ਜਗਤੁ ਗੁਰੂ ਗੁਰੁ ਨਾਨਕ ਦੇਉ

ਜਗਤੁ ਗੁਰੂ ਗੁਰੁ ਨਾਨਕ ਦੇਉ

ਅੱਜ ਸਾਰੀ ਮਨੁੱਖਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਵਿਚ ਭਿੱਜੇ ਅਸੀਮ ਉਤਸ਼ਾਹ ਨਾਲ ਸੰਸਾਰ ਭਰ ਵਿਚ ਮਨਾ ਰਹੀ ਹੈ। ਕੈਸੀਆਂ ਰੱਬੀ ਨਿਹਮਤਾਂ ਅਤੇ ਵਡਿਆਈਆਂ ਦੇ ਮਾਲਕ ਹਨ, ਜਗਤ ਗੁਰੂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ; ਇਸ ਦਾ ਅੰਦਾਜ਼ਾ ਲਗਾਉਣਾ ਸੰਭਵ ਨਹੀਂ ਹੈ ਪਰ ਫਿਰ ਵੀ ਸਾਹਿਬਾਂ ਦੀ ਅਸੀਮ ਵਡਿਆਈ ਦਾ ਰੰਚਕ ਮਾਤਰ ਝਲਕਾਰਾ ਦੇਣ ਲਈ ਆਪਣੀ ਰਚਨਾ ‘‘ਜੋਤਿ ਵਿਗਾਸ’’ ਵਿਚ ਭਾਈ ਨੰਦ ਲਾਲ ਜੀ ਵਰਣਨ ਕਰਦੇ ਹਨ ਕਿ :
ਗੁਰੂ ਨਾਨਕ ਆਮਦ ਨਰਾਨਿ ਸਰੂਪ
ਹਮਾਨਾ ਨਿਰੰਜਨ ਨਿਰੰਕਾਰ ਰੂਪ॥ 1॥
ਗੁਰੂ ਨਾਨਕ ਨਰਾਇਣ ਦਾ ਸਰੂਪ ਹੈ, ਨਿਰਸੰਦੇਹ ਉਹ ਨਿਰੰਜਨ ਅਤੇ ਨਿਰੰਕਾਰ ਦਾ ਰੂਪ ਹੈ॥ 1॥
ਹੱਕਸ਼ ਆਫ਼ਰੀਦਾ ਜ਼ਿ ਨੂਰਿ ਕਰਮ
ਅਜ਼ੋ ਆਲਮੇ ਰ ਫ਼ਯੂਜ਼ਿ ਆਤਮ॥ 2॥
ਰੱਬ ਨੇ ਉਸ ਨੂੰ ਆਪਣੇ ਬਖਸ਼ਿਸ਼ ਦੇ ਨੂਰ ਤੋਂ ਉਤਪੰਨ ਕੀਤਾ ਹੈ, ਸਾਰਾ ਸੰਸਾਰ ਵਡੇਰੀਆਂ ਬਖਸ਼ਿਸ਼ਾਂ ਉਸ (ਗੁਰੂ ਨਾਨਕ) ਤੋਂ ਹੀ ਪ੍ਰਾਪਤ ਕਰਦਾ ਹੈ॥ 2॥
ਹੱਕਸ਼ ਬਰ-ਗੁਜ਼ੀਦਾ ਜ਼ਿ ਹਰ ਬਰ-ਗੁਜ਼ੀਂ
ਨਸ਼ਾਂਦਸ਼ ਜ਼ਿ ਹਰ ਬਰ-ਤਰੀਂ ਬਰ-ਤਰੀਂ॥ 3॥
ਰੱਬ ਨੇ ਉਸ ਨੂੰ ਆਪਣੇ ਚੁਣੇ ਹੋਏ ਪਿਆਰੇ ਤੋਂ ਉਚੇਰਾ ਕੀਤਾ ਹੈ, ਰੱਬ ਨੇ ਉਸ ਨੂੰ ਹਰ ਉਚੇਰੇ ਅਸਥਾਨ ਤੋਂ ਉਚੇਰਾ ਬਿਠਾਇਆ ਹੈ॥ 3॥
ਹੱਕਸ਼ ਗੁਫ਼ਤ ਖ਼ੁਦ ਮੁਰਸ਼ਦਲ-ਆਲਾਮੀਨ
ਨਜਾਤੁਲਵਰਾ ਰਹਿਮਤੁਲ ਮੁਜ਼ਨਬੀਨ॥ 4॥
ਰੱਬ ਨੇ ਆਪ ਉਸ ਨੂੰ ਦੋਹਾਂ ਜਹਾਨਾਂ ਦਾ ਮੁਰਸ਼ਦ (ਸਤਿਗੁਰੂ) ਕਰਾਰ ਦਿੱਤਾ, ਗੁਰੂ ਨਾਨਕ ਪਰਲੋਕ ਦੀ ਮੁਕਤੀ ਅਤੇ ਬਖਸ਼ਿਸ਼ਾਂ ਦੀ ਰਹਿਮਤ ਹੈ॥ 4॥
ਸ਼ਹਿਨਸ਼ਾਹਿ ਦਾਰੈਨ ਕਰਦਸ਼ ਖ਼ਿਤਾਬ
ਅਜ਼ੋ ਤਾਲਿਬਾਂ ਰਾ ਕਰਾਮਤ ਨਸਾਬ॥ 5॥
ਰੱਬ ਨੇ ਉਸ ਨੂੰ ਲੋਕ ਪ੍ਰਲੋਕ ਦਾ ਸ਼ਹਿਨਸ਼ਾਹ ਕਹਿ ਕੇ ਸੰਬੋਧਨ ਕੀਤਾ, ਉਸ (ਗੁਰੂ ਨਾਨਕ) ਤੋਂ ਜਾਚਕਾਂ ਨੂੰ ਰਹਿਮਤਾਂ ਦਾ ਸੋਮਾ ਮਿਲਦਾ ਹੈ॥5॥
ਹੱਕਸ਼ ਆਰਾਸਤ ਖ਼ੁਦ ਤਖ਼ਤਗਾਹਸ਼ ਬੁਲੰਦ
ਜ਼ਿ ਹਰ ਫ਼ਰੁੱਖ਼ੇ ਸਾਖ਼ਤਸ਼ ਅਰਜ਼ਮੰਦ॥ 6॥
ਰੱਬ ਨੇ ਆਪ ਉਸ (ਗੁਰੂ ਨਾਨਕ) ਦੇ ਉਚੇ ਸਿੰਘਾਸਨ ਨੂੰ ਸਜਾਇਆ ਹੈ, ਰੱਬ ਨੇ ਉਸ (ਗੁਰੂ ਨਾਨਕ) ਨੂੰ ਹਰ ਨੇਕੀ ਨਾਲ ਵਡਿਆਇਆ ਹੈ॥ 6॥
ਹਮਾ ਖ਼ਾਸਗਾਂ ਰਾ ਬਪਾਇਸ਼ ਫ਼ਗੰਦ
ਮੁਜ਼ੱਫ਼ਰ ਲਵਾ ਆਮਦਾ ਦੇਵ ਬੰਦ॥ 7॥
ਰੱਬ ਨੇ ਸਾਰੇ ਖ਼ਾਸ ਪ੍ਰਵਾਨਤ ਨਿਕਟਵਰਤੀਆਂ ਨੂੰ ਉਸ ਦੇ ਚਰਨਾਂ ਨਾਲ ਲਾਇਆ ਹੈ, ਉਸ ਦੀ ਫ਼ਤਹਿ ਦੇ ਚਿੰਨ੍ਹ ਵਾਲਾ ਝੰਡਾ ਅਸਮਾਨ ਨਾਲ ਗੱਲਾਂ ਕਰਦਾ ਹੈ॥ 7॥
ਸਰੀਰਿ ਸ਼ਹਿਨਸ਼ਾਹੀਇ ਦਾਇਮਾਂ
ਕੁਲਾਹਿ ਸਰ ਅਫ਼ਰਾਜ਼ੀਇ ਜਾਵਿਦਾਂ॥ 8॥
ਉਸਦੀ ਪਾਤਸ਼ਾਹੀ ਦਾ ਤਖ਼ਤ ਸਦੀਵ ਕਾਲ ਸਥਿਰ ਰਹਿਣ ਵਾਲਾ ਹੈ, ਉਸ ਦੀ ਉਚੇਰੀ ਸ਼ਾਨ ਦਾ ਤਾਜ ਸਦਾ ਕਾਇਮ ਰਹਿਣ ਵਾਲਾ ਹੈ॥ 8॥
ਹੱਕਸ਼ ਦਾਦ ਅਜ਼ ਗ਼ਾਇਤਿ ਮੁਕਰਮਤ
ਅਜ਼ੋ ਜ਼ੇਬ ਹਰ ਸ਼ਹਿਰੋ ਹਰ ਮੁਮਲਕਤ॥ 9॥
ਰੱਬ ਨੇ ਉਸ ਨੂੰ ਵੱਡੀ ਵਡਿਆਈ ਅਤੇ ਸਖ਼ਾਵਤ (ਮਾਇਆਵੀ ਉਦਾਰਤਾ) ਬਖਸ਼ੀ ਹੈ, ਉਸ ਦੇ ਕਾਰਨ ਹਰ ਨਗਰ ਅਤੇ ਦੇਸ਼ ਦਾਤਾਂ ਨਾਲ ਮਾਲੋ ਮਾਲ ਹੋ ਕੇ ਸ਼ੋਭਨੀਕ ਹੈ॥ 9॥
ਜ਼ਿ ਪੇਸ਼ੀਨੀਆਂ ਪੇਸ਼ਤਰ ਆਮਦਾ
ਬ-ਕਦਰ ਅਜ਼ ਰਮਾ ਬੇਸ਼ਤਰ ਆਮਦਾ॥ 10॥
ਉਹ (ਗੁਰੂ ਨਾਨਕ) ਆਪਣੇ ਪਹਿਲੇ ਹੋ ਗੁਜ਼ਰੇ ਅਵਤਾਰਾਂ ਤੋਂ ਵੀ ਪਹਿਲਾਂ ਦਾ ਹੈ, (ਗੁਰੂ ਨਾਨਕ) ਕਦਰ-ਓ-ਕੀਮਤ ਵਿਚ ਸਭ ਨਾਲੋਂ ਵਡਮੁੱਲਾ ਹੈ॥ 10॥
