ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ

ਜਸਵੰਤ ਸਿੰਘ ਸਲੇਮਪੁਰੀ

ਕੁਝ ਦਿਨ ਪਹਿਲਾਂ ਹੀ ਮੈਨੂੰ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਲਾਂਘੇ ਰਾਹੀਂ ਪਹਿਲੀ ਪਾਤਿਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਧਰਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਮਿਲਿਆ। ਕਰੀਬ ਡੇਢ ਘੰਟੇ ਦੀ ਪੁੱਛ-ਪੜਤਾਲ ਉਪਰੰਤ ਅਸੀਂ ਜਿਉਂ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ‘ਤੇ ਪੈਰ ਧਰਿਆ ਤਾਂ ਇਉਂ ਜਾਪਿਆ ਕਿ ਜਿਵੇਂ ਅਸੀਂ ਅਜੇ ਲਹਿੰਦੇ ਪੰਜਾਬ ਵਿਚ ਨਹੀਂ ਸਗੋਂ ਚੜ੍ਹਦੇ ਪੰਜਾਬ ਦੀ ਧਰਤੀ ‘ਤੇ ਹੋਈਏ। ਬੱਸ ‘ਚੋਂ ਉੱਤਰਨ ਉਪਰੰਤ ਬੱਸ ‘ਚ ਗਈ ਸੰਗਤ ਨੂੰ ਦਰਸ਼ਨੀ ਡਿਓੜੀ ਅੱਗੇ ਖੜ੍ਹਿਆਂ ਕਰ ਕੇ ਗੁਰਦੁਆਰਾ ਸਾਹਿਬ ਦਾ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਬਣਾਏ ਗਏ ਨਿਯਮਾਂ ਅਤੇ ਸਾਰੇ ਅਸਥਾਨਾਂ ਸੰਬੰਧੀ ਜਾਣਕਾਰੀ ਦੇਣ ਲੱਗਾ। ਜਾਣਕਾਰੀ ਹਾਸਲ ਕਰਨ ਤੋਂ ਬਾਅਦ ਸਰੋਵਰ ‘ਚ ਪੰਜ ਇਸ਼ਨਾਨਾਂ ਕਰਨ ਉਪਰੰਤ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਹਾਜ਼ਰੀ ਲਗਵਾਈ। ਦਰਬਾਰ ਸਾਹਿਬ ਦੇ ਬਾਹਰਵਾਰ ਸਥਿਤ ਉਸ ਮਜ਼ਾਰ ਦੇ ਦਰਸ਼ਨ ਵੀ ਕੀਤੇ, ਜਿੱਥੇ ਮੁਸਲਿਮ ਭਾਈਚਾਰੇ ਵਲੋਂ ਗੁਰੂ ਨਾਨਕ ਦੇਵ ਜੀ ਦੀ ਚਾਦਰ ਅਤੇ ਅਸਥੀਆਂ ਨੂੰ ਦਫ਼ਨਾਇਆ ਗਿਆ ਸੀ। ਨਾਲ ਹੀ ਉਹ ਖੂਹ ਵੀ ਵੇਖਿਆ, ਜਿਸ ਬਾਰੇ ਦੱਸਿਆ ਗਿਆ ਕਿ ਇਸ ਖੂਹ ਰਾਂਹੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਫ਼ਸਲਾਂ ਨੂੰ ਪਾਣੀ ਲਗਾਇਆ ਕਰਦੇ ਸਨ। ਨਾਲ ਹੀ ਸੋਹਣੇ ਫੁੱਲਾਂ ਨਾਲ ਸਜੇ ਹੋਏ ‘ਗੁਰੂ ਕੇ ਬਾਗ਼’ ਦੇ ਦਰਸ਼ਨ ਕੀਤੇ, ਜਿਸ ਜਗ੍ਹਾ ‘ਤੇ ਗੁਰੂ ਨਾਨਕ ਦੇਵ ਜੀ ਨੇ ਬਲਦਾਂ ਨਾਲ ਖੇਤੀ ਕਰ ਕੇ ‘ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ’ ਦਾ ਸੁਨੇਹਾ ਦਿੱਤਾ। ਇਸ ਜਗ੍ਹਾ ‘ਤੇ ਹੀ ਵੱਡੇ ਆਕਾਰ ‘ਚ ਬਣਾਈ ਗਈ ‘ਸ੍ਰੀ ਸਾਹਿਬ’ ਦੇ ਕੋਲ ਪਰਿਵਾਰ ਸਮੇਤ ਯਾਦਗਾਰੀ ਤਸਵੀਰ ਵੀ ਖਿਚਵਾਈ। ਭਾਵੇਂ ਭਾਰਤੀ ਇਮੀਗ੍ਰੇਸ਼ਨ ਵਲੋਂ ਸਾਰੀ ਸੰਗਤ ਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਮੌਕੇ ਆਈ ਪਾਕਿਸਤਾਨੀ ਸੰਗਤ ਨਾਲ ਕਿਸੇ ਵੀ ਪ੍ਰਕਾਰ ਦੀ ਗੱਲ ਸਾਂਝੀ ਨਾ ਕਰਨ ਦੀ ਮਨਾਹੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਦੋਹਾਂ ਦੇਸ਼ਾਂ ਦੀ ਸੰਗਤ ਇਸ ਤਰ੍ਹਾਂ ਮਿਲ ਰਹੀ ਸੀ, ਜਿਵੇਂ ਉਹ ਆਪਣੇ ਕਿਸੇ ਆਪਣੇ ਨੂੰ ਮਿਲ ਰਹੀ ਹੋਵੇ। ਅਸੀਂ ਜਿਵੇਂ ਹੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਲੰਗਰ ਛਕਣ ਲਈ ਦਾਖ਼ਲ ਹੋਏ ਤਾਂ ਲੰਗਰ ਹਾਲ ਦੇ ਇਕ ਪਾਸੇ ਚਾਰਪਾਈ ਵਿਛਾ ਕੇ ਕੁਝ ਔਰਤਾਂ ਇਕ-ਦੂਜੇ ਦੇ ਗਲ਼ ਲੱਗ ਰਹੀਆਂ ਸਨ। ਕਈਆਂ ਦੀਆਂ ਅੱਖਾਂ ਵਿਚ ਹੰਝੂ ਸਾਫ਼ ਝਲਕਦੇ ਵਿਖਾਈ ਦੇ ਰਹੇ ਸਨ। ਇਸ ਜਗ੍ਹਾ ‘ਤੇ ਇਕ ਵਿਅਕਤੀ ਪਾਕਿਸਤਾਨੀ ਮੋਤੀ ਚੂਰ ਦੇ ਲੱਡੂਆਂ ਨਾਲ ਸੰਗਤ ਦਾ ਮੂੰਹ ਮਿੱਠਾ ਕਰਵਾ ਰਿਹਾ ਸੀ। ਦੋ ਔਰਤਾਂ ਨੂੰ ਗਲੇ ਮਿਲਦਿਆਂ ਦੀ ਤਸਵੀਰ ਮੈਂ ਵੀ ਆਪਣੇ ਕੈਮਰੇ ਵਿਚ ਕੈਦ ਕਰ ਕੇ ਜਦੋਂ ਇਸ ਬਾਰੇ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਦੋਹੇਂ ਰਿਸ਼ਤੇਦਾਰੀ ਵਿਚ ਦਰਾਣੀ-ਜਠਾਣੀ ਲੱਗਦੀਆਂ ਹਨ। ਇਨ੍ਹਾਂ ਵਿਚੋਂ ਇਕ ਚੜ੍ਹਦੇ ਪੰਜਾਬ ਦੇ ਸ਼ਹਿਰ ਜਲੰਧਰ ਦੀ ਬਸਤੀ ਗੁੱਜਾਂ ਵਿਚੋਂ ਆਈ ਸੀ ਅਤੇ ਭਾਰਤ-ਪਾਕਿ ਵੰਡ ਤੋਂ ਬਾਅਦ ਇਹ ਪਹਿਲੀ ਵਾਰ ਗਲਵਕੜੀ ਵਿਚ ਇਕ-ਦੂਜੇ ਨੂੰ ਮਿਲ ਰਹੀਆਂ ਹਨ। ਇਸ ਮੌਕੇ ਲੋਕਾਂ ‘ਚ ਸਰਕਾਰ ਪ੍ਰਤੀ ਗਿਲਾ ਵੀ ਹੈ। ਲੋਕ ਆਖ ਰਹੇ ਹਨ ਜੇਕਰ ਸਰਕਾਰ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰ ਦੇਵੇ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਸਮੇਂ ਸੈਂਕੜੇ ਪਰਿਵਾਰਾਂ ਦਾ ਆਪਸ ਵਿਚ ਮੇਲ ਹੋ ਸਕਦਾ ਹੈ। ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਠਹਿਰਣ ਲਈ ਬਣਾਈਆਂ ਗਈਆਂ ਸਰਾਵਾਂ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਰਕਾਰਾਂ ਨੂੰ ਭਾਰਤ ਵਿਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀਆਂ ਸੰਗਤਾਂ ਲਈ ਪਾਸਪੋਰਟ ਹੋਣ ਦੀ ਸ਼ਰਤ ਤੁਰੰਤ ਖ਼ਤਮ ਕਰ ਦੇਣੀ ਚਾਹੀਦੀ ਹੈ। ਇਸੇ ਦੌਰਾਨ ਬਾਰਿਸ਼ ਸ਼ੁਰੂ ਹੋ ਗਈ ਅਤੇ ਸਾਡੇ ਪਰਿਵਾਰ ਨੇ ਰੱਬ ਦਾ ਸ਼ੁਕਰਾਨਾ ਕਰ ਕੇ ਬਾਕੀ ਸੰਗਤ ਨਾਲ ਲਹਿੰਦੇ ਪੰਜਾਬ ਨੂੰ ਅਲਵਿਦਾ ਆਖ ਕੇ ਮੁੜ ਚੜ੍ਹਦੇ ਪੰਜਾਬ ਵੱਲ ਚਾਲੇ ਪਾ ਦਿੱਤੇ। ਇਸ ਦੌਰਾਨ ਸੰਗਤ ਜਿੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਕੇ ਖ਼ੁਸ਼ ਨਜ਼ਰ ਆ ਰਹੀ ਸੀ, ਉੱਥੇ ਹੀ ਜ਼ਿਆਦਾਤਰ ਭਾਰਤੀ ਇਮੀਗ੍ਰੇਸ਼ਨ ਵਲੋਂ ਕੀਤੀ ਜਾਂਦੀ ਪੁੱਛ-ਪੜਤਾਲ ਤੋਂ ਕਾਫ਼ੀ ਨਾਖ਼ੁਸ਼ ਵਿਖਾਈ ਦਿੱਤੇ।