ਨੌਜਵਾਨ ਆਪਣੀ ਕਿਸਮਤ ਖੁਦ ਲਿਖਣ: ਭਗਵੰਤ ਮਾਨ

ਨੌਜਵਾਨ ਆਪਣੀ ਕਿਸਮਤ ਖੁਦ ਲਿਖਣ: ਭਗਵੰਤ ਮਾਨ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਸੈਕਟਰ-35 ਸਥਿਤ ਮਿਉਂਸਿਪਲ ਭਵਨ ਵਿਖੇ ਸਥਾਨਕ ਸਰਕਾਰਾਂ ਵਿਭਾਗ ਦੇ 401 ਕਲਰਕਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 17 ਜੂਨੀਅਰ ਇੰਜਨੀਅਰਾਂ (ਜੇਈ) ਨੂੰ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਇਕ ਸਾਲ ’ਚ ਸੂਬੇ ਦੇ 29,684 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਸ੍ਰੀ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੇਲੇ ਚਾਰ ਸਾਲਾਂ ਬਾਅਦ ਇਕ ਵਾਰ ਨੌਕਰੀ ਦਾ ਮੌਕਾ ਮਿਲਦਾ ਸੀ, ਉਹ ਵੀ ਕਿਸਮਤ ਵਾਲੇ ਨੂੰ ਹੀ ਮਿਲਦੀ ਸੀ। ਪਰ ‘ਆਪ’ ਸਰਕਾਰ ਵੱਲੋਂ ਰੋਜ਼ਾਨਾ ਵੱਖ-ਵੱਖ ਵਿਭਾਗਾਂ ’ਚ ਅਸਾਮੀਆਂ ਕੱਢੀ ਜਾ ਰਹੀਆਂ ਹਨ, ਜਿੱਥੇ ਮਿਹਨਤ ਕਰਨ ਵਾਲਿਆਂ ਨੂੰ ਲਾਜ਼ਮੀ ਤੌਰ ’ਤੇ ਨੌਕਰੀ ਮਿਲੇਗੀ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਹੁਣ ਕਿਸਮਤ ’ਤੇ ਨਿਰਭਰ ਨਾ ਰਹਿੰਦੇ ਹੋਏ ਆਪਣੀ ਕਿਸਮਤ ਖੁਦ ਲਿਖਣ। ਸ੍ਰੀ ਮਾਨ ਨੇ ਪੁਰਾਣੇ ਆਗੂਆਂ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਇਹ ਆਗੂ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਆਪਣੇ ਆਲੀਸ਼ਾਨ ਮਹਿਲਾਂ ਤੋਂ ਬਾਹਰ ਨਹੀਂ ਆਏ ਪਰ ਹੁਣ ਉਹ ਅਮਨ, ਖ਼ੁਸ਼ਹਾਲੀ ਤੇ ਤਰੱਕੀ ਦਾ ਨਵਾਂ ਦੌਰ ਸ਼ੁਰੂ ਕਰਨ ਲਈ ਪੰਜਾਬ ਦੇ ਹਰੇਕ ਕੋਨੇ-ਕੋਨੇ ਵਿੱਚ ਘੁੰਮ ਰਹੇ ਹਨ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੀ ਜਿੱਤ ’ਤੇ ਘਮੰਡ ਨਾ ਕਰਨ, ਸਗੋਂ ਜ਼ਮੀਨ ਨਾਲ ਜੁੜੇ ਰਹਿ ਕੇ ਹੋਰ ਸਫ਼ਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ।

‘ਮੈਂ ਉਦਯੋਗ ’ਚ ਹਿੱਸਾ-ਪੱਤੀ ਨਹੀਂ ਮੰਗਦਾ’
ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਸ਼ੁਰੂ ਹੋਈ ਸ਼ਬਦੀ ਜੰਗ ਜਾਰੀ ਹੈ। ਮੁੱਖ ਮੰਤਰੀ ਨੇ ਅੱਜ ਸੁਖਬੀਰ ਬਾਦਲ ਨੂੰ ਜਵਾਬ ਦਿੰਦਿਆਂ ਕਿਹਾ, ‘‘ਮੈਂ ‘ਪਾਗਲ’ ਹਾਂ, ਮੈਂ ਸੂਬੇ ਦੇ ਖਜ਼ਾਨੇ ਨਹੀਂ ਲੁੱਟੇ, ਸੂਬੇ ਵਿੱਚ ਲੱਗਣ ਵਾਲੇ ਉਦਯੋਗ ’ਚ ਹਿੱਸਾ ਨਹੀਂ ਮੰਗਦਾ, ਮਾਫੀਏ ਨੂੰ ਸਿਰ ਨਹੀਂ ਚੁੱਕਣ ਦਿੰਦਾ ਤੇ ਸੂਬੇ ਨੂੰ ਲੀਹੋਂ ਲਾਹੁਣ ਵਾਲੇ ਘਿਨਾਉਣੇ ਮਨਸੂਬਿਆਂ ਦਾ ਭਾਈਵਾਲ ਨਹੀਂ ਬਣਦਾ।’’ ਉਨ੍ਹਾਂ ਕਿਹਾ, ‘‘ਮੈਂ ਨਸ਼ੇ ਦੇ ਸੌਦਾਗਰਾਂ ਦੀ ਪੁਸ਼ਤਪਨਾਹੀ ਨਹੀਂ ਕੀਤੀ। ਮੈਂ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਲੋਕਾਂ ਨੂੰ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ ਖੋਲ੍ਹਣ ਅਤੇ ਲੋਕਾਂ ਦੀ ਭਲਾਈ ਕਰਨੀ ਚਾਹੁੰਦੀ ਹਾਂ।’’ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਿਛਲੇ ਸੱਤਾਧਾਰੀਆਂ ਵਾਂਗ ਗੈਰ-ਕਾਨੂੰਨੀ ਢੰਗ ਨਾਲ ਪੈਸਾ ਨਹੀਂ ਕਮਾਉਂਦੇ ਸਗੋਂ ਉਨ੍ਹਾਂ ਉਪਰ ਸਮਰਪਿਤ ਭਾਵਨਾ ਨਾਲ ਸੂਬੇ ਦੀ ਸੇਵਾ ਕਰਨ ਦਾ ਜਨੂੰਨ ਸਵਾਰ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ,“ਤੁਹਾਨੂੰ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਤਾਂ ਤੁਹਾਡੇ ਪਿਤਾ ਕਰਕੇ ਕੁਰਸੀਆਂ ਨਸੀਬ ਹੋਈਆਂ ਹਨ ਜਦਕਿ ਮੈਂ ਸਾਢੇ ਤਿੰਨ ਕਰੋੜ ਲੋਕਾਂ ਦੇ ਭਰੋਸੇ ਤੇ ਪਿਆਰ ਸਦਕਾ ਸੂਬੇ ਦੀ ਸੇਵਾ ਨਿਭਾਅ ਰਿਹਾ ਹਾਂ।’’ ਉਨ੍ਹਾਂ ਕਿਹਾ ਕਿ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਵਿੱਚੋਂ ਪੜ੍ਹ ਹੋਏ ਸੁਖਬੀਰ ਬਾਦਲ ਨੂੰ ਨਾ ਪੰਜਾਬ ਦੇ ਇਤਿਹਾਸ ਬਾਰੇ ਪਤਾ ਹੈ ਅਤੇ ਨਾ ਹੀ ਉਨ੍ਹਾਂ ਸੂਬੇ ਲਈ ਕੁਝ ਕੀਤਾ ਹੈ।