ਲੁਧਿਆਣਾ ’ਚ 8.50 ਕਰੋੜ ਰੁਪਏ ਲੁੱਟਣ ਵਾਲੇ ਛੇ ਮੁਲਜ਼ਮ ਕਾਬੂ

ਲੁਧਿਆਣਾ ’ਚ 8.50 ਕਰੋੜ ਰੁਪਏ ਲੁੱਟਣ ਵਾਲੇ ਛੇ ਮੁਲਜ਼ਮ ਕਾਬੂ

ਲੁਧਿਆਣਾ – ਇਥੋਂ ਦੇ ਰਾਜਗੁਰੂ ਨਗਰ ਸਥਿਤ ਸੀਐਮਐਸ ਕੰਪਨੀ ’ਚੋਂ ਸਾਢੇ ਅੱਠ ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਲੁਧਿਆਣਾ ਪੁਲੀਸ ਨੇ ਹੱਲ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਗਰੋਹ ਦੀ ਸਰਗਨਾ ਔਰਤ ਸਣੇ ਪੰਜ ਮੁਲਜ਼ਮ ਹਾਲੇ ਫ਼ਰਾਰ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੰਜ ਕਰੋੜ ਰੁਪਏ, ਸੀਐਮਐਸ ਕੰਪਨੀ ਦੀ ਗੱਡੀ, ਵਾਰਦਾਤ ’ਚ ਵਰਤੀ ਗਈ ਕਾਰ, ਤਿੰਨ ਰਾਈਫਲਾਂ 12 ਬੋਰ, ਤੇਜ਼ਧਾਰ ਹਥਿਆਰ, ਹਾਈਡਰੌਲਿਕ ਪੌੜੀ ਆਦਿ ਬਰਾਮਦ ਕਰ ਲਏ ਹਨ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੀ ਪਛਾਣ ਇਸੇ ਕੰਪਨੀ ਵਿਚ ਚਾਰ ਸਾਲ ਕੰਮ ਕਰਨ ਵਾਲੇ ਵਜੋਂ ਹੋਈ ਹੈ। ਉਸ ਨੇ ਆਪਣੀ ਦੋਸਤ ਨਾਲ ਮਿਲ ਕੇ ਸਾਰੀ ਲੁੱਟ ਦੀ ਯੋਜਨਾ ਬਣਾਈ। ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਇੱਕ 18 ਸਾਲ ਦਾ ਲੜਕਾ ਵੀ ਹੈ। ਇਸ ਮਾਮਲੇ ’ਚ ਪੁਲੀਸ ਨੇ ਪਿੰਡ ਅੱਬੂਵਾਲ ਦੇ ਰਹਿਣ ਵਾਲੇ ਮਾਸਟਰਮਾਈਂਡ ਤੇ ਸੀਐਮਐਸ ਕੰਪਨੀ ’ਚ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਮਨੀ, ਜਗਰਾਉਂ ਸਥਿਤ ਪਿੰਡ ਕੋਠੇ ਹਰੀ ਸਿੰਘ ਵਾਸੀ ਮਨਦੀਪ ਸਿੰਘ ਉਰਫ਼ ਵਿੱਕੀ, ਹਰਵਿੰਦਰ ਸਿੰਘ ਉਰਫ਼ ਲੰਬੂ, ਪਿੰਡ ਕਾਉਂਕੇ ਕਲਾਂ ਵਾਸੀ ਪਰਮਜੀਤ ਸਿੰਘ ਪੰਮਾ, ਬਰਨਾਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ (18) ਦੇ ਨਾਲ ਨਾਲ ਨਰਿੰਦਰ ਸਿੰਘ ਉਰਫ਼ ਹੈਪੀ ਵਾਸੀ ਜਗਰਾਉਂ ਨੂੰ ਕਾਬੂ ਕੀਤਾ ਹੈ। ਜਦੋਂਕਿ ਇਸ ਗਰੋਹ ਦੀ ਦੂਜੀ ਮਾਸਟਰਮਾਈਂਡ ਤੇ ਡਾਕੂ ਹਸੀਨਾ ਦੇ ਨਾਂ ਤੋਂ ਮਸ਼ਹੂਰ ਮਨਦੀਪ ਕੌਰ ਉਰਫ਼ ਮੋਨਾ, ਉਸ ਦਾ ਪਤੀ ਬਰਨਾਲਾ ਰਾਮਗੜ੍ਹੀਆ ਰੋਡ ਵਾਸੀ ਜਸਵਿੰਦਰ ਸਿੰਘ, ਉਸ ਦਾ ਸਾਥੀ ਅਰੁਣ ਕੁਮਾਰ, ਨੰਨ੍ਹੀ ਤੇ ਗੁਲਸ਼ਨ ਹਾਲੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।

