ਕੀਤਾ।

ਤੀਜਾ ਦਿਨ ਆਬੂਧਾਬੀ ਵਿੱਚ ਸ਼ੇਖ਼ ਜ਼ਯਦ ਗਰੈਂਡ ਮਸਜਿਦ ਦੇਖਣ ਦਾ ਸੀ। ਦੁਬਈ ਤੋਂ 165 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਜਿਉਂ ਹੀ ਆਬੂਧਾਬੀ ਵਿੱਚ ਦਾਖ਼ਲ ਹੁੰਦੇ ਹਾਂ ਤਾਂ ਸੜਕ ਦਾ ਰੰਗ ਬਦਲਣ ’ਤੇ ਪਤਾ ਲੱਗ ਜਾਂਦਾ ਹੈ ਕਿ ਦੂਜਾ ਅਮੀਰਾਤ ਆ ਗਿਆ ਹੈ। ਕੋਈ ਚੁੰਗੀ ਨਾਕਾ ਨਹੀਂ ਹੈ। ਸ਼ੇਖ਼ ਜ਼ਯਦ ਬਿਨ ਸੁਲਤਾਨ ਨੇ 2004 ਤੱਕ ਰਾਜ ਕੀਤਾ। ਉਹ ਕੱਟੜਤਾ ਅਤੇ ਇਕਪਾਸੜ ਸੋਚ ਤੋਂ ਦੂਰ ਸ਼ਹਿਣਸ਼ੀਲ ਸ਼ਾਸਕ ਸੀ। ਆਪਣੀ ਕੌਮ ਦੀ ਪਛਾਣ ਕਾਇਮ ਰੱਖਣ ਦੇ ਨਾਲ ਉਸ ਨੇ ਆਪਣੇ ਦੇਸ਼ ਨੂੰ ਅਤਿਅੰਤ ਅਹਿਮ ਬਣਾ ਦਿੱਤਾ। ਸ਼ਹਿਣਸ਼ੀਲਤਾ, ਮੁਹੱਬਤ ਅਤੇ ਸ਼ਾਂਤੀ ਦੀ ਪ੍ਰਤੀਕ ਮਸਜਿਦ ਸ਼ੇਖ਼ ਜ਼ਯਦ ਦੀ ਨਿਵੇਕਲੀ ਸੋਚ ਦੀ ਧਾਰਨੀ ਹੈ। ਸ਼ੁੱਕਰਵਾਰ ਤੋਂ ਬਿਨਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਦਰਸ਼ਕਾਂ ਲਈ ਖੁੱਲ੍ਹੀ ਹੁੰਦੀ ਹੈ। ਸ਼ੁੱਕਰਵਾਰ ਭਾਵ ਜੁੰਮੇ ਵਾਲੇ ਦਿਨ 9 ਤੋਂ 12 ਵਜੇ ਤੱਕ ਅਤੇ 3 ਵਜੇ ਸ਼ਾਮ ਤੋਂ 10 ਵਜੇ ਰਾਤ ਤੱਕ ਖੁੱਲ੍ਹੀ ਰਹਿੰਦੀ ਹੈ। ਦੁਨੀਆਂ ਦੀ ਇਸ ਨਿਵੇਕਲੀ ਮਸਜਿਦ ਨੂੰ ਬਣਾਉਣ ਦਾ ਇੱਕ ਉਦੇਸ਼ ਇਸਲਾਮੀ ਭਵਨ ਨਿਰਮਾਣ ਕਲਾ ਦਾ ਸਰਵੋਤਮ ਨਮੂਨਾ ਪੇਸ਼ ਕਰਨਾ ਸੀ ਜਿਸ ਨੂੰ ਕੌਮਾਂਤਰੀ ਯਾਤਰੀਆਂ ਲਈ ਸਿੱਖਿਆ ਤੇ ਟੂਰ ਦੇ ਮੰਤਵ ਲਈ ਵੀ ਵਰਤਿਆ ਜਾਵੇ। ਮਸਜਿਦ ਵਿੱਚ ਜਾਣ ਲਈ ਸ਼ਿਸ਼ਟਾਚਾਰ ਦੇ ਕਈ ਤਰੀਕੇ ਅਪਨਾਉਣੇ ਹੁੰਦੇ ਹਨ। ਪਾਰਦਰਸ਼ੀ ਕੱਪੜੇ, ਨਿੱਕਰਾਂ ਅਤੇ ਸਕਰਟਾਂ, ਸਲੀਵਲੈੱਸ, ਤੰਗ ਕੱਪੜੇ, ਤੈਰਾਕੀ ਅਤੇ ਸਮੁੰਦਰੀ ਬੀਚ ਵਾਲਾ ਪਹਿਰਾਵਾ ਮਨ੍ਹਾ ਹੈ। ਔਰਤਾਂ ਦੇ ਸਿਰ ਦੇ ਵਾਲ ਅਤੇ ਬਾਹਾਂ ਗੁੱਟ ਤੱਕ ਢਕੀਆਂ ਹੋਣੀਆਂ ਚਾਹੀਦੀਆਂ ਹਨ। ਮਰਦ ਅੱਧੀ ਬਾਂਹ ਵਾਲੀ ਕਮੀਜ਼ ਪਾ ਸਕਦੇ ਹਨ, ਪਰ ਜੇ ਬਾਂਹ ਉੱਤੇ ਕੋਈ ਟੈਟੂ ਜਾਂ ਹੋਰ ਕੁਝ ਉਕਰਿਆ ਹੋਇਆ ਹੈ ਤਾਂ ਪੂਰੀ ਬਾਂਹ ਵਾਲੀ ਕਮੀਜ਼ ਪਾਉਣੀ ਹੋਵੇਗੀ। ਮੁੱਖ ਪ੍ਰਾਰਥਨਾ ਹਾਲ ਵਿੱਚ ਹੱਥਾਂ ਨਾਲ ਬਣੀ ਦੁਨੀਆਂ ਦੀ ਸਭ ਤੋਂ ਵੱਡੀ ਕਾਲੀਨ (ਗਲੀਚਾ) ਵਿਛੀ ਹੋਈ ਹੈ। ਇਹ 1200 ਦੇ ਕਰੀਬ ਕਾਰੀਗਰਾਂ ਨੇ ਬਣਾਈ। ਦੋ ਸਾਲਾਂ ਵਿੱਚ ਬਣੇ ਇਸ ਇੱਕ-ਪੀਸ ਗਲੀਚੇ ਦਾ ਖੇਤਰ 5700 ਵਰਗਮੀਟਰ ਹੈ। ਇਸ ਵਿੱਚ 70 ਫ਼ੀਸਦੀ ਉੱਨ ਅਤੇ 30 ਫ਼ੀਸਦੀ ਕਪਾਹ ਹੈ। ਇਸ ਮਸਜਿਦ ਦੇ ਚਾਰ ਮੀਨਾਰ ਹਨ ਜਿਨ੍ਹਾਂ ਦੀ ਉਚਾਈ ਤਕਰੀਬਨ 106 ਮੀਟਰ ਹੈ। ਮੀਨਾਰ ਲਫ਼ਜ਼ ਅਰਬੀ ਸ਼ਬਦ ‘ਮੁਨਾਰਾਹ’ ਤੋਂ ਹੀ ਬਣਿਆ ਹੈ ਜਿਸ ਦਾ ਅਰਥ ਹੈ ਰੌਸ਼ਨੀ ਦੇਣ ਵਾਲਾ। ਇਸੇ ਕਰਕੇ ਇਸ ਦੇ ਮੀਨਾਰ ਵਿੱਚ ਇਕਲੌਤੀ ਲਾਇਬਰੇਰੀ ਹੈ। ਮਸਜਿਦ ਦੇ 17400 ਵਰਗਮੀਟਰ ਦੇ ਵਿਹੜੇ (ਸਹਨ) ਵਿੱਚ 31000 ਨਮਾਜ਼ੀ ਆ ਸਕਦੇ ਹਨ ਅਤੇ ਖ਼ੂਬ ਸ਼ਿੰਗਾਰਿਆ ਹੋਇਆ ਹੈ। ਮਸਜਿਦ ਦੇ ਬਾਹਰਲੇ ਲਾਂਘੇ ਵਿੱਚ 1096 ਥਮਲੇ ਅਤੇ ਅੰਦਰ 96 ਥਮਲੇ ਹਨ। ਮਸਜਿਦ ਦੇ ਵੱਖ ਵੱਖ ਆਕਾਰਾਂ ਦੇ 82 ਗੁੰਬਦ ਹਨ। ਸਭ ਤੋਂ ਵੱਡਾ ਮੁੱਖ ਪ੍ਰਾਰਥਨਾ ਹਾਲ ਦੇ ਕੇਂਦਰ ਵਿੱਚ ਹੈ। ਸ਼ੇਖ਼ ਜ਼ਯਦ ਬਿਨ ਸੁਲਤਾਨ, ਸੰਯੁਕਤ ਅਰਬ ਅਮੀਰਾਤ ਦੇ ਪਹਿਲੇ ਰਾਸ਼ਟਰਪਤੀ ਦਾ ਮਕਬਰਾ ਵੀ ਮਸਜਿਦ ਦੇ ਨਾਲ ਹੀ ਹੈ। ਇਸ ਦਾ ਪੱਥਰ ਮਕਦੂਨੀਆ (ਯੂਰੋਪ) ਤੋਂ ਆਇਆ ਹੈ। ਸੱਤ ਝੂਮਰ ਜਰਮਨੀ ਦੀ ਫੌਸਟਿਗ ਕੰਪਨੀ ਦੇ ਬਣਾਏ ਹੋਏ ਲਗਾਏ ਗਏ ਹਨ। ਮੁੱਖ ਪ੍ਰਾਰਥਨਾ ਹਾਲ ਵਿੱਚ ਲੱਗਿਆ ਹੋਇਆ ਝੂਮਰ ਦੁਨੀਆਂ ਸਭ ਤੋਂ ਵੱਡਾ ਝੂਮਰ ਮੰਨਿਆ ਜਾਂਦਾ ਹੈ ਜਿਸ ਦਾ ਵਜ਼ਨ ਲਗਭਗ 12 ਟਨ ਭਾਵ 120 ਕੁਇੰਟਲ ਹੈ। ਇਨ੍ਹਾਂ ਵਿੱਚ ਸਟੀਲ ਅਤੇ ਪਿੱਤਲ ਤੋਂ ਇਲਾਵਾ 40 ਕਿਲੋਗਰਾਮ ਦੇ ਕਰੀਬ 24 ਕੈਰਟ ਦਾ ਸੋਨਾ ਵੀ ਲੱਗਿਆ ਹੋਇਆ ਹੈ। ਔਰਤਾਂ ਦੇ ਨਮਾਜ਼ ਪੜ੍ਹਨ ਲਈ ਵੱਖਰਾ ਹਿੱਸਾ ਹੈ। ਮਸਜਿਦ ਵਿੱਚ ਫ਼ੋਟੋ ਖਿਚਵਾਉਣ ਲਈ ਨਿਸ਼ਚਿਤ ਪੁਆਇੰਟ ਬਣੇ ਹੋਏ ਹਨ। ਫੋਟੋ ਖਿਚਵਾਉਣ ਵੇਲੇ ਕੋਈ ਗਲਵੱਕੜੀ ਜਾਂ ਕਿਸੇ ਕਿਸਮ ਦਾ ਚਿੰਨ੍ਹ ਹੱਥ ਨਾਲ ਨਹੀਂ ਬਣਾਇਆ ਜਾ ਸਕਦਾ। ਆਬੂਧਾਬੀ ਦਾ ਹਵਾਈਅੱਡਾ ਮਾਰੂਥਲ ਦੇ ਰੇਤ ਦੇ ਟਿੱਬੇ ਦੀ ਸ਼ਕਲ ਦਾ ਪ੍ਰਭਾਵ ਦਿੰਦਾ ਹੈ। ਆਬੂਧਾਬੀ ਦਾ ਝੁਕਿਆ ਮੀਨਾਰ ਇਟਲੀ ਵਿੱਚ ਪੀਸਾ ਦੇ ਮੀਨਾਰ ਤੋਂ ਵੀ ਵੱਧ ਝੁਕਿਆ ਹੋਇਆ ਹੈ। ਫਰਾਰੀ ਵਰਲਡ ਵਿੱਚ ਕੇਵਲ ਫੋਟੋ ਸੈਸ਼ਨ ਹੀ ਹੋਇਆ ਕਿਉਂਕਿ ਇੱਥੇ ਦੀਆਂ ਗਤੀਵਿਧੀਆਂ ਜੋਖ਼ਮ ਵਾਲੀਆਂ ਹਨ। ਚਾਲੀ ਕਿਸਮ ਦੇ ਝੂਲੇ ਹਨ।