ਹਜ਼ਾਰਾਂ ਬ੍ਰਹਮਾਂ ਸਨਾਖ਼ਾਨਿ ਊ
ਜ਼ਿ ਹਰ ਬਰ-ਤਰੀਂ ਬਰ-ਤਰੀਂ ਸ਼ਾਨਿ ਊ॥ 11।
ਹਜ਼ਾਰਾਂ ਬ੍ਰਹਮਾ ਗੁਰੂ ਨਾਨਕ ਦੀ ਉਸਤਤਿ ਕਰਦੇ ਹਨ, ਸਾਰੇ ਵਡਿੱਕਿਆਂ ਦੀ ਸ਼ਾਨ ਨਾਲੋਂ ਗੁਰੂ ਨਾਨਕ ਦੀ ਸ਼ਾਨ ਵਡੇਰੀ ਹੈ॥ 11॥
ਹਜ਼ਾਰ ਈਸ਼ਰ ਇੰਦਰ ਦਰ ਪਾਇ ਊ
ਜ਼ਿ ਹਰ ਬਰ-ਤਰੀਂ ਬਰ-ਤਰੀਂ ਜਾਇ ਊ॥ 12॥
ਹਜ਼ਾਰਾਂ ਈਸ਼ਰ ਅਤੇ ਇੰਦਰ ਗੁਰੂ ਦੇ ਚਰਨਾਂ ਵਿਚ ਹਨ, ਸਾਰੇ ਵਡਿੱਕਿਆਂ ਨਾਲੋਂ ਗੁਰੂ ਨਾਨਕ ਦਾ ਅਸਥਾਨ ਉਚੇਰਾ ਹੈ॥ 12॥
ਹਜ਼ਾਰਾਂ ਚੂੰ ਧਰੂ ਹਜ਼ਾਰਾਂ ਚੂੰ ਬਿਸ਼ਨ ਵਰਗੇ ਅਤੇ ਇਸੇ ਤਰ੍ਹਾਂ, ਅਨੇਕਾਂ ਰਾਮ ਰਾਜੇ ਅਤੇ ਅਨੇਕਾਂ ਕਾਹਨ ਕ੍ਰਿਸ਼ਨ॥ 13॥
ਹਜ਼ਾਰਾਂ ਚੂੰ ਦੇਵੀ ਚੂੰ ਗੋਰਖ ਹਜ਼ਾਰ
ਕਿ ਪੇਸ਼ਿ ਕਦਮਹਾਇ ਊ ਜਾਂ-ਸਿਪਾਰ॥ 14॥
ਹਜ਼ਾਰਾਂ ਦੇਵੀ ਦੇਵਤਿਆਂ ਅਤੇ ਹਜ਼ਾਰਾਂ ਗੋਰਖਾਂ ਵਰਗੇ, ਗੁਰੂ ਨਾਨਕ ਦੇ ਚਰਨਾਂ ਤੋਂ ਆਪਣੀ ਜਾਨ ਵਾਰਦੇ ਹਨ॥ 14॥
ਹਜ਼ਾਰਾਂ ਸਪਹਿਰੋ ਹਜ਼ਾਰਾਂ ਸੁਮਾ
ਹਜ਼ਾਰਾਂ ਚੂੰ ਕੁਰਸੀ ਹਜ਼ਾਰਾਂ ਚੂੰ ਅਰਸ਼॥ 15॥
ਹਜ਼ਾਰਾਂ ਬਹਿਸ਼ਤ, ਹਜ਼ਾਰਾਂ ਅਸਮਾਨ, ਹਜ਼ਾਰਾਂ ਧਰਤੀਆਂ, ਹਜ਼ਾਰਾਂ ਪਾਤਾਲ ਅਤੇ ਹਜ਼ਾਰਾਂ ਗਗਨਾਂ ਦੀ ਕੁਰਸੀ॥ 15॥
ਹਜ਼ਾਰਾਂ ਚੂੰ ਕੁਰਸੀ ਹਜ਼ਾਰਾਂ ਚੂੰ ਅਰਸ਼
ਬਪਾਇਸ਼ ਦਿਲੋ ਜਾਂ ਖ਼ੁਦ ਕਰਦਾ ਫ਼ਰਜ਼॥ 16॥
ਅਤੇ ਹਜ਼ਾਰਾਂ ਤਖਤ, ਗੁਰੂ ਨਾਨਕ ਦੇ ਚਰਨਾਂ ਵਿਚ ਆਪਣੇ ਦਿਲੋ-ਦਿਨ ਨੂੰ (ਅੱਖਾਂ ਵਾਂਗ) ਵਿਛਾਉਂਦੇ ਹਨ॥ 16॥
ਹਜ਼ਾਰਾਂ ਚੂੰ ਨਾਸੂਤੋ ਮਲਕੁਤ ਹਮ
ਹਜ਼ਾਰਾਂ ਚੂੰ ਜਬਰੂਤੋ ਲਾਹੂਤ ਹਮ॥ 17॥
ਇਹੋ ਜਿਹੇ ਹਜ਼ਾਰਾਂ ਮਾਤ ਲੋਕਾਂ ਅਤੇ ਹਜ਼ਾਰਾਂ ਦੇਵ ਲੋਕਾਂ ਨੂੰ, ਹਜ਼ਾਰਾਂ ਰੱਬੀ ਰੂਪ ਦੇ ਦੇਸਾਂ ਅਤੇ ਹਜ਼ਾਰਾਂ ਸੱਚਖੰਡਾਂ॥ 17॥
ਹਜ਼ਾਰਾਂ ਮਕੀਨੋ ਹਜ਼ਾਰਾਂ ਮਕਾਂ
ਹਜ਼ਾਰਾਂ ਜ਼ਮੀਨੋ ਹਜ਼ਾਰਾਂ ਜ਼ਮਾਂ॥ 18॥
ਅਥਵਾ ਹਜ਼ਾਰਾਂ ਵਾਸੀਆਂ ਅਤੇ ਹਜ਼ਾਰਾਂ ਵਾਸਿਆਂ ਨੂੰ, ਹਜ਼ਾਰਾਂ ਜ਼ਮੀਨਾਂ ਅਤੇ ਹਜ਼ਾਰਾਂ ਜ਼ਮਾਨਿਆਂ ਨੂੰ॥ 18॥
ਹੱਕ ਅਫ਼ਗੰਦਾ ਦਰ ਪਾਇ ਊ ਬੰਦਾ ਵਾਰ
ਜ਼ਹੇ ਫ਼ਜਲੋ ਬਖ਼ਸ਼ਾਇਸ਼ਿ ਕਿਰਦਗਾਰ॥ 19॥
ਰੱਬ ਨੇ ਗੁਰੂ ਨਾਨਕ ਦੇ ਚਰਨਾਂ ਵਿਚ ਸੇਵਕਾਂ ਵਾਗ ਸੁੱਟ ਦਿੱਤਾ ਹੈ, ਵਾਰੇ ਵਾਰੇ ਜਾਈਏ ਉਸ ਪਰਮੇਜ਼ਰ ਦੀ ਅਜਿਹੀ ਮਿਹਰ ਅਤੇ ਬਖਸ਼ਿਸ਼ ਤੋਂ॥ 19॥
ਮੁਨੱਵਰ ਅਜ਼ੋ ਹਰ ਦੋ ਆਲਮ ਬਹੱਕ
ਹੱਕਸ਼ ਦਾਦ ਬਰ ਜੁਮਲਾ ਮੁਕਬਲ ਸਬੱਕ॥ 20॥
ਦੋਵੇਂ ਜਹਾਨ ਗੁਰੂ ਨਾਲਕ ਸਦਕਾ ਹੀ ਰੌਸ਼ਨ ਹਨ, ਰੱਬ ਨੇ ਉਸ ਨੂੰ ਸਾਰੇ ਪਤਵੰਤਿਆਂ ਨਾਲੋਂ ਵਡੇਰਾ ਬਣਾਇਆ ਹੈ॥ 20॥
ਹਜ਼ਾਰਾਂ ਚੂ ਆਦਮ ਹਜ਼ਾਰਾਂ ਹੱਵਾ
ਹਜ਼ਾਰਾਂ ਮਲਾਇਕ ਬਪਾਇਸ਼ ਫ਼ਿਦਾ॥ 21॥
ਹਜ਼ਾਰਾਂ ਆਦਮ, ਹਜ਼ਾਰਾਂ ਹੱਵਾਵਾਂ ਅਤੇ ਹਜ਼ਾਰਾਂ ਦੇਵੀ-ਦੇਵਤੇ ਗੁਰੂ ਨਾਨਕ ਦੇ ਚਰਨਾਂ ਤੋਂ ਬਲਿਹਾਰ ਜਾਂਦੇ ਹਨ॥ 21॥
ਹਜ਼ਾਰਾਂ ਸ਼ਹਿਨਸ਼ਾਹ ਪੇਸ਼ਸ਼ ਗ਼ੁਲਾਮ
ਹਜ਼ਾਰਾਂ ਖ਼ੁੱਦੋ ਮਾਹਸ਼ ਅੰਦਰ ਸਲਾਮ॥ 22॥
ਹਜ਼ਾਰਾਂ ਸ਼ਹਿਨਸ਼ਾਹ ਗੁਰੂ ਨਾਨਕ ਦੇ ਹਜ਼ੂਰੀ ਗ਼ੁਲਾਮ ਹਨ, ਹਜ਼ਾਰਾਂ ਸੂਰਜ, ਹਜ਼ਾਰਾਂ ਚੰਦਰਮਾ ਗੁਰੂ ਨਾਨਕ ਜੀ ਨੂੰ ਨਿਉਂ ਨਿਉਂ ਕੇ ਸਲਾਮਾਂ ਕਰਦੇ ਹਨ॥ 22॥
ਅਜਿਹੀਆਂ ਬਰਕਤਾਂ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੀ ਮਨੁੱਖਤਾ ਦੇ ਹੀ ਸਰਬ ਸਾਂਝੇ ਰਹਿਬਰ ਹਨ। ਗੁਰੂ ਨਾਨਕ ਦੇਵ ਜੀ ਦੀ ਸਰਬ-ਸਾਂਝੀਵਾਲਤਾ ਬਾਬਤ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਹਨ ਕਿ ਹਰਿਦੁਆਰ (ਗੰਗਾ) ਅਤੇ ਬਨਾਰਸ਼ (ਕਾਂਸ਼ੀ) ਕੇਵਲ ਹਿੰਦੂਆਂ ਦੇ ਹੀ ਤੀਰਥ ਅਸਥਾਨ ਹਨ, ਜਿਥੋਂ ਉਹ ਮੋਕਸ਼ ਪ੍ਰਾਪਤੀ ਦੀ ਚਾਹਨਾ ਰੱਖਦੇ ਹਨ। ਇਸੇ ਤਰ੍ਹਾਂ ਮੱਕੇ ਅਤੇ ਮਦੀਨੇ ਦੀ ਜ਼ਿਆਰਤ ਕਰਕੇ ਕੇਵਲ ਮੁਸਲਮਾਨ ਹੀ ਆਤਮਿਕ ਸਕੂਨ ਪ੍ਰਾਪਤ ਕਰ ਸਕਦੇ ਹਨ ਪਰ ਸਰਬ ਸਾਂਝੇ ਰੱਬ ਰੂਪ ਬਾਬੇ, ਗੁਰੂ ਨਾਨਕ ਸਾਹਿਬ ਦੀ ਪੂਜਾ ਅਤੇ ਪ੍ਰਭੂ ਜੱਸ ਕੀਰਤਨ ਦੇ ਰੂਪ ਵਿਚ ਸਰਬ ਲੋਕਾਈ ਦੇ ਘਰ-ਘਰ ਵਿਚ ਹੋ ਰਿਹਾ ਹੈ ਭਾਵ ਗੁਰੂ ਨਾਨਕ ਸਾਹਿਬ ਵਲੋਂ ਦਰਸਾਏ ਸੱਚ ਦੇ ਮਾਰਗ ਨੂੰ ਧਾਰਨ ਕਰਕੇ ਸਮੁੱਚਾ ਜਗਤ ਹੀ ਆਤਮਿਕ ਸਕੂਨ ਪ੍ਰਾਪਤ ਕਰ ਸਕਦਾ ਹੈ। ਗੁਰੂ ਨਾਨਕ, ਭਗਤ-ਵੱਛਲ ਰੂਪ ਧਾਰ ਕੇ ਜਗਤ ਵਿਚ ਆਇਆ ਹੈ ਅਤੇ ਜੋ ਅਸਚਰਜ ਕੌਤਕ ਕਰਦਾ ਹੋਇਆ ਸਾਰੇ ਪਾਪੀਆਂ ਦਾ ਉਧਾਰ ਕਰ ਰਿਹਾ ਹੈ। ਚਹੁੰ ਵਰਨਾਂ ਦੇ ਲੋਕ ਇਕ ਗੁਰਸਿੱਖੀ ਅਤੇ ਸਾਧ ਸੰਗਤ ਵਰਨ ਵਿਚ ਮਿਲਕੇ ਭਵ-ਸਾਗਰ ਤੋਂ ਪਾਰ ਹੋ ਰਹੇ ਹਨ। ਜਿਵੇਂ ਚੰਦਨ ਵਿਚ ਗੁਣ ਹੈ ਕਿ ਉਹ ਆਸ-ਪਾਸ ਦੀ ਸਰਬ ਬਨਸਪਤੀ ਨੂੰ ਬਿਨਾਂ ਭੇਦ-ਭਾਵ ਦੇ ਸੁਗੰਧਤ ਕਰ ਦਿੰਦਾ ਹੈ ਤਿਵੇਂ :
ਖਤ੍ਰੀ ਬ੍ਰਾਹਮਣ ਸੂਦ ਵੈਸ
ਸਭ ਏਕੈ ਨਾਮਿ ਤਰਾਨਥ॥
ਗੁਰੁ ਨਾਨਕੁ ਉਪਦੇਸੁ ਕਤਹੁ ਹੈ
ਜੋ ਸੂਨੇ ਸੋ ਪਾਰਿ ਪਰਾਨਥ॥ 4॥ 1॥
(ਮਾਰੂ ਮਾ. ਪ; ਅੰਗ 1001)
ਇਥੇ ਇਹ ਗੱਲ ਵਿਸ਼ੇਸ਼ ਵਰਨਣਯੋਗ ਹੈ ਕਿ ਭਾਈ ਸਾਹਿਬ ਜੀ ਨੇ ਕਿਸੇ ਭੀ ਅਵਤਾਰੀ ਪੁਰਸ਼ ਦੇ ਜੀਵਨ ਨੂੰ ਕਿਸੇ ਤਰਕ-ਦ੍ਰਿਸ਼ਟੀਕੋਣ ਨਾਲ ਸਾਡੇ ਸਾਹਮਣੇ ਨਹੀਂ ਰੱਖਿਆ ਬਲਕਿ ਅਸਲੀਅਤ ਪ੍ਰਗਟ ਕੀਤੀ ਹੈ। ਇਸ ਲਈ ਬਾਕੀ ਅਵਤਾਰੀ ਪੁਰਸ਼ਾਂ ਦੇ ਮੁਕਾਬਲੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ‘ਜਗਤ ਗੁਰੂ’’ ਸ਼ਬਦ ਦੀ ਵਰਤੋੀ ਕਰਨ ਪਿਛੇ ਭੀ ਅਸਲੀਅਤ ਸਮਝ ਗੋਚਰੇ ਕਰਨੀ ਲੋੜੀਏ ਕਿ ਅੱਜ ਤੱਕ ਸੰਸਾਰ ਵਿਚ ਕੋਈ ਵੀ ਅਜਿਹਾ ਪੀਰ ਪੈਗੰਬਰ, ਅਵਤਾਰ ਜਾਂ ਧਰਮ ਰਹਿਬਰ ਨਹੀਂ ਹੋਇਆ ਜਿਸ ਨੇ ਆਪਣੇ ਪਰਿਵਾਰ ਨੂੰ ਛੱਡ ਕੇ, ਬਿਖੜੇ ਪੈਂਡੇ ਝਾਗਕੇ ਸਫ਼ਰ ਕਰਦਿਆਂ ਲੁਕਾਈ ਦਾ ਨਿਸਤਾਰਾ ਕਰਨ ਹਿੱਤ ਬਤੀਤ ਕੀਤੇ ਹੋਣ। ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਜੀ ਨੇ ਹੀ ਆਪਣੇ ਜੀਵਨ ਦੇ 25 ਬੇਸ਼-ਕੀਮਤੀ ਵਰਿ੍ਹਆਂ ਦਾ ਸਮਾ ਆਪਣੇ ਪਰਿਵਾਰ ਨੂੰ ਅਤੇ ਜੀਵਨ ਦੇ ਸੁੱਖ-ਅਰਾਮਾਂ ਨੂੰ ਤਿਆਗ ਕੇ, ਜਗਤ ਦੇ ਕੋਨੇ-ਕੋਨੇ ਭ੍ਰਮਣ ਕਰਦਿਆਂ, ਸਰਦੀ-ਗਰਮੀ ਆਪਣੇ ਪਿੰਡੇ ’ਤੇ ਹੰਢਾਕੇ, ਭੁੱਖਣ-ਭਾਣੇ ਰਹਿ, ਹਰ ਆਏ ਦਿਨ ਨਵੀਂ ਤੋਂ ਨਵੀਂ ਔਖ ਸਹਾਰਦਿਆਂ ਕਰੀਬਨ 28 ਹਜ਼ਾਰ ਮੀਲ ਦਾ ਪੈਦਲ ਸਫ਼ਰ ਕਰਕੇ ਜਗਤ ਦਾ ਨਿਸਤਾਰਾ ਕਰਨ ਹਿੱਤ ਬਤੀਤ ਕੀਤਾ ਅਤੇ ਆਤਮਿਕ ਰੋਗੀਆਂ ਨੂੰ ਉਨ੍ਹਾਂ ਦੇ ਪਾਸ ਜਾ ਕੇ ਅਰੋਗ ਕੀਤਾ :
ਬਾਬੇ ਤਾਰੇ ਚਾਰਿ ਚਕਿ ਨਉ ਪ੍ਰਿਥਮੀ ਸਚਾ ਢੋਆ।
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥ 27॥
ਇਥੇ ਇਹ ਵਰਣਨ ਕਰਨਾਂ ਵੀ ਯੋਗ ਹੋਵੇਗਾ ਕਿ ਪੁਰਾਤਨ ਯੁੱਗਾਂ ਦੇ ਹੋ ਗੁਜ਼ਰੇ ਅਵਤਾਰਾਂ ਦਾ ਉਪਦੇਸ਼ ਕਰਨ ਦਾ ਏਰੀਆ ਸੀਮਤ ਰਿਹਾ ਪਰ ਜਗਤ ਗੁਰੂ, ਗੁਰੂ ਨਾਨਕ ਦੇਵ ਸਾਬਿ ਜੀ ਦੇ ਸਬੰਧ ਵਿਚ ਅਜਿਹਾ ਨਹੀਂ ਹੈ। ਆਪ ਜੀ ਨੇ ਰਾਇ ਭੋਇਂ ਦੀ ਤਲਵੰਡੀ ਵਿਚ ਅਵਤਾਰ ਲੈ ਕੇ ਦੇਸਾਂ-ਦੇਸਾਂਤਰਾਂ ਦਾ ਰਟਨ ਕਰਕੇ ਰੱਬੀ ਨਾਮ ਤੋਂ ਦੂਰ ਹੋਈ ਲੋਕਾਈ ਨੂੰ ਰੱਬੀ ਸ਼ਰਨ ਵਿਚ ਲਿਆਂਦਾ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂਆਂ ਦਾ ਗੁਰੂ ਅਤੇ ਪੀਰਾਂ ਦਾ ਪੀਰ ਜ਼ਾਹਰਾ ਰੂਪ ਵਿਚ ਹਨ। ਭਾਈ ਗੁਰਦਾਸ ਜੀ ਦਾ ਫੁਰਮਾਨ ਹੈ ਕਿ :
