ਮੋਗਾ ’ਚ ਸਰਾਫ਼ ਦੀ ਹੱਤਿਆ ਦੇ ਮਾਮਲੇ ਵਿੱਚ ਚਾਰ ਕਾਬੂ

ਮੋਗਾ ’ਚ ਸਰਾਫ਼ ਦੀ ਹੱਤਿਆ ਦੇ ਮਾਮਲੇ ਵਿੱਚ ਚਾਰ ਕਾਬੂ

ਮੋਗਾ – ਪੰਜਾਬ ਪੁਲੀਸ ਅਤੇ ਏਜੀਟੀਐਫ਼ (ਗੈਂਗਸਟਰ ਵਿਰੋਧੀ ਟਾਸਕ ਫੋਰਸ) ਦੀਆਂ ਟੀਮਾਂ ਨੇ ਮੋਗਾ ਵਿੱਚ ਸਰਾਫ਼ ਪਰਮਿੰਦਰ ਸਿੰਘ ਉਰਫ਼ ਵਿੱਕੀ ਦੀ ਹੱਤਿਆ ਕਰਕੇ ਗਹਿਣੇ ਲੁੱਟਣ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ’ਚ ਤਿੰਨ ਮੁਲਜ਼ਮ ਬਿਹਾਰ ਪੁਲੀਸ ਦੇ ਸਹਿਯੋਗ ਨਾਲ ਪਟਨਾ ਅਤੇ ਇੱਕ ਨੂੰ ਮਹਾਂਰਾਸ਼ਟਰ ਪੁਲੀਸ ਦੀ ਮਦਦ ਨਾਲ ਨਾਂਦੇੜ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਮੁਖੀ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪਟਨਾ ਤੋਂ ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਮੰਗਾ ਉਰਫ ਰਾਜੂ ਵਾਸੀ ਮੋਗਾ, ਰਾਜਵੀਰ ਸਿੰਘ ਉਰਫ ਅਵਿਨਾਸ਼ ਸਿੰਘ ਵਾਸੀ ਬਿਹਾਰ ਅਤੇ ਵਰੁਣ ਜੈਜੀ ਉਰਫ ਵਾਨੂ ਵਾਸੀ ਜਲੰਧਰ ਵਜੋਂ ਹੋਈ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਗੋਪੀ ਉਰਫ ਗੋਪੀ ਨੂੰ ਨਾਂਦੇੜ ਸਾਹਿਬ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਫਰਾਰ ਹੋਏ ਮੁਲਜ਼ਮ ਦੀ ਪਛਾਣ ਗੋਲੂ ਵਜੋਂ ਹੋਈ ਹੈ, ਜੋ ਪਟਨਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ 12 ਜੂਨ ਨੂੰ ਮੋਗਾ ਵਿੱਚ ਏਸ਼ੀਆ ਜਿਊਲਰਜ਼ ਸ਼ੋਅ ਰੂਮ ਦੇ ਮਾਲਕ ਪਰਮਿੰਦਰ ਸਿੰਘ ਉਰਫ ਵਿੱਕੀ ਦੀ ਗੋਲੀ ਮਾਰਨ ਮਗਰੋਂ ਮੁਲਜ਼ਮ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਨੇ ਦੋ ਪਿਸਤੌਲਾਂ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਇੱਕ .315 ਬੋਰ (ਦੇਸੀ) ਅਤੇ ਇੱਕ 32 ਬੋਰ ਅਤੇ ਇੱਕ .32 ਬੋਰ ਦੇ ਕਾਰਤੂਸ ਸ਼ਾਮਲ ਹਨ। ਇਹ ਉਹ ਹਥਿਆਰ ਹਨ ਜੋ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਸਨ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪਰਮਿੰਦਰ ਸਿੰਘ ਦਾ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਖ਼ਿਲਾਫ਼ ਪੰਜਾਬ ਤੇ ਬਿਹਾਰ ਵਿੱਚ ਕੇਸ ਦਰਜ ਹਨ। ਮੁਲਜ਼ਮ ਰਾਜਵੀਰ ਇਸ ਤੋਂ ਪਹਿਲਾਂ ਜਲੰਧਰ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲੀਸ ਹਿਰਾਸਤ ਵਿੱਚੋਂ ਭੱਜ ਗਿਆ ਸੀ ਅਤੇ ਉਦੋਂ ਤੋਂ ਹੀ ਫਰਾਰ ਸੀ।