ਚੌਥਾ ਦਿਨ ਤਾਂ ਗ਼ਜ਼ਬ ਹੀ ਕਰ ਗਿਆ। ਚਾਰ ਫੁੱਟਬਾਲ ਮੈਦਾਨਾਂ ਦੇ ਖੇਤਰ ਜਿੱਡੇ ਦੁਬਈ ਮਾਲ ਦੇ ਅੰਦਰ ਦੁਨੀਆਂ ਦਾ ਸਭ ਤੋਂ ਉੱਚਾ ਟਾਵਰ ਬੁਰਜ ਖ਼ਲੀਫ਼ਾ ਹੈ। ਇਸ ਦੀ ਲਿਫ਼ਟ ਤੱਕ ਜਾਂਦਿਆਂ ਦੁਨੀਆਂ ਭਰ ਦੀਆਂ ਵੱਖ ਵੱਖ ਕੌਮੀਅਤਾਂ ਦੇ ਲੋਕ ਇਸ ਕਦਰ ਦਿਸ ਰਹੇ ਸਨ ਜਿਵੇਂ ਸਾਰੀ ਦੁਨੀਆਂ ਇਸ ਬੁਰਜ ਦੀ ਉਚਾਈ ਨੂੰ ਮਾਣਨਾ ਚਾਹੁੰਦੀ ਹੋਵੇ। ਲਾਈਨਾਂ ਵਿੱਚ ਮਲਕੜੇ ਜਿਹੇ ਤੁਰਦਿਆਂ ਆਲੇ-ਦੁਆਲੇ ਬਰੀਕੀ ਵਿੱਚ ਦੇਖਣ ਦਾ ਮੌਕਾ ਮਿਲਦਾ ਹੈ। ਦੁਨੀਆਂ ਦੀ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਸ਼ੁਮਾਰ ਰੀਅਲ ਅਸਟੇਟ ਕੰਪਨੀ ਐਮਾਰ ਪ੍ਰਾਪਰਟੀਜ਼ ਨੇ ਬੁਰਜ ਖ਼ਲੀਫ਼ਾ ਬਣਾਇਆ ਹੈ। ਲਿਫਟ ਵਿੱਚ ਜਾਂਦਿਆਂ ਦੱਸਿਆ ਗਿਆ ਕਿ ‘ਇਹ ਜਜ਼ਬਾਤੀ ਬਿਲਡਿੰਗ ਹੈ’। 

ਬੇਜਾਨ ਇਮਾਰਤ ਵਿੱਚ ਏਨਾ ਸੁਹਜ ਹੈ ਕਿ ਇਹ ਜ਼ਿੰਦਾ ਜਾਗਦੀ ਮੂਰਤ ਲੱਗਦੀ ਹੈ। 828 ਮੀਟਰ (2716.5 ਫੁੱਟ) ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਵਿੱਚ ਸ਼ੁਮਾਰ ਹੈ। ਇਸ ਦਾ ਆਲੇ-ਦੁਆਲੇ ਦੇਖਣ ਵਾਲਾ ਡੈੱਕ ਵੀ ਸਭ ਤੋਂ ਉੱਚਾ ਹੈ। 124-125 ਮੰਜ਼ਿਲਾਂ ਤੱਕ ਜਾਣ ਵਾਲੀ ਲਿਫ਼ਟ ਦੀ ਸਪੀਡ 10 ਮੀਟਰ/ਪ੍ਰਤੀ ਸੈਕਿੰਡ ਹੈ। 125ਵੀਂ ਮੰਜ਼ਿਲ ’ਤੇ ਪੌੜੀਆਂ ਨਾਲ ਜਾਇਆ ਜਾਂਦਾ ਹੈ। ਇੱਕ ਵਾਰ ਵਿੱਚ 12-14 ਬੰਦੇ ਲਿਫ਼ਟ ਲੈ ਜਾਂਦੀ ਹੈ। ਇੰਨੀ ਉੱਚਾਈ ਤੋਂ ਦੁਬਈ ਦੇਖ ਕੇ ਅਨੋਖਾ ਜਿਹਾ ਕਾਂਬਾ ਛਿੜਦਾ ਹੈ। ਇਸ ਲਿਫਟ ਲਈ ਟਿਕਟ ਦੀ ਕੀਮਤ ਪ੍ਰਤੀ ਵਿਅਕਤੀ 169 ਦਿਰ੍ਹਮ (ਲਗਭਗ 4000 ਭਾਰਤੀ ਰੁਪਏ) ਹੈ। ਬਾਰ੍ਹਾਂ ਸਾਲ ਤੋਂ ਛੋਟੇ ਬੱਚਿਆਂ ਲਈ 134 ਦਿਰ੍ਹਮ ਹੈ। ਪੌਣਾਂ ਘੰਟਾ ਠਹਿਰ ਸਕਦੇ ਹੋ। ਵਾਪਸ ਆਉਂਦਿਆਂ ਸਮੁੰਦਰੀ ਜੀਵਾਂ ਦੇ ਐਕੁਏਰੀਅਮ ਵਿੱਚ ਫੋਟੋਆਂ ਲਈਆਂ ਜਾਂਦੀਆਂ ਹਨ ਜਿਹੜਾ ਬਹੁਤ ਲਾਜਵਾਬ ਹੈ। ਦੁਪਹਿਰ ਦੇ ਖਾਣੇ ਦਾ ਸਮਾਂ ਹੋ ਜਾਂਦਾ ਹੈ। ਰਲ ਕੇ ਲਈਆਂ ਚਾਰ ਥਾਲੀਆਂ ਨਾਲ 20 ਦਿਰ੍ਹਮ ਪ੍ਰਤੀ ਵਿਅਕਤੀ ਚੰਗਾ ਹਲਕਾ ਭੋਜਨ ਹੋ ਜਾਂਦਾ ਹੈ। ਟੋਲੀ ਵਿੱਚ ਹੀ ਅਜਿਹਾ ਟੂਰ ਸੁਖਦ ਹੁੰਦਾ ਹੈ, ਨਹੀਂ ਤਾਂ ਇਕੱਲਾ ਦੂਜਿਆਂ ਵੱਲ ਦੇਖ ਕੇ ਹੀ ਥੱਕ ਜਾਂਦਾ ਹੈ।

ਸ਼ਾਮ ਵੇਲੇ ਮਰੀਨਾ ਵਿੱਚ ਮੋਟਰ ਵਾਲੀ ਕਿਸ਼ਤੀ (ਕਰੂਜ਼) ਵਿੱਚ ਡੇਢ ਘੰਟੇ ਲਈ ਸਾਰੀ ਟੋਲੀ ਨੇ ਸਵਾਰੀ ਕੀਤੀ। ਭੰਗੜਾ, ਨੱਚਣਾ, ਗਿੱਧਾ ਬੋਲੀਆਂ ਤੁਹਾਡੀ ਮਰਜ਼ੀ ਜੋ ਤੁਹਾਨੂੰ ਆਵੇ ਕਰ ਸਕਦੇ ਹੋ। ਖੁੱਲ੍ਹੇ ਵਿੱਚ ਕੋਈ ਵੀ ਸ਼ਰਾਬ ਦੀ ਵਰਤੋਂ ਨਹੀਂ ਕਰ ਸਕਦਾ। ਆਲੇ-ਦੁਆਲੇ ਟਾਵਰਾਂ ਦੇ ਦ੍ਰਿਸ਼ ਪ੍ਰਭਾਵ ਪਾਉਂਦੇ ਹਨ। ਪਾਣੀ ਵਿੱਚੋਂ ਰੱਤੀ ਭਰ ਬਦਬੂ ਨਹੀਂ ਮਾਰਦੀ ਜਿਵੇਂ ਅਕਸਰ ਖੁੱਲ੍ਹੇ ਪਾਣੀਆਂ ਵਿੱਚ ਹੁੰਦਾ ਹੈ। ਕਰੂਜ਼ ਦੇ ਬੋਨਟ ’ਤੇ ਆ ਕੇ ਬੈਠਿਆਂ ਨਜ਼ਾਰਾ ਹੋਰ ਵੀ ਵਧ ਜਾਂਦਾ ਹੈ। ਕੈਬਿਨ ਵਿੱਚੋਂ ਬੋਨਟ ’ਤੇ ਜਾਣ ਲਈ ਕਰੂਜ਼ ਦੇ ਖੱਬੇ ਪਾਸੇ ਦੀ ਬਹੁਤ ਹੀ ਤੰਗ ਪੌੜੀ ਦੀ ਵਰਤੋਂ ਸੌਖੀ ਤਾਂ ਨਹੀਂ ਹੁੰਦੀ, ਪਰ ਸੁਰੱਖਿਅਤ ਹੈ।

