ਕੈਨੇਡਾ: ਬਜ਼ੁਰਗਾਂ ਨੂੰ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ; 15 ਹਲਾਕ

ਕੈਨੇਡਾ: ਬਜ਼ੁਰਗਾਂ ਨੂੰ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ; 15 ਹਲਾਕ

ਵਿਨੀਪੈੱਗ/ਵੈਨਕੂਵਰ- ਕੈਨੇਡਾ ਦੇ ਮੈਨੀਟੋਬਾ ਸੂਬੇ ਵਿੱਚ ਬਜ਼ੁਰਗਾਂ ਨੂੰ ਕੈਸੀਨੋ ਲਿਜਾ ਰਹੀ ਬੱਸ ਅਤੇ ਟਰੱਕ ਵਿਚਾਲੇ ਟੱਕਰ ਕਾਰਨ ਘੱਟੋ-ਘੱਟ 15 ਜਣਿਆਂ ਦੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਪੰਜ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟੇਡ ਪੁਲੀਸ ਦੇ ਕਮਾਂਡਿੰਗ ਅਫ਼ਸਰ ਰੌਬ ਹਿੱਲ ਨੇ ਦੱਸਿਆ ਕਿ ਬੱਸ ਵਿੱਚ 25 ਜਣੇ ਸਵਾਰ ਸਨ। ਟਰੱਕ ਅਤੇ ਬੱਸ ਦਾ ਡਰਾਈਵਰ ਵੀ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਕੈਰਬੈਰੀ ਵਿੱਚ ਹਾਈਵੇਅ ਇੱਕ ਅਤੇ ਪੰਜ ਦੇ ਚੌਰਾਹੇ ’ਤੇ ਵਾਪਰਿਆ। ਚਸ਼ਮਦੀਦਾਂ ਅਨੁਸਾਰ ਟੱਕਰ ਮਗਰੋਂ ਅੱਗ ਲੱਗਣ ਕਾਰਨ ਬੱਸ ਦੀਆਂ ਖਿੜਕੀਆਂ ਜਾਮ ਹੋ ਗਈਆਂ, ਜਿਸ ਕਾਰਨ ਬਜ਼ੁਰਗਾਂ ਨੂੰ ਬਾਹਰ ਕੱਢਣ ਵਿੱਚ ਸਮਾਂ ਲੱਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।