ਟਰੰਪ ਨੇ ਖ਼ੁਫ਼ੀਆ ਦਸਤਾਵੇਜ਼ ਘਰ ਰੱਖਣ ਦੇ ਦੋਸ਼ ਨਾ ਕਬੂਲੇ

ਟਰੰਪ ਨੇ ਖ਼ੁਫ਼ੀਆ ਦਸਤਾਵੇਜ਼ ਘਰ ਰੱਖਣ ਦੇ ਦੋਸ਼ ਨਾ ਕਬੂਲੇ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲੋਰਿਡਾ ਦੀ ਆਪਣੀ ਰਿਹਾਇਸ਼ ’ਚ ਖ਼ੁਫ਼ੀਆ ਦਸਤਾਵੇਜ਼ ਰੱਖ ਕੇ ਦਰਜਨਾਂ ਵਾਰ ਕਾਨੂੰਨ ਦਾ ਉਲੰਘਣ ਕਰਨ ਦਾ ਗੁਨਾਹ ਨਹੀਂ ਕਬੂਲਿਆ ਹੈ। ਟਰੰਪ ਮੰਗਲਵਾਰ ਨੂੰ ਮਿਆਮੀ ਦੀ ਅਦਾਲਤ ’ਚ ਪੇਸ਼ ਹੋਏ। ਉਹ ਸੰਘੀ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਦੇਸ਼ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ। ਨੇਵੀ ਸੂਟ ਅਤੇ ਲਾਲ ਰੰਗ ਦੀ ਟਾਈ ਪਹਿਨੀ ਟਰੰਪ ਫਲੋਰਿਡਾ ਦੀ ਮਿਆਮੀ ਅਦਾਲਤ ’ਚ ਸੁਣਵਾਈ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਪੁੱਜੇ ਅਤੇ ਬਹੁਤ ਸੰਭਲ ਕੇ ਆਪਣੀ ਕੁਰਸੀ ’ਤੇ ਬੈਠੇ। ਉਦੋਂ ਤੱਕ ਜੱਜ ਅਦਾਲਤ ਦੇ ਕਮਰੇ ’ਚ ਨਹੀਂ ਪੁੱਜੇ ਸਨ। ਟਰੰਪ ਦਾ ਪੁੱਤਰ ਐਰਿਕ ਟਰੰਪ ਅਦਾਲਤ ’ਚ ਆਪਣੇ ਪਿਤਾ ਨਾਲ ਸੀ। ਇਹ ਅਜਿਹਾ ਇਤਿਹਾਸਕ ਮਾਮਲਾ ਹੈ ਜੋ 2024 ਦੀਆਂ ਚੋਣਾਂ ਨੂੰ ਦੇਖਦਿਆਂ ਅਮਰੀਕਾ ਦੇ ਸਿਆਸੀ ਅਤੇ ਕਾਨੂੰਨੀ ਦ੍ਰਿਸ਼ ਨੂੰ ਬਦਲ ਸਕਦਾ ਹੈ। ਏਬੀਸੀ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਟਰੰਪ ਸੁਣਵਾਈ ਦੌਰਾਨ ਧਰਤੀ ਵੱਲ ਹੇਠਾਂ ਦੇਖਦੇ ਰਹੇ। ਸੰਘੀ ਵਕੀਲਾਂ ਨੇ ਟਰੰਪ ’ਤੇ ਆਪਣੇ ਕਾਰਜਕਾਲ ਦੌਰਾਨ ਖ਼ੁਫ਼ੀਆ ਦਸਤਾਵੇਜ਼ ਹਾਸਲ ਕਰਨ ਅਤੇ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਦੇ ਦੋਸ਼ ਲਾਏ। ਸਾਬਕਾ ਰਾਸ਼ਟਰਪਤੀ ’ਤੇ 37 ਸੰਘੀ ਦੋਸ਼ ਲਾਏ ਗਏ ਹਨ ਜਿਨ੍ਹਾਂ ’ਚੋਂ 31 ਜਾਸੂਸੀ ਐਕਟ ਦੀ ਉਲੰਘਣਾ ਨਾਲ ਜੁੜੇ ਹੋਏ ਹਨ। ਟਰੰਪ ਦੇ ਵਕੀਲ ਟੋਡ ਬਲਾਂਸ਼ੇ ਨੇ ਕਿਹਾ,‘‘ਅਸੀਂ ਜੁਰਮ ਨਹੀਂ ਕਬੂਲਣ ਸਬੰਧੀ ਪਟੀਸ਼ਨ ਦਾਖ਼ਲ ਕਰ ਰਹੇ ਹਾਂ।’’ ਮੈਜਿਸਟਰੇਟ ਜੱਜ ਜੋਨਾਥਨ ਗੁਡਮੈਨ ਨੇ ਟਰੰਪ ਨੂੰ ਇਸ ਮਾਮਲੇ ’ਚ ਕਿਸੇ ਵੀ ਗਵਾਹ ਨਾਲ ਗੱਲ ਨਾ ਕਰਨ ਲਈ ਕਿਹਾ ਜਿਨ੍ਹਾਂ ’ਚ ਵਾਲਟ ਨਾਓਟਾ ਵੀ ਸ਼ਾਮਲ ਹਨ। ਟਰੰਪ ਨੇ ਇਸ ਮਗਰੋਂ ਸਿਰਫ਼ ਆਪਣੇ ਵਕੀਲਾਂ ਨਾਲ ਹੀ ਗੱਲਬਾਤ ਕੀਤੀ। ਬਲਾਂਸ਼ੇ ਨੇ ਜੱਜ ਦੇ ਨਿਰਦੇਸ਼ਾਂ ’ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਨਾਓਟਾ ਅਤੇ ਕਈ ਗਵਾਹ ਟਰੰਪ ਦੇ ਮੁਲਾਜ਼ਮ ਅਤੇ ਸੁਰੱਖਿਆ ਕਰਮੀ ਹਨ। ਜੱਜ ਨੇ ਮੁੜ ਕਿਹਾ ਕਿ ਟਰੰਪ ਨੂੰ ਨਾਓਟਾ ਜਾਂ ਗਵਾਹਾਂ ਨਾਲ ਕੇਸ ਦੇ ਤੱਥਾਂ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਹੈ। ਸੁਣਵਾਈ ਦੌਰਾਨ ਗੁਡਮੈਨ ਨੇ ਟਰੰਪ ਨੂੰ ਲਗਾਤਾਰ ਸਾਬਕਾ ਰਾਸ਼ਟਰਪਤੀ ਕਿਹਾ ਜਦਕਿ ਉਨ੍ਹਾਂ ਦੇ ਵਕੀਲ ਰਾਸ਼ਟਰਪਤੀ ਟਰੰਪ ਆਖ ਕੇ ਸੰਬੋਧਨ ਕਰਦੇ ਰਹੇ। ਕਰੀਬ 45 ਮਿੰਟ ਦੀ ਸੁਣਵਾਈ ਦੌਰਾਨ ਇਸ ਗੱਲ ’ਤੇ ਕੋਈ ਚਰਚਾ ਨਹੀਂ ਹੋਈ ਕਿ ਟਰੰਪ ਨੂੰ ਅਗਲੀ ਵਾਰ ਅਦਾਲਤ ’ਚ ਕਦੋਂ ਅਤੇ ਕਿਥੇ ਪੇਸ਼ ਹੋਣਾ ਹੋਵੇਗਾ। ਜੇਕਰ ਟਰੰਪ ਨੂੰ ਇਸ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਕਈ ਸਾਲ ਜੇਲ੍ਹ ਦੀ ਸਜ਼ਾ ਸਾਹਮਣਾ ਕਰਨਾ ਪੈ ਸਕਦਾ ਹੈ। ਜੁਰਮ ਨਾ ਕਬੂਲਣ ਸਬੰਧੀ ਅਰਜ਼ੀ ਦਾਖ਼ਲ ਕਰਨ ਮਗਰੋਂ ਟਰੰਪ ਮੰਗਲਵਾਰ ਰਾਤ ਨਿਊਜਰਸੀ ਗੋਲਫ ਕਲੱਬ ਪੁੱਜੇ ਜਿਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ। ਟਰੰਪ ਨੇ ਉਥੇ ਮੌਜੂਦ ਲੋਕਾਂ ਨੂੰ ਕਰੀਬ ਅੱਧੇ ਘੰਟੇ ਤੱਕ ਸੰਬੋਧਨ ਕੀਤਾ ਅਤੇ ਕਿਹਾ ਕਿ ਇਹ ਮਾਮਲਾ ਫੌਰੀ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਉਹ ਦੇਸ਼ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਿਲੇਰੀ ਕਲਿੰਟਨ ਨੇ ਕਾਨੂੰਨ ਤੋੜਿਆ ਅਤੇ ਉਨ੍ਹਾਂ ਖ਼ਿਲਾਫ਼ ਕੇਸ ਨਹੀਂ ਚਲਾਇਆ ਗਿਆ। ‘ਜੋਅ ਬਾਇਡਨ ਨੇ ਕਈ ਹੋਰ ਢੰਗਾਂ ਨਾਲ ਕਾਨੂੰਨ ਤੋੜਿਆ ਪਰ ਉਨ੍ਹਾਂ ’ਤੇ ਵੀ ਕੇਸ ਨਹੀਂ ਚੱਲਿਆ। ਮੈਂ ਸਾਰਾ ਕੁਝ ਸਹੀ ਕੀਤਾ ਪਰ ਫਿਰ ਵੀ ਮੇਰੇ ਖ਼ਿਲਾਫ਼ ਕੇਸ ਚਲਾਇਆ ਗਿਆ ਹੈ।’ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਬਾਇਡਨ ਸਰਕਾਰ ਨੇ ਉਨ੍ਹਾਂ ’ਤੇ ਦੋਸ਼ ਇਸ ਲਈ ਮੜ੍ਹੇ ਹਨ ਤਾਂ ਜੋ ਲੋਕਾਂ ਦਾ ਧਿਆਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਹਟਾਇਆ ਜਾ ਸਕੇ। ਮਿਆਮੀ ਅਦਾਲਤ ਦੇ ਬਾਹਰ ਟਰੰਪ ਦੇ ਹਮਾਇਤੀਆਂ ਅਤੇ ਵਿਰੋਧੀਆਂ ਵਿਚਕਾਰ ਝੜਪਾਂ ਹੋਈਆਂ ਅਤੇ ਸਾਬਕਾ ਰਾਸ਼ਟਰਪਤੀ ਦੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੰਗਲਵਾਰ ਨੂੰ ਕੇਸ ਦੀ ਸੁਣਵਾਈ ਮੈਜਿਸਟਰੇਟ ਜੱਜ ਗੁਡਮੈਨ ਨੇ ਕੀਤੀ ਪਰ ਹੁਣ ਕੇਸ ਦੀ ਸੁਣਵਾਈ ਜ਼ਿਲ੍ਹਾ ਜੱਜ ਏਲੀਨ ਕੈਨਨ ਕਰਨਗੇ ਜਿਸ ਨੂੰ ਟਰੰਪ ਨੇ ਜੱਜ ਨਿਯੁਕਤ ਕੀਤਾ ਸੀ। ਇਸ ਜੱਜ ਵੱਲੋਂ ਪਹਿਲਾਂ ਸੁਣਾੲੇ ਗਏ ਫ਼ੈਸਲਿਆਂ ’ਤੇ ਸਵਾਲ ਉੱਠਦੇ ਰਹੇ ਹਨ।


ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਵੀ ਚੋਣ ਲੜ ਸਕਣਗੇ ਟਰੰਪ
ਵਾਸ਼ਿੰਗਟਨ: ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜੇਕਰ ਖ਼ੁਫ਼ੀਆ ਦਸਤਾਵੇਜ਼ ਆਪਣੇ ਕੋਲ ਰੱਖਣ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਤਾਂ ਵੀ ਉਹ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਜਾਰੀ ਰੱਖ ਸਕਦੇ ਹਨ। ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰੀ ਦੀ ਦੌੜ ’ਚ ਸਭ ਤੋਂ ਅੱਗੇ ਹਨ। ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਚੱਲ ਰਹੇ ਹਨ ਅਤੇ ਹੁਣ ਵੀ ਸੁਣਵਾਈ ਕਈ ਮਹੀਨਿਆਂ ਤੱਕ ਚੱਲੇਗੀ ਅਤੇ ਟਰੰਪ ਇਸ ਅਰਸੇ ਦੌਰਾਨ ਪ੍ਰਚਾਰ ਕਰ ਸਕਦੇ ਹਨ। ਯੂਨੀਵਰਸਿਟੀ ਆਫ਼ ਕੈਰੋਲੀਨਾ, ਲਾਸ ਏਂਜਲਸ ਦੇ ਪ੍ਰੋਫੈਸਰ ਰਿਚਰਡ ਹਾਸਨ ਨੇ ਸੀਐੱਨਐੱਨ ਨੂੰ ਕਿਹਾ ਕਿ ਕਈ ਸੰਵਿਧਾਨਕ ਪਾਬੰਦੀਆਂ ਹਨ ਜੋ ਕਿਸੇ ਵਿਅਕਤੀ ਨੂੰ ਰਾਸ਼ਟਰਪਤੀ ਚੋਣਾਂ ਲੜਨ ਤੋਂ ਰੋਕ ਸਕਦੀ ਹੈ ਪਰ ਉਹ ਟਰੰਪ ’ਤੇ ਲਾਗੂ ਨਹੀਂ ਹੁੰਦੀਆਂ ਹਨ।