ਪੰਜਵਾਂ ਦਿਨ ਮਿਰਾਕਲ ਗਾਰਡਨ ਭਾਵ ਕ੍ਰਿਸ਼ਮਈ ਬਾਗ਼ ਦੇਖਣ ਦਾ ਸੀ। ਪਹੁੰਚਣ ਤੱਕ ਗਾਈਡ ਦੁਬਈ ਬਾਰੇ ਦੱਸਦਾ ਰਹਿੰਦਾ ਹੈ। ਦੁਬਈ ਦੀਆਂ ਕਾਰਾਂ ਦੇ ਨੰਬਰਾਂ ਦੇ 5 ਹਿੰਦਸੇ ਹਨ। ਜਿਉਂ ਬਾਗ਼ ਦੇ ਦਰ ’ਤੇ ਪਹੁੰਚੇ ਤਾਂ ਹਰੇ ਰੰਗ ਦੀ ਬਨਸਪਤੀ ਨਾਲ ਲਿਪਟੇ ਘੋੜੇ ਤੇ ਰੰਗਾਂ ਦੀ ਵਰਖਾ ਮੰਤਰ-ਮੁਗਧ ਕਰ ਦਿੰਦੀ ਹੈ। ਗਾਰਡਨ ਦਾ ਟਿਕਟ 12 ਸਾਲ ਤੋਂ ਵੱਧ 75 ਦਿਰ੍ਹਮ, 3-12 ਸਾਲ ਤੱਕ 60 ਦਿਰ੍ਹਮ ਅਤੇ ਤਿੰਨ ਸਾਲ ਤੋਂ ਘੱਟ ਲਈ ਮੁਫ਼ਤ ਹੈ। ਜਿਉਂ ਹੀ ਸਰਦੀਆਂ ਦੀ ਰੁੱਤ ਸ਼ੁਰੂ ਹੁੰਦੀ ਹੈ ਦੁਬਈ ਮਿਰਾਕਲ ਗਾਰਡਨ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਅਤੇ ਮਈ ਦੇ ਪਹਿਲੇ-ਦੂਜੇ ਹਫ਼ਤੇ ਬੰਦ ਹੋ ਜਾਂਦਾ ਹੈ। 72,000 ਵਰਗ ਮੀਟਰ ਵਿੱਚ ਫੈਲੇ ਇਸ ਮਨੁੱਖ ਦੁਆਰਾ ਸਿਰਜੇ ਸਵਰਗ ਵਿੱਚ 15 ਕਰੋੜ ਤੋਂ ਵੱਧ ਫੁੱਲ ਖਿੜਦੇ ਹਨ। ਇਹ ਵੈਲਨਟਾਈਨ’ਜ਼ ਡੇਅ ਮੌਕੇ 10 ਸਾਲ ਪਹਿਲਾਂ ਖੋਲ੍ਹਿਆ ਗਿਆ ਸੀ। ਬਾਗ਼ ਵਿੱਚ ਆਨੰਦ ਨਾਲ ਬੈਠ ਕੇ, ਚਾਹ ਕੌਫ਼ੀ ਪੀ ਕੇ ਤੁਸੀਂ ਕੁਦਰਤ ਦੀ ਸੁੰਦਰਤਾ ਅਤੇ ਮਨੁੱਖ ਦੀ ਕਲਾਕਾਰੀ ਦੀ ਰੂਹ ਨਾਲ ਵਡਿਆਈ ਕਰ ਸਕਦੇ ਹੋ। ਉਸ ਤੋਂ ਬਾਅਦ ਦੁਬਈ ਦੀ ਆਧੁਨਿਕ ਸ਼ੈਲੀ ’ਚ ਬਣੇ ਮੰਦਰ ਅਤੇ ਗੁਰਦੁਆਰੇ ਵੀ ਗਏ। ਗੁਰੂਘਰ ਵਿੱਚ ਲੰਗਰ ਛਕਿਆ। ਬਾਕੀ ਬਚੇ ਅੱਧੇ ਦਿਨ ਵਿੱਚ ਮੀਨਾ ਬਾਜ਼ਾਰ ਦੀ ਖ਼ਰੀਦੋ-ਫ਼ਰੋਖਤ ਕੀਤੀ। ਸੋਨਾ ਖ਼ਰੀਦਣ ਲਈ ਦੁਬਈ ਖਿੱਚ ਦਾ ਕੇਂਦਰ ਹੈ। ਮਰਦ 50000 ਦਿਰ੍ਹਮ ਅਤੇ ਔਰਤ 100,000 ਦਿਰ੍ਹਮ ਤੱਕ ਦਾ ਸੋਨਾ ਗਹਿਣੇ ਦੇ ਰੂਪ ਵਿੱਚ ਖ਼ਰੀਦ ਸਕਦੀ ਹੈ। ਵਾਪਸੀ ’ਤੇ ਹਵਾਈਅੱਡੇ ’ਤੇ ਬਿਲ ਅਤੇ ਸਮਾਨ ਦਿਖਾ ਕੇ ਵੈਟ ਵਾਪਸ ਮਿਲ ਜਾਂਦਾ ਹੈ। ਇਸ ਇਲਾਕੇ ਵਿੱਚ ਦੁਬਈ ਮਿਊਜ਼ੀਅਮ ਦੀ ਉਸਾਰੀ ਹੋ ਰਹੀ ਹੈ। ਕੂੜਾਦਾਨ ਵੀ ਧਾਤ ਦੇ ਹਨ। ਦੱਸਦੇ ਹਨ ਦੁਬਈ ਦੁਨੀਆਂ ਦੇ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਹੈ। ਪਾਕਿਸਤਾਨ ਦੇ ਕਰਾਚੀ ਨਾਲ ਸਬੰਧਤ ਟੈਕਸੀ ਡਰਾਈਵਰ ਨਾਲ ਗੱਲ ਕੀਤੀ ਤਾਂ ਕਹਿੰਦਾ- ਦੁਬਈ ਦਾ ਕੋਈ ਸਾਨੀ ਨਹੀਂ ਹੈ। ਅੱਧੀ ਰਾਤ ਔਰਤ ਹੀ ਕਿਉਂ ਨਾ ਹੋਵੇ, ਕੋਈ ਖ਼ਤਰਾ ਨਹੀਂ ਹੈ।

ਛੇਵਾਂ ਦਿਨ ਪਾਮ ਜੁਮੇਰਾ ਵਿਊ, ਮੋਨੋ ਰੇਲ ਅਤੇ ਫਿਊਚਰ ਮਿਊਜ਼ੀਅਮ ਦੇਖਣ ਦਾ ਸੀ। ਅਰਬ ਸਾਗਰ ਦੀ ਖਾੜੀ ਵਿੱਚ ਯੂਏਈ ਦੇ ਕੌਮੀ ਰੁੱਖ ਖ਼ਜੁੂਰ ਦੀ ਸ਼ਕਲ ਦਾ ਬਣਾਉਟੀ ਜਜ਼ੀਰਾ ਬਣਾਇਆ ਗਿਆ ਹੈ। 240 ਮੀਟਰ ਦੀ ਉੱਚਾਈ ਤੋਂ ਪਾਮ ਟਾਵਰ ਦੀ 52ਵੀਂ ਮੰਜ਼ਿਲ ਦੇ ਦੇਖਣ ਵਾਲੇ ਡੈੱਕ ਤੋਂ ਪਾਮ ਜੁਮੇਰਾ ਦਾ ਨਜ਼ਾਰਾ ਗ਼ਜ਼ਬ ਦਾ ਹੈ। ਸਾਰੇ ਪਾਸੇ 360 ਦਰਜੇ ’ਤੇ ਘੁੰਮ ਕੇ ਦੇਖ ਸਕਦੇ ਹੋ। ਪਾਮ ਜੁਮੇਰਾ ਨੂੰ ਵਿਕਸਿਤ ਕਰਨ ਵਾਲਾ ਨਖੀਲ ਸੀ। ਹੁਣ ਇਸ ਦੀ ਕੰਪਨੀ ਸਰਕਾਰੀ ਬਣ ਗਈ ਹੈ। ਮੋਨੋ ਰੇਲ ਇਕਹਿਰੀ ਪਟੜੀ ਉੱਤੇ ਬਿਨਾਂ ਡਰਾਈਵਰ ਦੇ ਚੱਲਦੀ ਹੈ। 2009 ਵਿੱਚ ਸ਼ੁਰੂ ਹੋਈ 5.5 ਕਿਲੋਮੀਟਰ ਲੰਬੀ ਲਾਈਨ ਪਾਮ ਜੁਮੇਰਾ ਦੇ ਲੋਕਾਂ ਅਤੇ ਸੈਲਾਨੀਆਂ ਲਈ ਸਫ਼ਰ ਦਾ ਸਾਧਨ ਹੈ। ਪਾਮ ਜੁਮੇਰਾ ਤੋਂ ਸ਼ੁਰੂ ਹੋ ਕੇ ਅਟਲਾਂਟਸ ਤੱਕ ਜਾਂਦੀ ਹੈ। ਇਸ ਤੋਂ ਪਿੱਛੋਂ ਫਿਊਚਰ ਮਿਊਜ਼ੀਅਮ ਦੇ ਸਮੇਂ ਵਿੱਚ ਅਜੇ ਕਈ ਘੰਟੇ ਬਚਦੇ ਸਨ। ਇਹ ਸਮਾਂ ਇੱਕ ਅਜਿਹੇ ਮਾਲ ਵਿੱਚ ਲਗਾਇਆ ਜਿਸ ਦੀ ਹਰ ਆਈਟਮ 1-10 ਦਿਰ੍ਹਮ ਦੀ ਸੀ।

