ਪਾਕਿਸਤਾਨ: ਬਿਪਰਜੁਆਏ ਦੇ ਮੱਦੇਨਜ਼ਰ ਹਜ਼ਾਰਾਂ ਲੋਕਾਂ ਨੇ ਘਰ ਛੱਡੇ

ਪਾਕਿਸਤਾਨ: ਬਿਪਰਜੁਆਏ ਦੇ ਮੱਦੇਨਜ਼ਰ ਹਜ਼ਾਰਾਂ ਲੋਕਾਂ ਨੇ ਘਰ ਛੱਡੇ

ਕਰਾਚੀ – ਚਕਰਵਾਤੀ ਤੂਫ਼ਾਨ ‘ਬਿਪਰਜੁਆਏ’ ਦੇ ਪਾਕਿਸਤਾਨ ਪਹੁੰਚਣ ਦੀ ਸੰਭਾਵਨਾ ਤਹਿਤ ਤੱਟੀ ਕਸਬਿਆਂ ਅਤੇ ਛੋਟੇ ਟਾਪੂਆਂ ’ਤੇ ਰਹਿਣ ਵਾਲੇ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰ ਵਿੱਚ ਉੱਠੀਆਂ ਉੱਚੀਆਂ ਲਹਿਰਾਂ ਨੇ ਚਕਰਵਾਤ ‘ਬਿਪਰਜੁਆਏ’ ਦੀ ਦਸਤਕ ਦੇ ਸੰਕੇਤ ਦੇ ਦਿੱਤੇ ਹਨ। ਬੰਗਾਲੀ ਭਾਸ਼ਾ ਵਿੱਚ ‘ਬਿਪਰਜੁਆਏ’ ਦਾ ਅਰਥ ਆਫ਼ਤ ਹੈ। ਇਸ ਨੂੰ ‘ਬੇਹੱਦ ਗੰਭੀਰ ਚਕਰਵਾਤੀ ਤੂਫ਼ਾਨ’ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਦੇ 140-150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੀਆਂ ਤੇਜ਼ ਹਵਾਵਾਂ ਨਾਲ ਇੱਥੇ ਪਹੁੰਚਣ ਦੇ ਆਸਾਰ ਹਨ। ਹਵਾਵਾਂ ਦੀ ਰਫ਼ਤਾਰ ਵਧ ਕੇ 170 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਪਹੁੰਚ ਸਕਦੀ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ ਚਕਰਵਾਤ ਉੱਤਰ ਤਰਫ਼ੋਂ ਅੱਗੇ ਵਧਦੇ ਰਹਿਣ ਮਗਰੋਂ ਮੁੜ ਪੂਰਬ ਵੱਲ ਮੁੜਨ ਅਤੇ ਥੱਟਾ ਜ਼ਿਲ੍ਹੇ ਦੇ ਕੇਟੀ ਬੰਦ ਅਤੇ ਭਾਰਤ ਦੇ ਗੁਜਰਾਤ ਤੱਟ ਵਿਚਾਲੇ ਪਹੁੰਚਣ ਦੇ ਆਸਾਰ ਹਨ। ਮੌਸਮ ਮਾਹਿਰਾਂ ਅਨੁਸਾਰ ਥੱਟਾ, ਬਦੀਨ, ਸਜਾਵਲ, ਥਾਰਪਾਰਕਰ, ਕਰਾਚੀ, ਮੀਰਪੁਰਖਾਸ, ਉਮਰਕੋਟ, ਹੈਦਰਾਬਾਦ, ਓਰਮਾਰਾ, ਟਾਂਡਾ ਅੱਲਾਯਾਰ ਅਤੇ ਟਾਂਡੋ ਮੁਹੰਮਦ ਖ਼ਾਨ ਵਿੱੱਚ ਇਸ ਦਾ ਅਸਰ ਦਿਖਾਈ ਦੇ ਸਕਦਾ ਹੈ। ਸਿੰਧ ਦੇ ਮੁੱਖ ਮੰਤਰੀ ਦਫ਼ਤਰ ਤੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਤਿੰਨ ਜ਼ਿਲ੍ਹਿਆਂ ਦੇ 71,380 ਵਿੱਚੋਂ 56,985 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ ਹੈ। ਸਰਕਾਰੀ ਸਕੂਲਾਂ ਅਤੇ ਕਾਲਜਾਂ ਸਮੇਤ ਹੋਰ ਥਾਵਾਂ ’ਤੇ 37 ਰਾਹਤ ਕੈਂਪ ਬਣਾਏ ਗਏ ਹਨ। ਪਾਕਿਸਤਾਨੀ ਜਲ ਸੈਨਾ ਅਨੁਸਾਰ ਸੈਨਾ ਨੇ ਸ਼ਾਹ ਬੰਦਰ ਦੇ ਵੱਖ ਵੱਖ ਪਿੰਡਾਂ ਵਿੱਚੋਂ 700 ਲੋਕਾਂ ਨੂੰ ਕੱਢਿਆ ਹੈ ਅਤੇ ਸਮੁੰਦਰ ਵਿੱਚੋਂ 64 ਮਛੇਰਿਆਂ ਨੂੰ ਬਚਾਇਆ ਗਿਆ ਹੈ।