ਗੁਜਰਾਤ ਦੇ ਤੱਟ ਨਾਲ ਟਕਰਾਇਆ ਚੱਕਰਵਾਤੀ ਤੂਫ਼ਾਨ ਬਿਪਰਜੁਆਏ

ਗੁਜਰਾਤ ਦੇ ਤੱਟ ਨਾਲ ਟਕਰਾਇਆ ਚੱਕਰਵਾਤੀ ਤੂਫ਼ਾਨ ਬਿਪਰਜੁਆਏ


ਕੱਛ ਤੇ ਸੌਰਾਸ਼ਟਰ ਦੇ ਤੱਟੀ ਇਲਾਕਿਆਂ ’ਚ ਤੇਜ਼ ਹਵਾਵਾਂ ਦੇ ਨਾਲ ਵਰ੍ਹਿਆ ਭਾਰੀ ਮੀਂਹ
ਅਹਿਮਦਾਬਾਦ/ਨਵੀਂ ਦਿੱਲੀ – ਚੱਕਰਵਾਤੀ ਤੂਫਾਨ ਬਿਪਰਜੁਆਏ ਦੇ ਅੱਜ ਦੇਰ ਸ਼ਾਮ ਗੁਜਰਾਤ ਦੇ ਕੱਛ ਤੇ ਸੌਰਾਸ਼ਟਰ ਦੇ ਤੱਟਾਂ ਨਾਲ ਟਕਰਾਉਣ ਮਗਰੋਂ ਤੇਜ਼ ਹਵਾਵਾਂ ਚੱਲਣ ਕਾਰਨ ਦੇਵਭੂਮੀ ਦਵਾਰਕਾ ਜ਼ਿਲ੍ਹੇ ’ਚ ਕਈ ਦਰੱਖਤ ਪੁੱਟੇ ਗਏ ਤੇ ਇਨ੍ਹਾਂ ਦੀ ਲਪੇਟ ’ਚ ਆਉਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਵੱਲੋਂ ਬਚਾਅ ਤੇ ਰਾਹਤ ਟੀਮਾਂ ਨੂੰ ਚੌਕਸ ਰੱਖਿਆ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਦੇ ਟਕਰਾਉਣ ਦੀ ਪ੍ਰਕਿਰਿਆ ਅੱਧੀ ਰਾਤ ਤੱਕ ਮੁਕੰਮਲ ਹੋ ਸਕਦੀ ਹੈ। ਚੱਕਰਵਾਤੀ ਤੂਫ਼ਾਨ ਕਾਰਨ ਕੱਛ ਤੇ ਸੌਰਾਸ਼ਟਰ ਦੇ ਤੱਟਾਂ ਦੇ ਨੇੜਲੇ ਇਲਾਕਿਆਂ ’ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ ਹੈ।

ਆਈਐੱਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੰਜਯ ਮਹਾਪਾਤਰਾ ਨੇ ਕਿਹਾ, ‘ਸੰਘਣੇ ਬੱਦਲਾਂ ਦੇ ਕੱਛ ਤੇ ਦੇਵਭੂਮੀ ਦਵਾਰਕਾ ਜ਼ਿਲ੍ਹਿਆਂ ’ਚ ਦਾਖਲ ਹੋਣ ਮਗਰੋਂ ਚੱਕਰਵਾਤੀ ਤੂਫਾਨ ਦੇ ਟਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਅੱਧੀ ਰਾਤ ਤੱਕ ਮੁਕੰਮਲ ਹੋਵੇਗੀ।’ ਉਨ੍ਹਾਂ ਕਿਹਾ ਕਿ ਚੱਕਰਵਾਤੀ ਤੂਫ਼ਾਨ ਦਾ ਘੇਰਾ 50 ਕਿਲੋਮੀਟਰ ਦੇ ਕਰੀਬ ਹੈ ਤੇ ਇਸ 13-14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਇਸ ਤੂਫਾਨ ਨੇ ਕੱਛ ਦੇ ਜਖਾਊ ਤੇ ਮਾਂਡਵੀ ਸ਼ਹਿਰਾਂ ’ਚ ਕਈ ਦਰੱਖਤ ਤੇ ਬਿਜਲੀ ਦੇ ਖੰਭੇ ਪੁੱਟ ਸੁੱਟੇ ਹਨ ਤੇ ਕਈ ਘਰਾਂ ’ਤੇ ਲੱਗੇ ਟੀਨ ਦੇ ਪੱਤਰੇ ਉਡਾ ਦਿੱਤੇ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਕਿਹਾ ਕਿ ਸ਼ਾਮ ਸੱਤ ਵਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਦਵਾਰਕਾ ਜ਼ਿਲ੍ਹੇ ’ਚ ਦਰੱਖਤ ਹੇਠਾਂ ਆਉਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਗੁਜਰਾਤ ਪੁਲੀਸ, ਐੱਨਡੀਆਰਐੱਫ ਤੇ ਫੌਜ ਦੀਆਂ ਟੀਮਾਂ ਡਿੱਗੇ ਹੋਏ ਦਰੱਖਤ ਦੇ ਬਿਜਲੀ ਦੇ ਖੰਭੇ ਚੁੱਕਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਦੀ ਰਫ਼ਤਾਰ 115-125 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਸ ਦੀ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚੇਗੀ। ਅਧਿਕਾਰੀਆਂ ਨੇ ਦੱਸਿਆ ਕਿਉਨ੍ਹਾਂ ਦੱਸਿਆ ਕਿ ਐੱਨਡੀਆਰਐਫ ਦੀਆਂ 15, ਐੱਸਡੀਆਰਐੱਫ ਦੀਆਂ 12 ਟੀਮਾਂ ਤੋਂ ਇਲਾਵਾ ਥਲ ਸੈਨਾ, ਜਲ ਸੈਨਾ, ਹਵਾਈ ਸੈਨਾ, ਭਾਰਤੀ ਤੱਟ ਰੱਖਿਅਕ ਤੇ ਬੀਐੱਸਐੱਫ ਦੀਆਂ ਟੀਮਾਂ ਬਚਾਅ ਤੇ ਰਾਹਤ ਕਾਰਜਾਂ ਲਈ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਟਕਰਾਉਣ ਮਗਰੋਂ ਕੱਛ, ਦਵਾਰਕਾ, ਪੋਰਬੰਦਰ, ਜਾਮਨਗਰ ਤੇ ਮੋਰਬੀ ਜ਼ਿਲ੍ਹਿਆਂ ਦੇ ਹੇਠਲੇ ਇਲਾਕਿਆਂ ’ਚ ਹੜ੍ਹ ਆਉਣ ਦਾ ਖਦਸ਼ਾ ਹੈ। ਚੱਕਰਵਾਤੀ ਤੂਫ਼ਾਨ ਬਿਪਰਜੁਆਏ ਨਾਲ ਨਜਿੱਠਣ ਲਈ ਮੁੰਬਈ ਅਤੇ ਗੁਜਰਾਤ ਦੇ ਸਮੁੰਦਰੀ ਕੰਢਿਆਂ ’ਤੇ ਐੱਨਡੀਆਰਐੱਫ ਦੀਆਂ 33 ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।

ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਸੁਰੱਖਿਅਤ ਕੱਢੇ
ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਅਤੁਲ ਕਰਵਾਲ ਨੇ ਦੱਸਿਆ ਕਿ ਗੁਜਰਾਤ ’ਚ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਸੁਰੱਖਿਅਤ ਕੱਢ ਕੇ ਆਰਜ਼ੀ ਰਾਹਤ ਕੈਂਪਾਂ ’ਚ ਪਹੁੰਚਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਐੱਨਡੀਆਰਐੱਫ ਨੇ ਦੇਸ਼ ਦੇ ਉੱਤਰ, ਪੂਰਬ ਤੇ ਦੱਖਣ ’ਚ 15 ਟੀਮਾਂ ਨੂੰ ਅਲਰਟ ’ਤੇ ਰੱਖਿਆ ਹੈ ਤਾਂ ਜੋ ਲੋੜ ਪੈਣ ’ਤੇ ਗੁਜਰਾਤ ਤੇ ਮਹਾਰਾਸ਼ਟਰ ’ਚ ਰਾਹਤ ਤੇ ਬਚਾਅ ਕਾਰਜਾਂ ’ਚ ਲੱਗੀਆਂ ਟੀਮਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕੁੱਲ 18 ਟੀਮਾਂ ਇਸ ਸਮੇਂ ਗੁਜਰਾਤ ’ਚ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਗੁਜਰਾਤ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਹੁਣ ਤੱਕ ਇੱਕ ਲੱਖ ਦੇ ਕਰੀਬ ਲੋਕ ਤੱਟੀ ਤੇ ਨੀਵੇਂ ਇਲਾਕਿਆਂ ’ਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਗਏ ਹਨ। ਉਨ੍ਹਾਂ ਕਿਹਾ ਕਿ ਮੱਛੀਆਂ ਫੜਨ ਵਾਲੀਆਂ ਛੋਟੀਆਂ ਬੇੜੀਆਂ ਦੇ ਲੰਗਰ ਪਾਏ ਗਏ ਹਨ ਜਦਕਿ ਵੱਡੇ ਜਹਾਜ਼ ਸਮੁੰਦਰ ’ਚ ਛੱਡ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਦਾ ਟੀਚਾ ਘੱਟ ਤੋਂ ਘੱਟ ਜਾਨੀ ਤੇ ਮਾਲੀ ਨੁਕਸਾਨ ਹੋਣ ਦੇਣਾ ਹੈ।