ਸਾਡਾ ਸੰਘਰਸ਼ ਸਿਆਸਤ ਤੋਂ ਪ੍ਰੇਰਿਤ ਨਹੀਂ: ਸਾਕਸ਼ੀ

ਸਾਡਾ ਸੰਘਰਸ਼ ਸਿਆਸਤ ਤੋਂ ਪ੍ਰੇਰਿਤ ਨਹੀਂ: ਸਾਕਸ਼ੀ

ਓਲੰਪਿਕ ਤਗ਼ਮਾ ਜੇਤੂ ਅਤੇ ਉਸ ਦੇ ਪਹਿਲਵਾਨ ਪਤੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਕੇ ਕੀਤਾ ਦਾਅਵਾ
ਨਵੀਂ ਦਿੱਲੀ- ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ ਅਤੇ ਉਸ ਦੇ ਪਹਿਲਵਾਨ ਪਤੀ ਸੱਤਿਆਵਰਤ ਕਾਦਿਆਨ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਸੰਘਰਸ਼ ਸਿਆਸਤ ਤੋਂ ਪ੍ਰੇਰਿਤ ਨਹੀਂ ਸੀ। ਟਵਿੱਟਰ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਾਦਿਆਨ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਨੂੰ ਲੈ ਕੇ ਆਲੇ-ਦੁਆਲੇ ਗ਼ਲਤ ਬਿਰਤਾਂਤ ਸਿਰਜਿਆ ਜਾ ਰਿਹਾ ਸੀ ਅਤੇ ਉਹ ਇਸ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ।

ਸ਼ਾਕਸੀ ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਣਸੀ ਸੋਸ਼ਣ ਅਤੇ ਧਮਕਾਉਣ ਦੇ ਦੋਸ਼ ਲਾਏ ਹਨ।

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਸਮੇਤ ਕਈ ਸਿਆਸੀ ਆਗੂਆਂ ਨੇ 28 ਮਈ ਨੂੰ ਜੰਤਰ-ਮੰਤਰ ਤੋਂ ਹਟਾਏ ਜਾਣ ਤੋਂ ਪਹਿਲਾਂ ਧਰਨਾ ਸਥਾਨ ’ਤੇ ਪਹੁੰਚ ਕੇ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਸੀ।

ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਸਾਕਸ਼ੀ ਦੇ ਨਾਲ ਬੈਠੇ ਕਾਦਿਆਨ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਦਰਸ਼ਨ ਸਬੰਧੀ ਅਫ਼ਵਾਹਾਂ ਫ਼ੈਲਾਈਆਂ ਜਾ ਰਹੀਆਂ ਸਨ। ਉਸ ਨੇ ਕਿਹਾ, ‘‘ਮੈਂ ਸਾਫ਼ ਕਰ ਦਿਆਂ ਕਿ ਸਾਡਾ ਸੰਘਰਸ਼ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ। ਅਸੀਂ (ਜੰਤਰ ਮੰਤਰ ’ਤੇ) ਜਨਵਰੀ ਵਿੱਚ ਆਏ ਅਤੇ ਪੁਲੀਸ ਤੋਂ ਪ੍ਰਦਰਸ਼ਨ ਲਈ ਪ੍ਰਵਾਨਗੀ ਦੋ ਭਾਜਪਾ ਆਗੂਆਂ ਨੇ ਲਈ ਸੀ।’’ ਸੱਤਿਆਵਰਤ ਨੇ ਸਾਕਸ਼ੀ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਸਬੰਧੀ ਪੱਤਰ ਦਿਖਾਉਣ ਲਈ ਕਿਹਾ, ਜੋ ਸਾਬਕਾ ਪਹਿਲਵਾਨ ਬਬੀਤਾ ਫੋਗਾਟ ਅਤੇ ਤੀਰਥ ਰਾਣਾ ਵੱਲੋਂ ਲਿਖਿਆ ਗਿਆ ਸੀ ਅਤੇ ਇਹ ਦੋਵੇਂ ਭਾਜਪਾ ਦੇ ਨੁਮਾਇੰਦੇ ਹਨ। ਉਸ ਨੇ ਕਿਹਾ, ‘‘ਇਸ (ਪ੍ਰਦਰਸ਼ਨ) ਨੂੰ ਕਾਂਗਰਸ ਦਾ ਸਮਰਥਨ ਨਹੀਂ ਹੈ। 90 ਫ਼ੀਸਦੀ (ਪਹਿਲਵਾਨ ਭਾਈਚਾਰੇ ਵਿੱਚੋਂ) ਤੋਂ ਵੱਧ ਲੋਕ ਜਾਣਦੇ ਹਨ ਕਿ ਪਿਛਲੇ 10-12 ਸਾਲਾਂ ਤੋਂ ਇਹ (ਜਿਣਸੀ ਸੋਸ਼ਣ ਅਤੇ ਧਮਕਾਉਣਾ) ਸਭ ਵਾਪਰ ਰਿਹਾ ਸੀ। ਕੁੱਝ ਲੋਕ ਇਸ ਖ਼ਿਲਾਫ਼ ਆਵਾਜ਼ ਉਠਾਉਣਾ ਚਾਹੁੰਦੇ ਸਨ ਪਰ ਕੁਸ਼ਤੀ ਭਾਈਚਾਰਾ ਇੱਕਜੁੱਟ ਨਹੀਂ ਸੀ।’’ ਕਾਦਿਆਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਲੜਾਈ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਖ਼ਿਲਾਫ਼ ਹੈ ਅਤੇ ਸਰਕਾਰ ਵਿਰੁੱਧ ਨਹੀਂ ਹੈ। ਸਾਕਸ਼ੀ ਨੇ ਕਿਹਾ ਕਿ ਉਹ ਸਾਲਾਂ ਤੱਕ ਇਸ ਲਈ ਚੁੱਪ ਰਹੇ ਕਿਉਂਕਿ ਪਹਿਲਵਾਨਾਂ ’ਚ ਏਕਤਾ ਨਹੀਂ ਸੀ। ਉਸ ਨੇ ਕਿਹਾ, ‘‘ਤਾਕਤਵਰ ਵਿਅਕਤੀ ਦਾ ਮੁਕਾਬਲਾ ਕਰਨ ਲਈ ਹਿੰਮਤ ਇਕੱਠੀ ਕਰਨਾ ਸੌਖਾ ਨਹੀਂ ਹੈ।’’ ਕਾਦਿਆਨ ਨੇ ਕਿਹਾ ਕਿ 28 ਮਈ ਨੂੰ ਪੁਲੀਸ ਦੀ ਬੇਰਹਿਮੀ ਨੇ ਉਨ੍ਹਾਂ ਨੂੰ ਤੋੜ ਦਿੱਤਾ ਸੀ। ਉਸ ਨੇ ਕਿਹਾ, ‘‘ਮੈਂ ਇੱਕ ਗੱਲ ਸਾਫ਼ ਕਰ ਦਿਆਂ ਕਿ ‘ਮਹਿਲਾ ਸਨਮਾਨ ਮਹਾਪੰਚਾਇਤ’ ਦਾ ਸੱਦਾ ਖਾਪ ਆਗੂਆਂ ਨੇ ਦਿੱਤਾ ਸੀ ਅਤੇ ਅਸੀਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਪੁਲੀਸ ਦੀ ਬੇਰਹਿਮੀ ਦਾ ਸਾਹਮਣਾ ਕੀਤਾ। ਅਸੀਂ ਦੇਸ਼ ਲਈ ਕਈ ਤਗ਼ਮੇ ਜਿੱਤੇ ਹਨ ਅਤੇ ਸਾਡੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਅਸੀਂ ਕਿਸ ਹਾਲਾਤ ਵਿੱਚੋਂ ਲੰਘੇ ਹਾਂ।’’