ਫਿਊਚਰ ਮਿਊਜ਼ੀਅਮ ਦੀ ਇਮਾਰਤ ਬੁਝਾਰਤ ਵਰਗੀ ਹੈ। ਇਮਾਰਤ ਅਰਬੀ ਭਾਸ਼ਾ ਬੋਲਦੀ ਹੈ। ਇਸ ਦੇ ਮੱਥੇ ਉੱਤੇ ਸ਼ੇਖ਼ ਮੁਹੰਮਦ ਬਿਨ ਰਸ਼ੀਦ ਅਲ ਮਕਤੂਮ ਦੀ ਕਵਿਤਾ ਬਿਨ ਲਹਿਜ ਨੇ ਸੁੰਦਰ ਲਿਖਾਈ (ਕੈਲੀਗਰਾਫ਼ੀ) ਵਿੱਚ ਲਿਖੀ ਹੈ। ਕੁਝ ਲਿਖਤ ਦਾ ਤਰਜ਼ਮਾ ਇਹ ਹੈ- ‘ਭਾਵੇਂ ਅਸੀਂ ਸਦੀਆਂ ਤੱਕ ਜ਼ਿੰਦਾ ਨਹੀਂ ਰਹਿ ਸਕਦੇ, ਪਰ ਸਾਡੀ ਸਿਰਜਣਾ ਦੀ ਵਸੀਅਤ ਸਾਡੇ ਮਰਨ ਤੋਂ ਬਾਅਦ ਤੱਕ ਜਿਉਂਦੀ ਰਹੇਗੀ। ਭਵਿੱਖ ਉਨ੍ਹਾਂ ਦਾ ਹੈ ਜਿਹੜੇ ਕਲਪਨਾ ਕਰ ਸਕਦੇ ਹਨ, ਉਸ ਦਾ ਖ਼ਾਕਾ ਤਿਆਰ ਕਰਦੇ ਹਨ ਅਤੇ ਸਿਰੇ ਚੜ੍ਹਾ ਦਿੰਦੇ ਹਨ। ਭਵਿੱਖ ਇੰਤਜ਼ਾਰ ਨਹੀਂ ਕਰਦਾ, ਇਸ ਦਾ ਖ਼ਾਕਾ ਤਿਆਰ ਕਰ ਕੇ ਇਸ ਨੂੰ ਅੱਜ ਹੀ ਬਣਾਇਆ ਜਾ ਸਕਦਾ ਹੈ’। ਗੋਲਾਕਾਰ ਇਮਾਰਤ ਮਨੁੱਖਤਾ ਨੂੰ ਦਰਸਾਉਂਦੀ ਹੈ। ਜਿਸ ਟਿੱਲੇ ਉੱਤੇ ਬਣੀ ਹੋਈ ਹੈ ਉਹ ਧਰਤੀ ਨੂੰ ਦਰਸਾਉਂਦੀ ਹੈ। ਖਲਾਅ ਅਣਜਾਣੇ ਭਵਿੱਖ ਨੂੰ ਦਰਸਾਉਂਦਾ ਹੈ। ਭਵਿੱਖ ਵਿੱਚ ਇਹ ਇਮਾਰਤ ਆਕਾਸ਼ ਨੂੰ ਛੂੰਹਦੇ ਟਾਵਰਾਂ ਦੀ ਥਾਂ ਲਵੇਗੀ।

ਸੱਤਵਾਂ ਦਿਨ ਵਾਪਸੀ ਦਾ ਸੀ। ਖਰੀਦੀਆਂ ਵਸਤੂਆਂ ਲਈ ਦਿੱਤੇ ਵੈਟ ਦੀ ਵਾਪਸੀ ਅਹਿਮ ਹੁੰਦੀ ਹੈ। ਟੂਰ ਦਾ ਅੰਤ ਮਨੁੱਖ ਜਾਤੀ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਅਤੇ ਉਸ ਨੂੰ ਸਰਅੰਜਾਮ ਦੇਣ ਦੀ ਭਾਵਨਾ ਨਾਲ ਸਮਾਪਤ ਹੋਇਆ। ਵਾਹ ਦੁਬਈ!