ਗੰਗ ਬਨਾਰਸ ਹਿੰਦੂਆ ਮੁਸਲਮਾਣਾਂ ਮਕਾ ਕਾਬਾ।
ਘਰਿ ਘਰਿ ਬਾਬਾ ਗਾਵੀਐ
ਵਜਨਿ ਤਾਲ ਮ੍ਰਿਦੰਗੁ ਰਬਾਬਾ।
ਭਗਤਿ ਵਛਲੁ ਹੋਇ ਆਇਆ
ਪਤਿਤ ਉਧਾਰਣੁ ਅਜਬੁ ਅਜਾਬਾ।
ਚਾਰਿ ਵਰਨ ਇਕ ਵਰਨ ਹੋਇ
ਸਾਧਸੰਗਤਿ ਮਿਲਿ ਹੋਇ ਤਰਾਬਾ
ਚੰਦਨੁ ਵਾਸੁ ਵਣਾਸਪਤਿ ਅਵਲਿ
ਦੋਮ ਨ ਸੇਮ ਖਰਾਬਾ।
ਹੁਕਮੈ ਅੰਦਰਿ ਸਭ ਕੋ ਕੁਦਰਤਿ
ਕਿਸ ਦੀ ਕਰੈ ਵਾਬਾ॥
ਜਾਹਰ ਪੀਰ ਜਗਤੁ ਗੁਰ ਬਾਬਾ॥ 4॥
(ਵਾਰ 24; 5:4)
ਭਾਈ ਗੁਰਦਾਸ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਦੀ ਵਡਿਆਈ ਉਜਾਗਰ ਕਰਦੇ ਹੋਏ ਹੋਰ ਫੁਰਮਾਨ ਕੀਤਾ ਹੈ ਕਿ ਸਮੇਂ ਸਮੇਂ ਅਵਤਾਰ, ਪੀਰ-ਪੈਗੰਬਰ ਜਗਤ-ਉਧਾਰ ਹਿੱਤ ਆਉਂਦੇ ਰਹੇ ਅਤੇ ਆਪੋ-ਆਪਣੀ ਸ਼ਕਤੀ ਅਤੇ ਸਮਰੱਥਾ ਅਨੁਸਾਰ ਉਨ੍ਹਾਂ ਨੇ ਜਿਥੇ ਰੱਬੀ-ਮਾਰਗ ਦਾ ਰਾਹ ਦਰਸਾਇਆ, ਉਥੇ ਉਨ੍ਹਾਂ ਨੇ ਆਪਣੀ ਹੋਂਦ ਦਾ ਪ੍ਰਗਟਾਵਾ ਭੀ ਜ਼ਰੂਰ ਕੀਤਾ। ਕਿਸੇ ਨੇ ਆਪਣੇ ਆਪ ਨੂੰ ਰੱਬ ਦਾ ਪੁੱਤਰ, ਕਿਸੇ ਨੇ ਰੱਬ ਵਲੋਂ ਮਨਜ਼ੁਰ ਹੋਇਆ ਭਾਵ ‘ਰਸੂਲ’, ਕਿਸੇ ਨੇ ਖ਼ੁਦ ਨੂੰ ਰੱਬੀ ਅਵਤਾਰ ਕਹਿ ਕੇ ਆਪਣੀ ਹੋਂਦ ਪ੍ਰਗਟਾਈ ਪਰ ਜਦ ਸ੍ਰੀ ਗੁਰੂ ਨਾਲਕ ਦੇਵ ਸਾਹਿਬ ਜੀ ਦੇ ਜੀਵਨ ਨੂੰ ਦੀਰਘ ਵੀਚਾਰ-ਦ੍ਰਿਸ਼ਟੀ ਰਾਹੀਂ ਤੱਕਦੇ ਹਾਂ ਤਦ ਉਨ੍ਹਾਂ ਦੇ ਸਮੁੱਚੇ ਜੀਵਨ ਵਿਚ ਆਪਣੀ ਹੋਂਦ ਨੂੰ ਪ੍ਰਗਟਾਉਣ ਦਾ ਕਿਤੇ ਵੀ ਇਸ਼ਾਰਾ ਤੱਕ ਨਹੀਂ ਮਿਲਦਾ। ‘‘ਆਪਿ ਨਰਾਇਣੁ ਕਲਾਧਾਰਿ’’ ਹੁੰਦੇ ਹੋਏ ਵੀ ਆਪਣੇ ਆਪ ਨੂੰ ਉਨ੍ਹਾਂ ਨੇ ‘‘ਹਮ ਆਦਮੀ ਹਾਂ ਇਕ ਦਮੀ’’ ਕਹਿ ਕੇ ਕੇਵਲ ‘‘ਮਨੁੱਖ’’ ਹੋਣ ਦਾ ਹੀ ਦਾਅਵਾ ਕੀਤਾ। ਸੰਸਾਰ ਦੇ ਭਲੇ ਲਈ ਉਚਾਰੀ ਬਾਣੀ ਨੂੰ ਵੀ ‘‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ’’ ਅਤੇ ‘‘ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ।’’ ਅਤੇ ਆਪਣੇ ਆਪ ਨੂੰ ‘‘ਹਉ ਢਾਢੀ ਵੇਕਾਰੁ ਕਾਰੈ ਲਾਇਆ’’ ਅਤੇ ‘‘ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ’’ ਦੱਸਕੇ ਰੱਬੀ ਸੰਦੇਸ਼ੇ ਦਾ ਛੱਟਾ ਦਿੱਤਾ। ਸਰਬ ਜਗਤ ਦਾ ਉਧਾਰ ਕਰਨ ਲਈ ਲਾ-ਇਲਾਜ ਰੋਗੀਆਂ ਪਾਸ ਸਤਿਗੁੁਰੂ ਜੀ ਆਪ ਖ਼ੁਦ ਚੱਲਕੇ ਗਏ ਅਤੇ ਸਦੀਵੀ ਸੱਚ ਦਾ ਮਾਰਗ ਪ੍ਰਗਟਾਉਣ ਲਈ ਗੁਰਮੁੱਖਾਂ ਦਾ ਇਕ ਸੱਚਾ ਪੰਥ ਕਾਇਮ ਕੀਤਾ ਜਿਸ ਦੀ ਬੁੱਕਲ ਵਿਚ ਸਰਬ ਮਾਨਵਤਾ ਦੇ ਸਮਾਉਣ ਦੀ ਸਮਰੱਥਾ ਹੈ। ਸਤਿਗੁਰੂ ਜੀ ਨੇ ਸਦੀਵੀਂ ਸਥਿਰ ਰਹਿਣ ਵਾਲੇ ਸਾਧ-ਸੰਗਤ ਰੂਪ ਸੱਚਖੰਡ ਦੀ ਨੀਂਵ ਧਰਕੇ ਗੁਰੂ ਤੋਂ ਵਰੋਸਾਏ ਜਾਵਣ ਵਾਲਿਆਂ ਦਾ ਅਜਿਹਾ ਪੰਥ ਚਲਾਇਆ ਜਿਸ ਦੇ ਸੁੱਖ ਅਮਿਣਵੇਂ ਹਨ। ਇਸ ਪੰਥ ਵਿਚ ਸਰਬ ਕਾਲ ਸੱਚੇ ਪਰਮੇਸ਼ਰ ਦੇ ਸੱਚੇ ਸ਼ਬਦ ਦੀ ਅਰਾਧਨਾ ਹੀ ਪ੍ਰਧਾਨ ਹੈ। ਇਹ ਪੰਥ ਚਾਰ-ਵਰਨਾਂ, ਛੇ-ਦਰਸ਼ਨਾਂ ਦੇ ਸਰਬ ਪੈਰੋਕਾਰਾਂ ਭਾਵ ਸਰਬ ਜਗਤ ਲਈ ਉਪਦੇਸ਼ਕਰਨ ਦੇ ਸਮਰੱਥ ਹੈ :
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸ
ਚਹੁ ਵਰਨਾ ਕਉ ਸਾਝਾ॥
(ਸੂਹੀ ਮ. 5 . ਅੰਗ 748)