ਪੱਤਰਕਾਰ ਮਿਲਣੀ ਦੌਰਾਨ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ 10 ਜੂਨ ਨੂੰ ਹੋਈ ਲੁੱਟ ਦੇ ਮਾਮਲੇ ਵਿਚ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੰਪਨੀ ਦੇ ਸੁਰੱਖਿਆ ਸਿਸਟਮ ਵਿਚ ਵੱਡੀਆਂ ਖਾਮੀਆਂ ਮਿਲੀਆਂ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਮਾਸਟਰਮਾਈਂਡ ਮਨਜਿੰਦਰ ਸਿੰਘ ਮਨੀ ਸੀਐਮਐਸ ਕੰਪਨੀ ’ਚ ਪਿਛਲੇ ਚਾਰ ਸਾਲ ਤੋਂ ਕੰਮ ਕਰਦਾ ਸੀ ਤੇ ਏਟੀਐਮ ਮਸ਼ੀਨ ਅੰਦਰ ਪੈਸੇ ਪਾਉਂਦਾ ਸੀ। ਲੁੱਟ ਦੀ ਵਾਰਦਾਤ ਲਈ ਸਾਜਿਸ਼ਕਾਰ ਜਗਰਾਉਂ ’ਚ ਇਕੱਠੇ ਹੋਏ। ਉਥੇ ਮਨਦੀਪ ਕੌਰ ਆਪਣੀ ਕਾਰ ’ਚ ਪੰਜ ਜਣਿਆਂ ਨੂੰ ਲਿਆਈ, ਜਦੋਂ ਕਿ ਮਨਦੀਪ ਸਿੰਘ ਉਰਫ਼ ਮਨੀ ਸਾਥੀਆਂ ਨਾਲ ਮੋਟਰਸਾਈਕਲ ’ਤੇ ਪੁੱਜ ਗਿਆ।

ਉਹ ਹਾਈਡਰੌਲਿਕ ਪੌੜੀ ਲਾ ਕੇ ਸੈਂਸਰ ਸਿਸਟਮ ਦੀ ਤਾਰ ਕੱਟ ਕੇ ਪਿਛਲੇ ਰਸਤਿਉਂ ਅੰਦਰ ਦਾਖਲ ਹੋਏ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮਨਜਿੰਦਰ ਸਿੰਘ ਨੂੰ ਸਾਰਾ ਪਤਾ ਸੀ ਕਿ ਅੰਦਰ ਸੈਂਸਰ ਸਿਸਟਮ ਕਿੱਥੇ ਹੈ ਤੇ ਕੈਸ਼ ਕਿੱਥੇ ਪਿਆ ਹੈ। ਇਸ ਤੋਂ ਬਾਅਦ ਉਹ ਕੈਸ਼ ਲੈ ਕੇ ਫ਼ਰਾਰ ਹੋ ਗਏ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਉਸ ਵੇਲੇ ਖੇਤਰ ਵਿਚ ਮੌਜੂਦ 100 ਮੋਬਾਈਲ ਨੰਬਰਾਂ ਦੀ ਜਾਂਚ ਕੀਤੀ ਤਾਂ ਇਕ ਤੋਂ ਬਾਅਦ ਇਕ ਤਾਰ ਜੁੜਦੇ ਗਏ।

ਮਨਜਿੰਦਰ ਦੇ ਘਰੋਂ ਸੈਪਟਿਕ ਟੈਂਕ ਵਿੱਚੋਂ ਮਿਲੇ ਨੋਟਾਂ ਦੇ ਬੰਡਲ
ਗੁਰੂਸਰ ਸੁਧਾਰ – ਲੁਧਿਆਣਾ ਪੁਲੀਸ ਸਾਢੇ ਅੱਠ ਕਰੋੜ ਦੀ ਲੁੱਟ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਨਜਿੰਦਰ ਸਿੰਘ ਉਰਫ਼ ਮਨੀ ਦੀ ਭਾਲ ਵਿੱਚ ਪਿੰਡ ਅੱਬੂਵਾਲ ਉਸ ਦੇ ਘਰ ਪਹੁੰਚ ਗਈ। ਪੁਲੀਸ ਟੀਮ ਨੇ ਘਰ ਦੀ ਤਲਾਸ਼ੀ ਤੋਂ ਬਾਅਦ ਸੈਪਟਿਕ ਟੈਂਕ ਨੂੰ ਖ਼ਾਲੀ ਕਰਵਾਇਆ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਰੱਖੇ ਲੱਖਾਂ ਰੁਪਏ ਦੇ ਬੰਡਲ ਬਰਾਮਦ ਹੋਏ। ਹਾਲਾਂਕਿ ਪੁਲੀਸ ਅਧਿਕਾਰੀਆਂ ਨੇ ਰਕਮ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ। ਸੀਆਈਏ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਪੂਰੇ ਘਰ ਦੀ ਤਲਾਸ਼ੀ ਦੌਰਾਨ ਕਈ ਥਾਵਾਂ ’ਤੇ ਟੋਏ ਵੀ ਪੁੱਟੇ, ਪਰ ਬਾਅਦ ਵਿੱਚ ਸੈਪਟਿਕ ਟੈਂਕ ਨੂੰ ਖ਼ਾਲੀ ਕਰਨ ਲਈ ਮਸ਼ੀਨ ਬੁਲਾਈ ਗਈ। ‘ਆਪ’ ਸੁਧਾਰ ਬਲਾਕ ਦੇ ਸੀਨੀਅਰ ਆਗੂ ਲੱਕੀ ਅੱਬੂਵਾਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਪਾਰਟੀ ਦਾ ਸੁਹਿਰਦ ਮੈਂਬਰ ਹੈ।