ਕਦੇ ਕੈਨੇਡਾ ਹੁੰਦਾ ਸੀ ਦੁਨੀਆ ਦਾ ਸਭ ਤੋਂ ਖ਼ੁਸ਼ਹਾਲ ਮੁਲਕ, ਅੱਜ ਮੰਦੜੇ ਹੋਏ ਹਾਲ

ਕਦੇ ਕੈਨੇਡਾ ਹੁੰਦਾ ਸੀ ਦੁਨੀਆ ਦਾ ਸਭ ਤੋਂ ਖ਼ੁਸ਼ਹਾਲ ਮੁਲਕ, ਅੱਜ ਮੰਦੜੇ ਹੋਏ ਹਾਲ

ਦਰਬਾਰਾ ਸਿੰਘ ਕਾਹਲੋਂ
ਅਜੀਬ ਦਾਸਤਾਂ ਹੈ ਯੇ ਕਹਾਂ ਸ਼ੁਰੂ ਕਹਾਂ ਖ਼ਤਮ…।’ ਕੈਨੇਡਾ ਦੀ ਮੌਜੂਦਾ ਪੀੜ੍ਹੀ ਜਿਸ ਨੇ ਇਸ ਦੇਸ਼ ਨੂੰ ਸ਼ੁਰੂ ’ਚ ਖ਼ੁਸ਼ਹਾਲ, ਵਿਕਸਤ, ਖ਼ੂਬਸੂਰਤ, ਸਮਰੱਥ ਰਾਸ਼ਟਰ ਵਜੋਂ ਹੰਢਾਇਆ, ਅੱਜ ਬਹੁਤ ਜ਼ਿਆਦਾ ਨਿਰਾਸ਼ਾ ਦਾ ਸ਼ਿਕਾਰ ਹੈ। ਉਸ ਨੂੰ ਆਪਣੇ ਦੇਸ਼ ਦੀ ਮਜ਼ਬੂਤ ਆਰਥਿਕਤਾ, ਕਾਰੋਬਾਰ, ਖੁੱਲ੍ਹੇ ਤਾਕਤਵਰ ਬਾਜ਼ਾਰ, ਦੂਰਅੰਦੇਸ਼ ਸਿਆਸੀ ਲੀਡਰਸ਼ਿਪ, ਵਧੀਆ ਜਨਤਕ ਸੇਵਾਵਾਂ, ਸਮਾਜਿਕ ਇਕਜੁੱਟਤਾ ਅਤੇ ਖੇੜਿਆਂ ’ਤੇ ਮਾਣ ਸੀ। ਘੱਟ ਆਮਦਨ, ਬੇਰੁਜ਼ਗਾਰੀ, ਮਕਾਨ ਦੀ ਛੱਤ ਤੋਂ ਮਹਿਰੂਮ, ਵਧੀਆ ਸੇਵਾਵਾਂ ਦੀ ਘਾਟ, ਨਿਕੰਮੀ ਅਤੇ ਕੰਮ ਚਲਾਊ ਲੀਡਰਸ਼ਿਪ, ਉਤਪਾਦਨ ਅਤੇ ਨਿਵੇਸ਼ ਦੀ ਘਾਟ, ਹੁਨਰਮੰਦ ਸੇਵਾਵਾਂ ’ਚ ਕਮੀ, ਆਲਮੀ ਭਾਈਚਾਰੇ ’ਚ ਕੈਨੇਡੀਅਨ ਆਰਥਿਕਤਾ ਦੀ ਡਿੱਗਦੀ ਸਾਖ਼, ਮਿਆਰੀ ਸਿੱਖਿਆ, ਸਿਹਤ, ਸੜਕ, ਹਵਾਈ ਸੇਵਾਵਾਂ ’ਚ ਨਿਘਾਰ ਜਿਹੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਇਨ੍ਹਾਂ ਦੀ ਸ਼ੁਰੂਆਤ ਕੋਵਿਡ-19 ਮਹਾਮਾਰੀ ਤੋਂ ਬਾਅਦ ਹੋ ਚੁੱਕੀ ਹੈ, ਜੋ ਦੂਰਅੰਦੇਸ਼ ਸਿਆਸੀ, ਸਮਾਜਿਕ ਅਤੇ ਆਰਥਿਕ ਲੀਡਰਸ਼ਿਪ ਦੀ ਘਾਟ ਕਰਕੇ ਲਗਾਤਾਰ ਤੇਜ਼ੀ ਫੜ ਰਹੀ ਹੈ।

1867 ’ਚ ਹੋਂਦ ’ਚ ਆਇਆ ਕੈਨੇਡਾ ਆਪਣੀ 100ਵੀਂ ਵਰ੍ਹੇਗੰਢ ਤੇ ਵਿਸ਼ਵ ਦੀ ਨੌਂਵੀ ਵੱਡੀ ਆਰਥਿਕਤਾ ਵਜੋਂ 1967 ’ਚ ਉੱਭਰ ਕੇ ਸਾਹਮਣੇ ਆਇਆ। ਇਸ ਦੀ ਨੰਬਰ ਇਕ ਸਿੱਖਿਆ, ਸਿਹਤ, ਆਵਾਜਾਈ, ਰੁਜ਼ਗਾਰ, ਘੱਟੋ-ਘੱਟ ਪ੍ਰਤੀ ਦਿਨ ਉਜਰਤ, ਬਿਹਤਰੀਨ ਮੁੱਢਲਾ ਢਾਂਚਾ, ਪੁਲਿਸ ਸੇਵਾਵਾਂ, ਇਮਾਨਦਾਰ ਅਤੇ ਵਚਨਬੱਧ ਪ੍ਰਸਾਸ਼ਨਿਕ ਯੋਗਤਾ ਦੀ ਆਲਮੀ ਪੱਧਰ ’ਤੇ ਤੂਤੀ ਬੋਲਣ ਲੱਗੀ। ਪਰਵਾਸੀਆਂ ਲਈ ਕੈਨੇਡਾ ਵੱਡੀ ਖਿੱਚ ਦਾ ਕਾਰਨ ਬਣਨ ਲੱਗਿਆ ਪਰ ਦੇਸ਼ ਅੰਦਰ ਦੂਰਅੰਦੇਸ਼ੀ, ਵਚਨਬੱਧਤਾ ਤੇ ਹੁਨਰਮੰਦੀ ਰਹਿਤ ਸਿਆਸੀ ਲੀਡਰਸ਼ਿਪ ਦੀ ਨੀਰਸ ਅਤੇ ਨਿਕੰਮੀ ਅਗਵਾਈ ਕਰਕੇ 2017 ’ਚ ਜਦੋਂ ਕੈਨੇਡਾ ਨੇ ਆਪਣੀ 150 ਵੀਂ ਵਰ੍ਹੇਗੰਢ ਮਨਾਈ ਤਾਂ ਇਸ ਦੀ ਆਰਥਿਕਤਾ ਤਰੱਕੀ ਕਰਨ ਦੀ ਬਜਾਏ ਪਤਨ ਦਾ ਸ਼ਿਕਾਰ ਹੁੰਦੀ ਹੋਈ ਦੁਨੀਆ ’ਚ 16ਵੇਂ ਸਥਾਨ ’ਤੇ ਜਾ ਡਿੱਗੀ। ਆਰਥਿਕ ਤੇ ਵਿੱਤੀ ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਜੇ ਕੈਨੇਡਾ ਦੀ ਲੀਡਰਸ਼ਿਪ, ਆਰਥਿਕ, ਸਮਾਜਿਕ, ਕਾਰੋਬਾਰੀ, ਪੈਦਾਵਾਰੀ ਨੀਤੀਆਂ ਦਾ ਇਹੋ ਹਾਲ ਰਿਹਾ ਤਾਂ ਆਪਣੀ 200ਵੀਂ ਵਰ੍ਹੇਗੰਢ ਯਾਨੀ 2067 ਨੂੰ ਇਹ ਦੇਸ਼ 25ਵੇਂ ਸਥਾਨ ’ਤੇ ਜਾ ਡਿੱਗੇਗਾ ਤੇ ਇਸ ਦਾ ਸ਼ੁਮਾਰ ਮਲੇਸ਼ੀਆ, ਦੱਖਣੀ ਕੋਰੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ’ਚ ਹੋ ਜਾਵੇਗਾ।
