ਸਾਤਵਿਕ ਅਤੇ ਚਿਰਾਗ ਦੀ ਜੋੜੀ ਇੰਡੋਨੇਸ਼ੀਆ ਓਪਨ ਚੈਂਪੀਅਨ

ਸਾਤਵਿਕ ਅਤੇ ਚਿਰਾਗ ਦੀ ਜੋੜੀ ਇੰਡੋਨੇਸ਼ੀਆ ਓਪਨ ਚੈਂਪੀਅਨ

ਮਲੇਸ਼ੀਆ ਦੇ ਅਰੋਨ ਚੀਆ ਅਤੇ ਸੋਹ ਵੂਈ ਯਿਕ ਨੂੰ 21-17, 21-18 ਨਾਲ ਹਰਾਇਆ
ਜਕਾਰਤਾ- ਭਾਰਤ ਦੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਇੰਡੋਨੇਸ਼ੀਆ ਓਪਨ ਖਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਹੈ। ਵਿਸ਼ਵ ਰੈਂਕਿੰਗ ਵਿੱਚ ਛੇਵੇਂ ਨੰਬਰ ਦੀ ਭਾਰਤੀ ਜੋੜੀ ਨੇ ਫਾਈਨਲ ਵਿੱਚ ਮਲੇਸ਼ੀਆ ਦੇ ਆਰੋਨ ਚੀਆ ਅਤੇ ਸੋਹ ਵੂਈ ਯਿਕ ਨੂੰ 45 ਮਿੰਟਾਂ ਤੱਕ ਚੱਲੇ ਮੈਚ ਦੌਰਾਨ 21-17, 21-18 ਨਾਲ ਹਰਾਇਆ। ਪਹਿਲੀ ਗੇਮ ਦੇ ਅੱਧ ਤੱਕ ਸਾਤਵਿਕ ਅਤੇ ਚਿਰਾਗ ਨੇ ਮਲੇਸ਼ਿਆਈ ਟੀਮ ਤੋਂ ਲੀਡ ਲਈ ਅਤੇ ਉਸ ਮਗਰੋਂ ਭਾਰਤੀ ਜੋੜੀ ਨੇ ਵਿਰੋਧੀ ਟੀਮ ਨੂੰ ਨੇੜੇ ਨਹੀਂ ਲੱਗਣ ਦਿੱਤਾ। ਸਾਤਵਿਕ ਅਤੇ ਚਿਰਾਗ ਨੇ ਦੂਜੀ ਗੇਮ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਵਿਰੋਧੀ ਟੀਮ ਨੂੰ ਸਖ਼ਤ ਚੁਣੌਤੀ ਦਿੰਦਿਆਂ ਮੈਚ ਜਿੱਤ ਲਿਆ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੀ ਜੇਤੂ ਅਤੇ ਏਸ਼ਿਆਈ ਚੈਂਪੀਅਨ ਭਾਰਤੀ ਜੋੜੀ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਕਿਸੇ ਵੀ ਸੁਪਰ 1000 ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਇਹ ਪਹਿਲੀ ਭਾਰਤੀ ਜੋੜੀ ਹੈ। ਮਹਿਲਾਵਾਂ ਦੇ ਸਿੰਲਗਜ਼ ਫਾਈਨਲ ਵਿੱਚ ਚੀਨ ਦੀ ਚੇਨ ਯੂ ਫੇਈ ਨੇ ਸਪੇਨ ਦੀ ਕਰੋਲੀਨਾ ਮਾਰਲਿਨ ਨੂੰ 21-18, 21-19 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ।