ਅਮਿਤ ਸ਼ਾਹ ਵੱਲੋਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ

ਅਮਿਤ ਸ਼ਾਹ ਵੱਲੋਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ

ਪੰਜਾਬ ਿਵੱਚ ਅਮਨ ਕਾਨੂੰਨ ਦੀ ਸਥਿਤੀ ’ਤੇ ਸਵਾਲ ਤੇ ਹਰਿਆਣਾ ’ਚ ਕਾਂਗਰਸ ਨੂੰ ਘੇਰਿਆ
ਗੁਰਦਾਸਪੁਰ/ਸਿਰਸਾ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਲਈ ਸਮਾਂ ਹੀ ਨਹੀਂ ਅਤੇ ਉਨ੍ਹਾਂ ਦਾ ਇੱਕੋ-ਇੱਕ ਕੰਮ ਅਰਵਿੰਦ ਕੇਜਰੀਵਾਲ ਦੇ ਦੇਸ਼ ਪੱਧਰੀ ਦੌਰੇ ਲਈ ਸਰਕਾਰੀ ਜਹਾਜ਼ ਮੁਹੱਈਆ ਕਰਾਉਣਾ ਹੈ। ਉਹ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ’ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਤੋਂ ਬਾਅਦ ਹਰਿਆਣਾ ਦੇ ਸਿਰਸਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ।

ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੇ ਨੌਂ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣ ਲਈ ਇੱਥੋਂ ਦੀ ਦਾਣਾ ਮੰਡੀ ’ਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੂੰ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਕਿਹਾ, ‘ਮੁੱਖ ਮੰਤਰੀ ਸਾਰੇ ਦੇਸ਼ ’ਚ ਘੁੰਮ ਰਹੇ ਹਨ। ਜੇਕਰ ਉਹ ਖੁਦ ਜਾਂਦੇ ਤਾਂ ਗੱਲ ਸਮਝ ’ਚ ਆਉਂਦੀ ਸੀ ਪਰ ਉਹ ਕੇਜਰੀਵਾਲ ਦੇ ਪਾਇਲਟ ਬਣੇ ਹੋਏ ਹਨ।’ ਉਨ੍ਹਾਂ ਕਿਹਾ, ‘ਮੈਂ ਆਪਣੀ ਸਾਰੀ ਜ਼ਿੰਦਗੀ ’ਚ ‘ਆਪ’ ਦੀ ਅਗਵਾਈ ਵਾਲੀ ਅਜਿਹੀ ਸਰਕਾਰ ਨਹੀਂ ਦੇਖੀ ਜੋ ਫੋਕੇ ਵਾਅਦੇ ਕਰਦੀ ਹੋਵੇ।’ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਪੂਰਾ ਸਮਾਂ ਦੌਰਿਆਂ ’ਚ ਲੰਘ ਜਾਂਦਾ ਹੈ ਅਤੇ ਇਸ ਕਾਰਨ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ।
ਸ਼ਾਹ ਨੇ ਕਿਹਾ ਕਿ ਲੋਕ ਇੱਥੇ ਸੁਰੱਖਿਅਤ ਨਹੀਂ ਹਨ। ਉਨ੍ਹਾਂ ਸਰਕਾਰ ’ਤੇ ਪੰਜਾਬ ਦਾ ਪੈਸਾ ਹੋਰਨਾਂ ਸੂਬਿਆਂ ’ਚ ਇਸ਼ਤਿਹਾਰਬਾਜ਼ੀ ’ਤੇ ਖਰਚਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜਿੱਥੇ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਵੱਧ ਰਿਹਾ ਹੈ ਉੱਥੇ ਹੀ ਮੁੱਖ ਮੰਤਰੀ ਕੋਲ ਇਸ ਲਈ ਜਾਂ ਕਿਸਾਨਾਂ ਦੀ ਪ੍ਰੇਸ਼ਾਨੀ ਸੁਣਨ ਲਈ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਮੋਦੀ ਸਰਕਾਰ ਦੀਆਂ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਭਾਰਤ ਹੁਣ ਵਿਕਾਸ ਇੰਜਣ ਵਜੋਂ ਜਾਣਿਆ ਜਾਵੇਗਾ। ਨਸ਼ਿਆਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ’ਚੋਂ ਇਹ ਬੁਰਾਈ ਖਤਮ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਬਹੁਤ ਜਲਦੀ ਹੀ ਪੰਜਾਬ ’ਚ ਨਸ਼ਿਆਂ ਦਾ ਕਾਰੋਬਾਰ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਅੰਦਰ ਅੰਮ੍ਰਿਤਸਰ ’ਚ ਨਸ਼ਾ ਕੰਟਰੋਲ ਬਿਊਰੋ ਦਾ ਦਫ਼ਤਰ ਖੋਲ੍ਹਿਆ ਜਾਵੇਗਾ ਤੇ ਭਾਜਪਾ ਆਗੂ ਪੰਜਾਬ ਭਰ ’ਚ ਜਾ ਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨਗੇ। ਉਨ੍ਹਾਂ ਲੋਕਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਮੁੜ ਜਿਤਾਉਣ ਦੀ ਅਪੀਲ ਕੀਤੀ। ਰੈਲੀ ’ਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਅਰਜੁਨ ਰਾਮ ਮੇਘਵਾਲ ਤੇ ਹੋਰ ਭਾਜਪਾ ਆਗੂ ਹਾਜ਼ਰ ਸਨ। ਇਸ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਨੇ ਹਰਿਆਣਾ ਦੇ ਸਿਰਸਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕੇਂਦਰ ’ਚ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ’ਚ 12 ਲੱਖ ਕਰੋੜ ਰੁਪਏ ਦੇ ਘਪਲੇ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਮੌਜੂਦਾ ਕੇਂਦਰ ਸਰਕਾਰ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ ਤੇ ਉਸ ਦੇ ਵਿਰੋਧੀ ਵੀ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲਗਾ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਰੋਧੀਆਂ ਦੇ ਵਿਰੋਧ ਦੇ ਬਾਵਜੂਦ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਜਿਹੇ ਫ਼ੈਸਲੇ ਲਏ ਅਤੇ ਉੜੀ ਤੇ ਪੁਲਵਾਮਾ ’ਚ ਹੋਏ ਅਤਿਵਾਦੀ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਨੌਂ ਸਾਲਾਂ ’ਚ ਮੋਦੀ ਨੇ ਦੇਸ਼ ਨੂੰ ਸੁਰੱਖਿਅਤ ਬਣਾਇਆ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਹਰਿਆਣਾ ਪਹੁੰਚਣ ’ਤੇ ਸਵਾਗਤ ਕੀਤਾ।