ਸ਼ਰਮਨਾਕ ਗੱਲ ਤਾਂ ਇਸ ਦੇਸ਼ ਤੇ ਇਸ ਦੀ ਅਜੋਕੀ ਘੱਟ ਗਿਣਤੀ ਕੰਮ ਚਲਾਊ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਸਰਕਾਰ ਲਈ ਇਹ ਹੈ ਕਿ 2022 ਦੇ ਰਿਸਰਚ ਪੋਲ ਅਨੁਸਾਰ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਨਾਗਰਿਕ ਆਪਣੇ ਆਪ ਨੂੰ ਕੈਨੇਡਾ ਦੇ ਨਾਗਰਿਕਾਂ ਨਾਲੋਂ ਵਧੀਆ ਹਾਲਤ ’ਚ ਸਮਝਦੇ ਹਨ। ਸਪੱਸ਼ਟ ਹੈ ਕਿ ਜੋ ਲੋਕ ਅਤੇ ਨੌਜਵਾਨ ਵਿਦੇਸ਼ਾਂ ’ਚੋਂ ਕੈਨੇਡਾ ਵਿਖੇ ਆਉਣ ਲਈ ਕਤਾਰਾਂ ’ਚ ਲੱਗੇ ਉਡੀਕ ਕਰ ਰਹੇ ਹਨ, ਉਹ ਇਸ ਨਾਲੋਂ ਬਿਹਤਰ ਭਵਿੱਖ ਲਈ ਮਲੇਸ਼ੀਆ, ਥਾਈਲੈਂਡ, ਦੱਖਣੀ ਕੋਰੀਆ, ਵੀਅਤਨਾਮ ਜਿਹੇ ਤੇਜ਼ੀ ਨਾਲ ਵਿਕਾਸ, ਵਧੀਆ ਜਨਤਕ ਸੇਵਾਵਾਂ ਅਤੇ ਰੁਜ਼ਗਾਰ ’ਚ ਮੱਲਾਂ ਮਾਰ ਰਹੇ ਦੇਸ਼ਾਂ ਵੱਲ ਵਹੀਰਾਂ ਘੱਤਣ। ਹਕੀਕਤ ਇਹ ਵੀ ਹੈ ਕਿ ਅੱਜ ਪਰਵਾਸੀ ਵਿਦਿਆਰਥੀਆਂ ਤੋਂ ਹੋਣ ਵਾਲੀ 22 ਬਿਲੀਅਨ ਸਾਲਾਨਾ ਆਮਦਨ ਰੁਕ ਜਾਵੇ ਤਾਂ ਸਵੇਰੇ ਕੈਨੇਡੀਅਨ ਆਰਥਿਕਤਾ ਧੜੰਮ ਥੱਲੇ ਡਿੱਗ ਪਵੇਗੀ।
ਦਰਅਸਲ ਕਿਸੇ ਵੀ ਦੇਸ਼ ਅੰਦਰ ਜਦੋਂ ਲੋਕ ਸਥਿਰ ਸਰਕਾਰਾਂ ਹੰਢੇ-ਵਰਤੇ ਦੂਰਅੰਦੇਸ਼ ਸਿਧਾਂਤਵਾਦੀ ਰਾਜਨੀਤੀਵਾਨਾਂ ਦੀ ਅਗਵਾਈ ’ਚ ਨਹੀਂ ਚੁਣਦੇ ਤਾਂ ਨਤੀਜੇ ਨਿਸ਼ਚਿਤ ਤੌਰ ’ਤੇ ਨਿਰਾਸ਼ਾਵਾਦੀ ਅਤੇ ਅਸੁਰੱਖਿਆ ਭਰੇ ਨਿਕਲਦੇ ਹਨ। ਜਦੋਂ ਲੋਕਤੰਤਰ ਅੰਦਰ ਲੋਕ ਆਪਣੀਆਂ ਸਥਾਨਕ, ਸੂਬਾਈ ਜਾਂ ਫੈਡਰਲ ਸਰਕਾਰਾਂ ਚੁਣਨ ਲਈ ਵੱਡੇ ਉਤਸ਼ਾਹ ਨਾਲ ਵੱਡੀ ਗਿਣਤੀ ’ਚ ਭਾਗ ਨਹੀਂ ਲੈਂਦੇ ਤਾਂ ਘੱਟ ਗਿਣਤੀ ਵੱਲੋਂ ਚੁਣੀਆਂ ਮਾਅਰਕੇਬਾਜ਼, ਮੌਕਾਪ੍ਰਸਤ, ਕੰਮ ਚਲਾਊ, ਘੱਟ ਗਿਣਤੀ ਜਾਂ ਬਾਹਰੀ ਬੈਸਾਖੀਆਂ ਦੇ ਸਹਾਰੇ ਚੱਲਣ ਵਾਲੀਆਂ ਸਰਕਾਰਾਂ ਤੋਂ ਕੀ ਭਾਲਦੇ ਹਨ?

ਕੈਨੇਡਾ ਦੀ ਰਾਜਨੀਤੀ ਦਾ ਦੁਖਾਂਤ ਜੋ ਇਸ ਦੇ ਆਰਥਿਕ ਪਤਨ ਲਈ ਜ਼ਿੰਮੇਵਾਰ ਹੈ, ਉਹ ਇਹ ਹੈ ਕਿ 2015 ’ਚ 338 ਹਾਊਸ ਆਫ ਕਾਮਨਜ਼ ਦੀਆਂ ਕੁੱਲ ਸੀਟਾਂ ’ਚੋਂ 184 ਤੇ 39.47 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ। ਸਾਲ 2019 ’ਚ 33.1 ਫ਼ੀਸਦੀ ਵੋਟਾਂ ਪ੍ਰਾਪਤ ਕਰ ਕੇ 157 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਸੰਨ 2021 ’ਚ ਭਾਵੇਂ ਬਹੁਮਤ ਖ਼ਾਤਰ ਮੱਧਕਾਲੀ ਚੋਣਾਂ ਕਰਵਾਈਆਂ ਪਰ 32.6 ਫ਼ੀਸਦੀ ਵੋਟਾਂ ਸਹਾਰੇ 160 ਸੀਟਾਂ ਪ੍ਰਾਪਤ ਕੀਤੀਆਂ। ਜਸਟਿਨ ਟਰੂਡੋ ਦੀ ਘੱਟ ਗਿਣਤੀ 2019 ਤੇ 2021 ਦੀਆਂ ਸਰਕਾਰਾਂ ਐੱਨਡੀਪੀ ਦੀ ਬਾਹਰੀ ਹਮਾਇਤ ਦੀਆਂ ਬੈਸਾਖੀਆਂ ’ਤੇ ਨਿਰਭਰ ਰਹੀਆਂ ਹਨ। ਅਜਿਹੀ ਘੱਟ ਗਿਣਤੀ ਸਰਕਾਰ ਜੋ ਬਾਹਰੀ ਬੈਸਾਖੀਆਂ ’ਤੇ ਚੱਲਦੀ ਹੋਵੇ, ਉਸ ਤੋਂ ਕੈਨੇਡਿਆਈ ਕੌਮ ਕਿਵੇਂ ਵਧੀਆ ਸਰਕਾਰ ਭਾਲਦੀ ਹੈ? ਨਤੀਜਾ ਸਭ ਦੇ ਸਾਹਮਣੇ ਹੈ।