ਇਸ ਪੰਥ ਦੇ ਪਾਂਧੀਆਂ ਦੀ ਜੀਵਨ ਜੁਗਤ ਨਿਮ੍ਰਤਾ-ਭਾਵ ਵਾਲੀ ਅਤੇ ਮਿੱਠ-ਬੋਲੜੀ ਹੈ। ਇਸ ਪੰਥ ਵਿਚ ਨਾ-ਛਲੇ ਜਾ ਸਕਣ ਵਾਲੇ ਸੰਪੂਰਨ ਆਦਿ-ਪੁਰਖ ਪਰਮੇਸ਼ਰ ਜੀ ਨੂੰ ਹੀ ਨਮਸਕਾਰ ਦਰਸਾਈ ਹੈ। ਇਸ ਲਈ ਪਰਮੇਸ਼ਰ ਜੀ ਦੇ ਥਾਪੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ‘‘ਜਗਤ ਗੁਰੂ’’ ਹਨ। ਭਾਈ ਸਾਹਿਬ ਜੀ ਦਾ ਫੁਰਮਾਨ ਹੈ :-
ਨਿਹਚਲ ਨੀਉ ਧਰਾਈਓਨੁ
ਸਾਧਸੰਗਤਿ ਸਚਖੰਡ ਸਮੇਉ।
ਗੁਰਮੁਖਿ ਪੰਥੁ ਚਲਾਇਓਨੁ ਸੁਖ
ਸਾਗਰੁ ਬੇਅੰਤੁ ਅਮੇਉ।
ਸਚਿ ਸਬਦਿ ਆਰਾਧੀਐ ਅਗਮ
ਅਗੋਚਰੁ ਅਲਖ ਅਭੇਉ।
ਚਹੁ ਵਰਨਾ ਉਪਦੇਸਦਾ ਛਿਅ
ਦਰਸਨ ਸਭਿ ਸੇਵਕ ਸੇਉ।
ਮਿਠਾ ਬੋਲਣੁ ਨਿਵ ਚਲਣੁ
ਗੁਰਮੁਖਿ ਭਾਉ ਭਗਤਿ ਅਰਥੇਉ।
ਆਦਿ ਪੁਰਖੁ ਆਦੇਸੁ ਹੈ
ਅਬਿਨਾਸੀ ਅਤਿ ਅਛਲ ਛੇਉ।
ਜਗਤੁ ਗੁਰੂ ਗੁਰੁ ਨਾਨਕ ਦੇਉ॥ 2॥
(ਵਾਰ 24; 5:2)
‘‘ਜਗਤ ਗੁਰੂ’’, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਵਡਿਆਈਆਂ ਬੰਧੀ ਹੋਰ ਸਪਸ਼ਟਤਾ ਕਰਦੇ ਹੋਏ ਭਾਈ ਗੁਰਦਾਸ ਜੀ, ਫੁਰਮਾਉਂਦੇ ਹਨ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬੇਪ੍ਰਵਾਹ, ਪਾਰਾਵਾਰ ਤੋਂ ਪਰ੍ਹੇ ਅਜਿਹੇ ‘‘ਸੱਚੇ ਪਾਤਸ਼ਾਹ’’ ਹਨ ਜੋ ਅਥਾਹ ਵਡਿਆਈਆਂ ਦੇ ਮਾਲਕ ਹਨ। ਖ਼ੁਦ ਅਮਿੱਤ ਮਹਿਮਾ ਦੇ ਮਾਲਕ ਹੁੰਦੇ ਹੋਹੇ ਆਪ ਗਰੀਬ-ਨਿਵਾਜ਼ ਹਨ ਅਤੇ ਰਾਗ-ਦਵੈਖ ਤੋਂ ਮੁਕਤ ਹਨ। ਨਿਰੰਕਾਰ, ਜੋ ਬੇ-ਸ਼ੁਮਾਰ, ਅਲੱਖ ਅਤੇ ਪਾਰਾਵਾਰ ਤੋਂ ਪਰ੍ਹੇ ਹੈ, ਐਸੇ ਪਰਮੇਸ਼ਰ ਨੂੰ ਗੁਰੂ ਨਾਨਕ ਦੇਵ ਜੀ ਨੇ ਸਿੰਝਾਤਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਾਹਿਬੀ ਸਦਾ ਹੀ ਕਾਇਮ ਅਤੇ ਪੁਖਤਾ ਹੈ ਕਿਉਂਕਿ ਉਸਦਾ ਸਬੰਧ ਉਸ ਹਾਜ਼ਰ-ਨਾਜ਼ਰ ਪਰਮੇਸ਼ਰ ਨਾਲ ਹੈ, ਜੋ ਅਗੰਮ ਹੈ, ਡੋਲਣ ਤੋਂ ਰਹਿਤ ਹੈ ਅਤੇ ਬਿਨਾਂ ਡੰਡੀ-ਛਾਬੇ ਤੋਂ ਸੰਸਾਰ ਨੂੰ ਤੋਲਣ ਦੀ ਸਮਰੱਥਾ ਵਾਲਾ ਹੈ ਅਤੇ ਵੇਦਾਂ ਸ਼ਾਸਤ੍ਰਾਂ ਦੀ ਪਹੁੰਚ ਤੋਂ ਪਰ੍ਹੇ ਹੈ। ਗੁਰੂ ਨਾਨਕ ਦੀ ਪਾਤਸ਼ਾਹੀ ਦਾ ਰਾਜ ਅਜਿਹਾ ਸੁੱਖ-ਭਰਪੂਰ ਛਤਰਪਤੀ ਰਾਜ ਹੈ, ਜਿਥੇ ਨਾ ਕੋਈ ਦੁਸ਼ਮਣ, ਨਾ ਦਵੈਤ, ਨਾ ਕੋਈ ਰੌਲਾ-ਗੌਲਾ ਹੈ :-
ਨਾ ਕੋ ਬੈਰੀ ਨਹੀ ਬਿਗਾਨਾ
ਸਗਲ ਸੰਗਿ ਹਮ ਕਉ ਬਨਿ ਆਈ॥ 1॥
(ਕਾਨੜਾ ਮ.ਪ.; ਅੰਗ 1299)
ਇਸ ਰਾਜ ਵਿਚ ਨਿਆਂ ਦੇਣ ਵਾਲੇ ਆਦਿਲ (ਨਿਆਂਕਾਰ) ਸਤਿਗੁਰੂ ਨਾਨਕ ਜੀ ਖ਼ੁਦ ਆਪ ਹਨ ਜਿਸ ਕਰਕੇ ਕਿਸੇ ਜ਼ਾਲਮ ਨੂੰ ਜ਼ੁਲਮ ਕਰਨ ਦਾ ਹੌਸਲਾ ਹੀ ਨਹੀਂ ਪੈਦਾ ਜਿਸ ਕਰਕੇ ਕੋਈ ਦੁੱਖ ਕਸ਼ਟ ਹੀ ਨਹੀਂ ਇਸ ਕਰਕੇ ਜ਼ਾਹਰਾ ਪੀਰ ‘‘ਜਗਤ ਗੁਰੂ’’ ਗੁਰੂ ਨਾਨਕ ਦੇਵ ਜੀ ਹਨ :-
ਸਤਿਗੁਰ ਸਚਾ ਪਾਤਿਸਾਹੁ
ਬੇਪਰਵਾਹੁ ਅਥਾਹੁ ਸਹਾਬਾ।
ਨਾਉ ਗਰੀਬ ਨਿਵਾਜੁ ਹੈ
ਬੇਮੁਹਤਾਜ ਨ ਮੋਹੁ ਮੁਹਾਬਾ।
ਬੇਸੁਮਾਰ ਨਿਰੰਕਾਰੁ ਹੈ ਅਲਖ
ਅਪਾਰੁ ਅਲਾਹ ਸਿਞਾਬਾ।
ਕਾਇਮੁ ਦਾਇਮੁ ਸਾਹਿਬੀ
ਹਾਜਰੁ ਨਾਜਰੁ ਵੇਦ ਕਿਤਾਬਾ।
ਅਗਮੁ ਅਡੋਲੁ ਅਤੋਲੁ ਹੈ
ਤੋਲਣਹਾਰੁ ਨ ਡੰਡੀ ਛਾਬਾ।
ਇਕੁ ਛਤਿ ਰਾਜੁ ਕਮਾਂਵਦਾ
ਦੁਸਮਣੁ ਦੂਤੁ ਨ ਸੋਰ ਸਰਾਬਾ।
ਆਦਲੁ ਅਦਲੁ ਚਲਾਇਦਾ
ਜਾਲਮੁ ਜੁਲਮੁ ਨ ਜੋਰ ਜਰਾਬਾ।
ਜਾਹਰ ਪੀਰ ਜਗਤੁ ਗੁਰੁ ਬਾਬਾ॥ 3॥
(ਵਾਰ 24; 5:3)
