ਸਿਰਸਾ: ਮੁਆਵਜ਼ਾ ਤੇ ਬੀਮਾ ਕਲੇਮ ਦੀ ਮੰਗ ਲਈ ਕਿਸਾਨਾਂ ਨੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ

ਸਿਰਸਾ: ਮੁਆਵਜ਼ਾ ਤੇ ਬੀਮਾ ਕਲੇਮ ਦੀ ਮੰਗ ਲਈ ਕਿਸਾਨਾਂ ਨੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ

ਸਿਰਸਾ – ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਬੈਨਰ ਹੇਠ ਕਿਸਾਨਾਂ ਨੇ ਮੁਆਵਜ਼ਾ ਤੇ ਬੀਮਾ ਕਲੇਮ ਦੀ ਮੰਗ ਲਈ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਤੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ। ਭਾਰਤੀ ਕਿਸਾਨ ਏਕਤਾ ਦੇ ਬੈਨਰ ਹੇਠ ਕਿਸਾਨ ਅੰਬੇਡਕਰ ਚੌਕ ਇਕੱਠੇ ਹੋਏ, ਜਿਥੋਂ ਪ੍ਰਦਰਸ਼ਨ ਕਰਦੇ ਹੋਏ ਮਿੰਨੀ ਸਕੱਤਰੇਤ ਪੁੱਜੇ, ਜਿਥੇ ਉਨ੍ਹਾਂ ਨੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਸਾਲ 2020 ’ਚ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਹਾਲੇ ਤੱਕ ਸਾਰੇ ਕਿਸਾਨਾਂ ਨੂੰ ਨਹੀਂ ਮਿਲਿਆ ਹੈ। ਇਸੇ ਤਰ੍ਹਾਂ 2022 ਦਾ ਬੀਮਾ ਕਲੇਮ ਕਿਸਾਨਾਂ ਨੂੰ ਨਹੀਂ ਮਿਲਿਆ ਹੈ। ਸਾਲ 2023 ’ਚ ਬੇਮੌਸਮੀ ਮੀਂਹ ਤੇ ਗੜਿਆਂ ਨਾਲ ਨੁਕਸਾਨੀ ਗਈ ਹਾੜ੍ਹੀ ਦੀ ਫ਼ਸਲ ਦਾ ਮੁਆਵਜ਼ਾ ਤੇ ਬੀਮਾ ਕਲੇਮ ਵੀ ਪੀੜਤ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਹਰਿਆਣਾ ਸਰਕਾਰ ਕੋ-ਆਪਰੇਟਿਵ ਬੈਂਕ ਦੇ ਕਿਸਾਨੀ ਕਰਜ਼ੇ ’ਤੇ ਮੁੜ ਤੋਂ ਵਿਆਜ ਸ਼ੁਰੂ ਕਰ ਦਿੱਤਾ ਹੈ, ਜਦੋਂਕਿ ਪਹਿਲਾਂ ਇਹ ਵਿਆਜ ਸਰਕਾਰ ਨੇ ਕਿਸਾਨਾਂ ਦਾ ਮੁਆਫ਼ ਕੀਤਾ ਹੋਇਆ ਸੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਫ਼ਸਲ ਨੁਕਸਾਨੀ ਗਈ ਹੈ, ਉਨ੍ਹਾਂ ਨੂੰ ਮੁਆਵਜ਼ਾ ਤੇ ਬੀਮਾ ਕਲੇਮ ਦਿੱਤਾ ਜਾਏ ਤੇ ਕੋ-ਆਪਰੇਟਿਵ ਬੈਂਕ ਦੇ ਕਰਜੇ ’ਤੇ ਵਿਆਜ ਨਾ ਲਾਇਆ ਜਾਏ। ਇਸ ਮੌਕੇ ’ਤੇ ਪ੍ਰਕਾਸ਼ ਮਮੇਰਾਂ ਤੇ ਗੁਰਲਾਲ ਭੰਗੂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਕਿਸਾਨ ਮੌਜੂਦ ਸਨ।