ਮੋਗਾ ਲੁੱਟ ਕਾਂਡ: ਪਰਿਵਾਰ ਵੱਲੋਂ ਸਰਾਫ਼ ਦਾ ਸਸਕਾਰ

ਮੋਗਾ ਲੁੱਟ ਕਾਂਡ: ਪਰਿਵਾਰ ਵੱਲੋਂ ਸਰਾਫ਼ ਦਾ ਸਸਕਾਰ

ਮੋਗਾ – ਇਥੇ ਸੋਮਵਾਰ ਨੂੰ ਲੁਟੇਰਿਆਂ ਹੱਥੋਂ ਮਾਰੇ ਗਏ ਸਥਾਨਕ ਰਾਮ ਗੰਜ ਸਥਿਤ ਏਸ਼ੀਆ ਜਵੈਲਰਜ਼ ਸ਼ੋਅਰੂਮ ਦੇ ਮਾਲਕ ਪਰਮਿੰਦਰ ਸਿੰਘ ਉਰਫ਼ ਵਿੱਕੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਸ ਦੇ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਸ਼ਹਿਰੀ, ਸਿਆਸੀ, ਧਾਰਮਿਕ ਤੇ ਸਮਾਜਿਕ ਆਗੂ ਮੌਜੂਦ ਰਹੇ। ਪੰਜਾਬ ਅੰਦਰ ਲੁੱਟ-ਖੋਹ ਤੇ ਡਕੈਤੀ ਦੀਆਂ ਵਾਰਦਾਤਾਂ ਲਗਾਤਾਰ ਵਧਣ ਕਰ ਕੇ ਲੋਕਾਂ ਵਿੱਚ ਕਾਫੀ ਰੋਸ ਅਤੇ ਗੁੱਸਾ ਦੇਖਿਆ ਗਿਆ।

ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਹਸਪਤਾਲ ’ਚੋਂ ਪੋਸਟਮਾਰਟਮ ਤੋਂ ਬਾਅਦ ਪਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਘਰ ਲਿਆਂਦੀ ਗਈ। ਇਸ ਮੌਕੇ ਕੈਨੇਡਾ ਤੋਂ ਪੁੱਜੇ ਉਨ੍ਹਾਂ ਦੇ ਸਪੁੱਤਰ ਮਹੀਪਾਲ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ। ਮਹੀਪਾਲ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਦੀ ਪਿਤਾ ਨਾਲ ਇੱਕ ਦਿਨ ਪਹਿਲਾਂ ਹੀ ਐਤਵਾਰ ਨੂੰ ਫੋਨ ’ਤੇ ਗੱਲਬਾਤ ਹੋਈ ਸੀ।

ਦੂਜੇ ਪਾਸੇ, ਪੁਲੀਸ ਅਧਿਕਾਰੀ ਕੁਝ ਕਹਿਣ ਤੋਂ ਟਾਲਾ ਵੱਟ ਰਹੇ ਹਨ ਪਰ ਕਾਤਲਾਂ ਦੀ ਪੈੜ ਨੱਪਣ ਦਾ ਦਾਅਵਾ ਕਰਦੇ ਹੋਏ ਜਲਦੀ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਗੱਲ ਵੀ ਆਖੀ ਹੈ। ਪੁਲੀਸ ਸੂਤਰਾਂ ਅਨੁਸਾਰ ਮੁਲਜ਼ਮ ਨਿਹਾਲ ਸਿੰਘ ਵਾਲਾ, ਜਗਰਾਉਂ, ਅੰਮ੍ਰਿਤਸਰ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ 12 ਜੂਨ ਨੂੰ ਮੋਟਰਸਾਈਕਲਾਂ ’ਤੇ ਆਏ ਪੰਜ ਲੁਟੇਰਿਆਂ ਵੱਲੋਂ ਸਰਾਫ਼ ਪਰਮਿੰਦਰ ਸਿੰਘ ਉਰਫ਼ ਵਿੱਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਲੁਟੇਰੇ ਸੋਨੇ ਦੇ ਗਹਿਣੇ ਆਦਿ ਲੁੱਟ ਕੇ ਲੈ ਗਏ ਸਨ।