ਖਵਾਜਾ ਹਸਨ ਨਿਜ਼ਾਮੀ ਕਹਿੰਦੇ ਹਨ ਕਿ ‘‘ਸੱਚੇ ਖੁਦਾ ਕਾ ਸੱਚਾ ਵਲੀ, ਤੌਹੀਦ ਕਾ ਸਮੁੰਦਰ, ਹੱਕਾਨੀਅਤ ਕਾ ਤੂਤੀਏ ਹਜ਼ਾਰ-ਦਾਸਤਾਂ ਸਤਿਗੁਰੂ ਨਾਨਕ ਸਾਹਿਬ’’ ਅਤੇ ਇਕ ਇਰਾਨੀ ਦਰਵੇਸ਼ ਦੇ ਬੋਲ ਹਨ ਕਿ ‘‘ਬਾਬਾ ਨਾਨਕ, ਬਿਲਾ ਸੱਕੋ ਸ਼ੁਬਹ, ਨਬੀ ਅਸਤ।’’ ਪ੍ਰੋ. ਪਦਮ ਲਿਖਦੇ ਹਨ ਕਿ ‘‘ਕੈਸਾ ਅਵਤਾਰ ਸੀ, ਜਿਸ ਨੂੰ ਹਿੰਦੂ ਲੋਕ ਹਿੰਦੂ ਅਵਤਾਰ ਸਿੱਧ ਕਰਦੇ ਥੱਕ ਗਏ ਤੇ ਮੁਸਲਮਾਨਾਂ ਦੀ ਵੱਡੀ ਦਲੀਲ ਸੀ ਕਿ ਉਹ ਮੱਕੇ ਹੱਜ ਲਈ ਗਏ, ਇਸ ਲਈ ਗੁਰੂ ਨਾਨਕ, ਮੁਸਲਮਾਨ ਸਨ ਪਰ ਉਹ ਇਹ ਨਹੀਂ ਜਾਣਦੇ ਕਿ ਉਹ ਇਕ ਅਨੋਖਾ ਨਿਰੰਕਾਰੀ ਯਾਤਰੀ ਸੀ ਜੋ ਮੱਕੇ ਮਦੀਨੇ ਜਾ ਸਕਦਾ ਸੀ ਅਤੇ ਉਹ ਅਜ਼ਬ ਕਿਸਮ ਦਾ ਹਾਜ਼ੀ ਸੀ ਜੋ ਜਗਨਨਾਥ ਅਤੇ ਹਰਿਦੁਆਰ ਵੀ ਪਹੁੰਚ ਗਿਆ।’’ 19ਵੀਂ ਸਦੀ ਦੇ ਅੰਤ ਵਿਚ ਈਸਾਈ ਪ੍ਰਚਾਰਕਾਂ ਨੇ ਗੁਰੂ ਨਾਨਕ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਭਾ ਲਹਿਰ ਦੇ ਸਮੇਂ ਸਤਿਗੁਰੂ ਜੀ ਨੂੰ ਇਸਾਈ ਪਾਦਰੀ ਸਿੱਧ ਕਰਨ ਦਾ ਯਤਨ ਵੀ ਕੀਤਾ। ਇਸਾਈ ਮਤ ਵਾਲਿਆਂ ਦਾ ਕਹਿਣਾ ਸੀ ਗਕਿ ਸਤਿਗੁਰੂ ਜੀ ਦਾ ਨਾਂ ‘‘ਨਨਸ਼ਯੂ’’ ਸੀ, ਉਨ੍ਹਾਂ ਅਨੁਸਾਰ ਇਹ ਰੋਮਨ ਲਫ਼ਜ਼ ਹੈ ਜਿਸ ਦਾ ਭਾਵ ਹੈ ਕਿ ‘‘ਮਾਨਯੋਗ ਧਰਮਾਤਮਾ’’ ਜਿਸ ਤੋਂ ਬਾਅਦ ਵਿਚ ‘‘ਨਾਨਕ’’ ਨਾਮ ਪ੍ਰਚਲਤ ਹੋ ਗਿਆ। ਲਿਖਣ ਤੋਂ ਭਾਵ ਕਿ ਹਰ ਮੱਤ, ਹਰ ਧਰਮ, ਹਰ ਫਿਰਕਾ ਇਸ ਮਹਾਨ ਸਤਿਗੁਰੂ ਜੀ ਨੂੰ ਆਪਣਾ ਸਿੱਧ ਕਰਨ ਦਾ ਯਤਨ ਕਰਦੇ ਸਨ ਅਤੇ ਆਪਣੀ ਸ਼ਰਧਾ ਪ੍ਰਗਟ ਕਰਦੇ ਸਨ। ਕੁਝ ਮੁਸਲਮਾਨ ਸ਼ਾਇਰਾਂ ਦੇ ਜ਼ਜ਼ਬਾਤ ਹਨ ਕਿ :
ਤੂੰ ਵੁਹ ਕਾਅਬਾ ਹੈਂ ਕਿ ਕਾਅਬਾ
ਨੇ ਕੀਆ ਤੇਰਾ ਤਵਾਫ਼।
(ਅਬਦੁਲ ਕਰੀਮ ਬਿਸਮਿਲ)
ਆਪ ਮੁਰਸ਼ਦ ਥੇ,
ਮੁਰਸ਼ਦ ਆਪ ਕੀ ਕੋਈ ਨਾ ਥਾ।
ਆਪ ਕੀ ਰਹਿਬਰ ਬਜੁਜ਼
ਜ਼ਾਤਿ ਖੁਦਾ ਕੋਈ ਨ ਥਾ।
(ਸ਼ਾਇਰ ਮੁੰਤਜ਼ਰ)
ਇਹ ਬਾਤ ਵੀ ਵਰਨਣਯੋਗ ਹੈ ਕਿ ਉਸ ਸਮੇਂ ਦੇ ਹਾਲਾਤ ਐਸੇ ਸਨ ਕਿ ਮੁਸਲਮਾਨ, ਹਿੰਦੂ ਅਵਤਾਰਾਂ ਦਾ ਆਦਰ ਨਹੀਂ ਸਨ ਕਰਦੇ ਅਤੇ ਹਿੰਦੂ ਹਿਰਦਿਆ ਵਿਚ ਮੁਸਲਮਾਨੀ ਪੀਰਾਂ ਦੀ ਕੋਈ ਥਾਂ ਨਹੀਂ ਸੀ ਪਰ ‘‘ਗੁਰੂ ਨਾਨਕ ਸਾਹਿਬ’’ ਵੀ ਹਨ। ਆਮ ਮਨੁੱਖ ਦੀ ਜੁਬਾਨ ਉਪਰ ਇਹ ਸ਼ਬਦ ਪ੍ਰਚਲਿਤ ਹਨ, ‘‘ਬਾਬਾ ਨਾਨਕ ਸ਼ਾਹ ਫ਼ਕੀਰ, ਹਿੰਦੂਓਂ ਕਾ ਗੁਰੂ, ਮੁਸਲਮਾਨੋਂ ਕਾ ਪੀਰ’’ ‘‘ਸਤਿਗੁਰੂ ਨਾਨਕ’’ ਨਿਰਾ ਹਿੰਦੂਆਂ, ਮੁਸਲਮਾਨਾਂ ਜਾਂ ਸਿੱਖਾਂ ਦਾ ਹੀ ਗੁਰੂ ਜਾਂ ਪੀਰ ਨਹੀਂ ਹੈ। ਜਦੋਂ ਆਪਾਂ ਅਰਬ ਦੇਸ਼ਾਂ ਵਿਚ ਵਿਚਰਦੇ ਹਾਂ ਤਾਂ ਅਰਬ ਦੇਸ਼ਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ‘‘ਵਲੀ ਹਿੰਦੂ’’ ਕਰਕੇ ਪੂਜਿਆ ਜਾਂਦਾ ਹੈ, ਲਾਮਿਆਂ (ਬੋਧੀਆਂ) ਵਿਚ ‘‘ਗੁਰੂ ਰਿੰਪਸ਼’’ ਜਾਂ ‘‘ਭਦਰਾ ਗੁਰੂ’’ ਕਰਕੇ ਮੰਨਤਾਂ ਮੰਨੀਆਂ ਜਾਦੀਆਂ ਹਨ, ਨਿਪਾਲ ਸਿੰਘ ‘‘ਨਾਨਕ ਰਿਸ਼ੀ’’ ਤੁਰਕਿਸਤਾਨ ਤੇ ਉਬਜੇਕਿਸਤਾਨ ਵਿਚ ‘‘ਨਾਨਕ ਸ਼ਾਹ ਕਲੰਦਰ’’, ਆਫਿਗਾਨਸਤਾਨ ਵਿਚ ‘‘ਬਾਲਗਦਾ’’ ਚੀਨ ਵਿਚ ‘‘ਬਾਬੂ ਫੂਸਾ’’ ਕਰਕੇ ਸਤਿਗੁਰੂ ਜੀ ਨੂੰ ਯਾਦ ਕੀਤਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰਬ ਸਾਂਝੀਵਾਲਤਾ ਦੀ ਹੋਂਦ ਨੂੰ ਪ੍ਰਗਟਾਉਂਦਾ ਭਾਈ ਗੁਰਦਾਸ ਜੀ ਦਾ ਪਾਵਨ ਫੁਰਮਾਨ ਹੀ ਯਾਦ ਆਉਂਦਾ ਹੈ ਕਿ :
ਜਿਥੇ ਜਾਇ ਜਗਤਿ ਵਿਚਿ
ਬਾਬੇ ਬਾਝੁ ਨ ਖਾਲੀ ਜਾਈ॥
ਘਰਿ ਘਰਿ ਬਾਬਾ ਪੂਜੀਐ
ਹਿੰਦੂ ਮੁਸਲਮਾਨ ਗੁਆਈ॥
ਆਪ ਜੀ ਨੇ ਚਾਰ ਉਦਾਸੀਆਂ ਧਾਰਨ ਕਰਕੇ ਜਿਥੇ ਸਾਰੇ ਹਿੰਦੋਸਤਾਨ ਦਾ ਕੋਨਾ-ਕੋਨਾ ਆਪਣੇ ਮੁਬਾਰਕ ਚਰਨਾਂ ਨਾਲ ਪਵਿੱਤ੍ਰ ਕੀਤਾ, ਉਥੇ ਬੰਗਲਾਦੇਸ਼, ਪਾਕਿਸਤਾਨ, ਅਫਿਗਸਤਾਨ, ਈਰਾਨ, ਸਾਊਦੀ ਅਰਬ, ਮੰਗੋਲੀਆ, ਇਟਲੀ, ਉਬਜੇਕਿਸਤਾਨ, ਤੁਰਕਿਸਤਾਨ, ਰੂਸ, ਚੀਨ, ਸਿੱਕਮ, ਭੂਟਾਨ, ਤੁਰਕੀ, ਬਰਮਾ, ਸ੍ਰੀਲੰਕਾ ਆਦਿ ਦੇਸ਼ਾਂ ਵਿਚ ਕਰੀਬਨ 25 ਸਾਲ ਪੈਦਲ ਤੁਰ ਕੇ ਲੁਕਾਈ ਨੂੰ ਭਰਮਾਂ ਵਹਿਮਾਂ ਤੇ ਕ੍ਰਿਤ ਦੀ ਪੂਜਾ ਤੋਂ ਵਰਜ ਕੇ, ਇਕ ਅਕਾਲ ਪੁਰਖ ਦੀ ਅਰਾਧਨਾ ਦਾ ਮਾਰਗ ਦਰਸ਼ਨ ਕਰਵਾਇਆ। ਆਪ ਜੀ ਨੇ ਸਮੁੱਚੀ ਮਾਨਵਤਾ ਨੂੰ ਸੁਖੀ ਅਤੇ ਸੁਹੇਲਾ ਜੀਵਨ ਪ੍ਰਦਾਨ ਕਰਨ ਵਾਸਤੇ ਕਿਰਤ ਕਰੋ, ਵੰਡ ਕੇ ਛਕੋ, ਪਰਮਾਤਮਾ ਦਾ ਨਾਮ ਜਪੋ, ਸਰਬੱਤ ਦਾ ਭਲਾ ਮੰਗੋ ਨੂੰ ਆਪਣਾ ਜੀਵਨ ਅਰਾਧ ਬਣਾ ਕੇ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ ਕਿ ਇਸ ਮਾਰਗ ’ਤੇ ਤੁਰਨ ਨਾਲ ਜਿਥੇ ਤੁਸੀਂ ਆਪ ਆਪਣੇ ਜੀਵਨ ਵਿਚ ਸੁੱਖ ਮਾਣੋਗੇ, ਉਥੇ ਸੰਸਾਰ ਨੂੰ ਵੀ ਸੁਖੀ ਸੁਹੇਲਾ ਅਤੇ ਅਨੰਦ ਦਾਇਕ ਬਣਾਵੋਗੇ।
ਉਸ ਸਮੇਂ ਜਾਤ-ਪਾਤ, ਉਚ-ਨੀਚ, ਛੂਤ-ਛਾਤ ਦਾ ਕੋਹੜ, ਜੋ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਕੇ ਅਖੌਤੀ ਨੀਵਿਆਂ ਨੂੰ ਜ਼ਹਾਲਤ ਦੀ ਜ਼ਿੰਦਗੀ ਵਿਚ ਦਿਨ ਕੱਟਣ ਲਈ ਮਜਬੂਰ ਕਰ ਰਿਹਾ ਸੀ, ਨੂੰ ਸਦਾ ਲਈ ਦੂਰ ਕਰਨ ਲਈ ਆਪ ਜੀ ਨੇ ਬੁਲੰਦ ਅਵਾਜ਼ ਨਾਲ ਫੁਰਮਾਨ ਕੀਤਾ :
ਜਾਣਹੁ ਜੋਤਿ ਨ ਪੂਛਹੁ ਜਾਤੀ
ਆਗੈ ਜਾਤਿ ਨ ਹੇ॥ 1॥ ਰਹਾਉ॥
ਆਪ ਨੇ ਫੁਰਮਾਨ ਕੀਤਾ, ‘‘ਹੇ ਲੁਕਾਈ ਦੇ ਬੰਦਿਉ! ਕਿਸੇ ਨੂੰ ਜਾਤ ਕਰਕੇ ਦੁਰਕਾਰਨਾ ਤੇ ਨੀਵਾਂ ਸਮਝਣਾ ਫਜ਼ੂਲ ਬਕਵਾਸ ਹੈ, ਕਿਉਂਕਿ ਸਾਰਿਆਂ ਸਰੀਰਾਂ ਵਿਚ ਇਕ ਪ੍ਰਮਾਤਮਾ ਦੀ ਹੀ ਜੋਤਿ ਹੈ ਅਤੇ ਸਾਰੇ ਇਕ ਪ੍ਰਮਾਤਮਾ ਦੀ ਸੱਤਿਆ ਦੇ ਆਸਰੇ ਚੱਲ ਰਹੇ ਹਨ :
ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥
ਉਸ ਸਮੇਂ ਦੇ ਆਪਣੇ ਆਪ ਨੂੰ ਸਵਰਨ ਜਾਤੀ ਕਹਾਉਣ ਵਾਲਿਆਂ ਲਈ ਇਹ ਇਕ ਬਹੁਤ ਵੱਡਾ ਚੈਲੰਜ ਸੀ। ਇਸ ਵਿਤਕਰੇ ਨੂੰ ਸਦਾ ਲਈ ਦੂਰ ਕਰਨ ਲਈ ਆਪ ਜੀ ਨੇ ਮੁਸਲਮਾਨ ਜਾਤੀ ਵਿਚੋਂ ਅਖੌਤੀ ਨੀਵੀਂ ਜਾਤੀ ਵਾਲੇ ਮਰਾਸੀ ਦਾਨੇ ਨੂੰ, ਮਰਦਾਂ ਦਾ ਮਰਦ ‘‘ਮਰਦਾਨਾ’’ ਬਣਾ ਕੇ ਜਗਤ ਤਾਰਨ ਲਈ ਆਪਣਾ ਭਾਈ (ਭਰਾ) ਬਣਾ ਕੇ ਉਸ ਦਾਨੇ ਦਾ ਨਾਉ ‘‘ਭਾਈ ਮਰਦਾਨਾ’’ ਰੱਖਿਆ ਅਤੇ ਜਗਤ ਨਿਸਤਾਰੇ ਦੇ ਸਫ਼ਰ ਵਿਚ ਆਪਣਾ ਹਮ-ਸਫ਼ਰ ਬਣਾਇਆ। ਲੋਕਾਂ ਵਿਚ ਹਾਹਾਕਾਰ ਮੱਚ ਗਈ ਕਿ ਵੇਖੋ ਬੇਦੀ ਵੰਸ਼ ਦੇ ਖੱਤਰੀ (ਗੁਰੂ) ਨਾਨਕ ਨੇ ਨੀਵੀਂ ਜਾਤ ਦੇ ਇਕ ਡੂੰਮ ਨੂੰ ਆਪਣਾ ਭਾਈਵਾਲ ਬਣਾ ਕੇ, ਵਰਣ ਆਸ਼ਰਮ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਬੇਦੀ ਨਾਨਕ ਅਤੇ ਦਾਨਾ ਡੁੰਮ ਇਕੱਠੇ ਰਹਿੰਦੇ, ਇਕੋ ਚੌਂਕੇ ਵਿਚ ਭੋਜਨ ਛੱਕਦੇ ਅਤੇ ਇਕੱਠੇ ਹੀ ਕੋਈ ਰੱਬੀ ਕਲਾਮ ਗਾਉਂਦੇ ਹਨ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੁਕਾਈ ਦੇ ਕਬੋਲਾਂ ਦੀ ਰਤਾ ਪਰਵਾਹ ਨਾ ਕੀਤੀ ਸਗੋਂ ਪੁਕਾਰ ਕੇ ਆਪਣੇ ਸਿਧਾਂਤ ਦੀ ਪੁਸ਼ਟੀ ਕੀਤੀ ਕਿ :
ਨੀਚਾ ਅੰਦਰਿ ਜਾਤਿ ਨੀਚੀ ਹੂ ਅਤਿ ਨੀਚੁ।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਮ. 1 : ਅੰਗ 15)
ਉਧਰ ਭਾਈ ਮਰਦਾਨਾ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਆਖਰੀ ਸਵਾਸਾਂ ਤੱਕ ਸਾਥ ਨਿਭਾਇਆ। ਹਰ ਔਖ-ਸੌਖ, ਹਰ ਬਿਪਤਾ ਅਤੇ ਕਸ਼ਟਾਂ ਭਰੇ ਸਫ਼ਰ ਵਿਚ ਗੁਰੂ ਸਾਹਿਬ ਜੀ ਦੇ ਹਰ ਮੁਬਾਰਕ ਕਦਮ ਦੀ ਖਾਕ ਆਪਣੇ ਭਾਗਾਂ ਭਰੇ ਮਸਤਕ ਤੇ ਲਾ ਕੇ ਹਰ ਕਦਮ ਨਾਲ ਵਿਚਰਕੇ ਮਰਦਾਂ ਦਾ ਮਰਦ ‘‘ਮਰਦਾਨਾ’’ ਬਣ ਕੇ ਤੋੜ ਨਿਭਾਈ। ਕੈਸੀ ਭਾਗਾਂ ਭਰੀ ਆਤਮਾ ਹੋਵੇਗੀ ‘‘ਭਾਈ ਮਰਦਾਨਾ ਜੀ’’ ਦੀ, ਜਿਨ੍ਹਾਂ ਦੀ ਰਬਾਬ ਦੀ ਟੁਣਕਾਰ ਵਿਚ ਗੜੂੰਦ ਹੋ ਕੇ ਧੁਰ ਕੀ ਬਾਣੀ ਦੀ ਹਰ ਪਲੇਠੀ ਧੁਨ ਜਗਤ ਨਿਸਤਾਰਾ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਭਾਗਾਂ ਭਰੇ ਕੰਨਾਂ ਵਿਚ ਪਈ ਹੋਵੇਗੀ।
ਜਲਦੇ-ਬਲਦੇ-ਸੜਦੇ ਸੰਸਾਰ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਤਿੰਨ ਦਿਨ ਵੇਈਂ ਨਦੀ ਵਿਚ ਆਪਣੇ ਸਰੀਰ ਨੂੰ ਅਲੋਪ ਰੱਖਿਆ ਤੇ ਆਤਮਾ ਕਰਕੇ ਪ੍ਰਮਾਤਮਾ ਦੇ ਦਰ ਸੱਚਖੰਡ ਗਏ। ਉਸ ਸਮੇਂ ਦਾ ਅਤਿ ਸੁੰਦਰ ਵਰਣਨ ਪੁਰਾਤਨ ਜਨਮ ਸਾਖੀ ਵਿਚ ਇਉਂ ਮਿਲਦਾ ਹੈ:…..ਆਗਿਆ ਪਰਮੇਸ਼ਰ ਕੀ ਹੋਈ ਨਾਨਕੁ ਭਗਤ ਹਾਜਰੁ ਹੋਆ ਤਾਂ ਅੰਮ੍ਰਿਤ ਦਾ ਕਟੋਰਾ ਭਰਿ ਕਰਿ ਆਗਿਆ ਨਾਲਿ ਮਿਲਿਆ॥ ਹੁਕਮੁ ਹੋਆ ਨਾਨਕ! ਇਹੁ ਅੰਮ੍ਰਿਤੁ ਮੇਰੇ ਨਾਮ ਕਾ ਪਿਆਲਾ ਹੈ ਤੂ ਪੀਉ। ਤਬਿ ਗੁਰੂ ਨਾਨਕ ਤਸਲੀਮ ਕੀਤਾ ਪਿਆਲਾ ਪੀਤਾ। ਸਾਹਿਬੁ ਮਿਹਰਵਾਨ ਹੋਆ॥ ਨਾਨਕੁ ਮੈਂ ਤੇਰੇ ਨਾਲਿ ਹਾਂ॥ ਮੈਂ ਤੇਰੇ ਤਾਈਂ ਨਿਹਾਲ ਕੀਆ ਹੈ ਅਰੁ ਜੋ ਤੇਰਾ ਨਾਉ ਲੇਵੈਗਾ ਸੋ ਸਭ ਮੈਂ ਨਿਹਾਲੁ ਕੀਤੇ ਹੈਨਿ॥ ਤੂ ਜਾਇ ਕਰਿ ਮੇਰਾ ਨਾਮੁ ਜਪਿ ਅਰੁ ਲੋਕਾ ਥੀਂ ਭੀ ਜਪਾਇ॥ ਅਰੁ ਸੰਸਾਰ ਥੀਂ ਨਿਰਲੇਪੁ ਰਹੁ॥ ਨਾਮੁ ਦਾਨੁ ਇਸਨਾਨੁ ਸੇਵਾ ਸਿਮਰਨ ਵਿਚਿ ਰਹੁ॥ ਮੈਂ ਤੇਰੇ ਤਾਈਂ ਆਪਣਾ ਨਾਮੁ ਦੀਆ ਹੈ॥ ਤੂ ਏਹਾ ਕਿਰਤਿ ਕਰਿ॥ ਤਬਿ ਗੁਰੂ ਨਾਨਕ ਸਲਾਮ ਕੀਤਾ॥ ਖੜਾ ਹੋਆ….ਤਬਿ ਫਿਰਿ ਆ ਗਿਆ ਆਈ॥ ਹੁਕਮੁ ਹੋਆ ਨਾਨਕ ਜਿਸੁ ਊਪਰਿ ਤੇਰੀ ਨਦਰਿ ਤਿਸੁ ਉਪਰਿ ਮੇਰੀ ਨਦਰਿ॥ ਜਿਸੁ ਉਪਰਿ ਤੇਰਾ ਕਰਮੁ॥ ਤਿਸ ਉਪਰਿ ਮੇਰਾ ਕਰਮੁ॥ ਮੇਰਾ ਨਾਉ ਪਾਰਬ੍ਰਹਮ ਪਰਮਸ਼ੇਰੁ ਅਰਤੇਰਾ ਨਾਉਂ ਗੁਰ ਪਰਮੇਸ਼ਰੁ॥ ਤਬ ਗੁਰੂ ਨਾਨਕ ਪੈਰੀ ਪਇਆ। ਸਿਰਪਾਉ ਦਰਗਾਹੋਂ ਬਾਬੇ ਨੂੰ ਮਿਲਿਆ….
ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਜਦ ਸਤਿਗੁਰੂ ਜੀ ਸੱਚਖੰਡ ਗਏ, ਉਥੋਂ ਜਗਤ ਦੇ ਉਧਾਰ ਵਾਸਤੇ ਪਰਮਾਤਮਾ ਜੀ ਦਾ ‘‘ਨਾਮ’’ ਅਤੇ ‘‘ਮਨ ਦੀ ਗਰੀਬੀ’’ (ਨਿੰਮ੍ਰਤਾ) ਪਰਮੇਸ਼ਰ ਜੀ ਪਾਸੋਂ ਲਿਆਂਦੀ। ਜਿਸ ਹਿਰਦੇ ਵਿਚ ਨਿੰਮ੍ਰਤਾ ਹੈ ਉਥੇ ਹੀ ਪਰਮਾਤਮਾ ਦਾ ਨਾਮ ਟਿਕ ਸਕਦਾ ਹੈ। ਜਿਥੇ ਨਾਮ ਟਿਕ ਜਾਵੇ ਉਥੇ ਨਾਮੀਂ ਪ੍ਰਮਾਤਮਾ ਦਾ ਨਿਵਾਸ ਹੁੰਦਾ ਹੈ। ਜਿਥੇ ਪ੍ਰਮਾਤਮਾ ਦਾÇ ਨਵਾਸ ਹੈ ਉਥੇ ‘‘ਸਦ ਖੁਸੀਆ ਸਦਾ ਰੰਗ ਮਾਣੇ’’ ਦੀਆਂ ਬਰਕਤਾਂ ਵਰਤ ਜਾਂਦੀਆਂ ਹਨ। ਜਲਦੇ ਬਲਦੇ ਸੜਦੇ ਸੰਸਾਰ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਸਤੇ ਆਪ ਜੀ ਨੇ ਘਰ ਦੇ ਸਾਰੇ ਸੁੱਖ-ਅਰਾਮ, ਮਾਤਾ-ਪਿਆ ਅਤੇ ਪਰਿਵਾਰ ਤਿਆਗ ਕੇ ਸੰਸਾਰ ਨੂੰ ਸੁੱਖ ਅਤੇ ਸੱਚ ਦਾ ਸਹਾਰਾ ਦਰਸਾਉਣ ਲਈ ਚਾਰ ਉਦਾਸੀਆਂ ਕਰਕੇ ਨੌਂ-ਖੰਡ ਪ੍ਰਿਥਵੀ ਦਾ ਭ੍ਰਮਣ ਕੀਤਾ। ਭਾਈ ਗੁਰਦਾਸ ਜੀ ਦਾ ਫੁਰਮਾਨ ਹੈ :-
ਪਹਿਲਾਂ ਬਾਬੇ ਪਾਯਾ ਬਖਸੁ ਦਰਿ
ਪਿਛੋ ਦੇ ਫਿਰਿ ਘਾਲ ਕਮਾਈ॥
ਰੇਤੁ ਅਕੁ ਆਹਾਰੁ ਕਰਿ ਰੋੜਾਂ
ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤਪਸਿਆ ਵਡੇ ਭਾਗੁ
ਹਰਿ ਸਿਉ ਬਣਿ ਆਈ॥
ਬਾਬਾ ਪੈਧਾ ਸਚ ਖੰਡਿ ਨਉ ਨਿਧਿ
ਨਾਮੁ ਗਰੀਬੀ ਪਾਈ॥
ਬਾਬਾ ਦੇਖੇ ਧਿਆਨ ਧਰਿ ਜਲਤੀ
ਸਭਿ ਪ੍ਰਿਥਵੀ ਦਿਸਿ ਆਈ॥
ਬਾਝਹੁ ਗੁਰੂ ਗੁਬਾਰ ਹੈ ਹੈ ਹੈ
ਕਰਦੀ ਸੁਣੀ ਲੁਕਾਈ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜਿਆ ਸੋਧਣਿ ਧਰਤਿ ਲੁਕਾਈ॥ 24॥
(ਵਾਰ 1 ਪਉੜੀ 24)