2012 ’ਚ ਸਿਰਫ਼ ਕੈਨੇਡਾ ਦੇ 37 ਫ਼ੀਸਦੀ ਲੋਕ ਨਾਨੋਜ ਸਰਵੇ ਅਨੁਸਾਰ ਇਹ ਮਤ ਰੱਖਦੇ ਸਨ ਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਦਾ ਭਵਿੱਖ, ਰਹਿਣ-ਸਹਿਣ ਦਾ ਮਿਆਰ, ਜਨਤਕ ਸੇਵਾਵਾਂ ਦੀ ਉਪਲਬਧਤਾ ਮੌਜੂਦਾ ਪੱਧਰ ਤੋਂ ਨੀਵੇਂ ਪੱਧਰ ’ਤੇ ਡਿੱਗ ਜਾਵੇਗੀ। ਸਾਲ 2022 ’ਚ ਪਿਊ ਰਿਸਰਚ ਵੱਲੋਂ ਕਰਵਾਏ ਸਰਵੇ ਅਨੁਸਾਰ 75 ਫ਼ੀਸਦੀ ਕੈਨੇਡੀਅਨ ਲੋਕਾਂ ਦਾ ਇਹ ਮੱਤ ਸੀ ਕਿ ਭਵਿੱਖੀ ਪੀੜ੍ਹੀ ਦਾ ਜੀਵਨ ਮਿਆਰ, ਸੇਵਾਵਾਂ ਦਾ ਪੱਧਰ, ਪ੍ਰਸਾਸ਼ਨਿਕ ਵਿਵਸਥਾ ਸ਼ਰਮਨਾਕ ਢੰਗ ਨਾਲ ਡਿੱਗ ਜਾਣਗੇ।

ਕੈਨੇਡਾ ਦੀਆਂ ਸਥਾਨਕ, ਸੂਬਾਈ ਤੇ ਫੈਡਰਲ ਸਰਕਾਰਾਂ ਭਾਰੀ ਟੈਕਸਾਂ ਰਾਹੀਂ ਆਮ ਤੇ ਮੱਧ ਵਰਗ ਦੇ ਪਰਿਵਾਰਾਂ ਦੀ ਰੱਤ ਨਿਚੋੜ ਰਹੀਆਂ ਹਨ ਜਦਕਿ ਅਤਿ ਨਾਕਸ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਬੇਰੁਜ਼ਗਾਰੀ, ਘੱਟ ਉਜਰਤਾਂ, ਨਿੱਤ ਦਿਨ ਵਧਦੀ ਮਹਿੰਗਾਈ, ਘਰਾਂ ਦੀਆਂ ਕੀਮਤਾਂ ਆਸਮਾਨੀਂ ਚੜ੍ਹਨ, ਵੱਡੇ ਪੱਧਰ ’ਤੇ ਲੋਕਾਂ ਨੂੰ ਹੱਡ-ਚੀਰਵੀਂ ਸਰਦੀ ’ਚ ਅਸਥਾਈ ਤੰਬੂਆਂ ਜਾਂ ਜਨਤਕ ਥਾਵਾਂ ’ਤੇ ਰਹਿਣ ਲਈ ਮਜਬੂਰ ਹੋਣ ਕਰਕੇ ਇਸ

ਦੇਸ਼ ਦੇ ਪ੍ਰਸਾਸ਼ਨ ਅਤੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਫੈਡਰਲ ਸਰਕਾਰ ਅਤੇ ਵੱਖ-ਵੱਖ ਪਾਰਟੀਆਂ ਜਾਂ ਗਠਜੋੜਾਂ ਆਧਾਰਤ ਸੂਬਾਈ ਸਰਕਾਰਾਂ ਅਤੇ ਸਥਾਨਕ ਸਰਕਾਰਾਂ ਦਾ ਦੀਵਾਲਾ ਨਿਕਲਿਆ ਪਿਆ ਹੈ। ਮਿਸਾਲ ਵਜੋਂ ਮੇਰਾ ਪਰਿਵਾਰ ਮਾਰਚ, 2023 ’ਚ ਕੈਂਬਲਫੋਰਡ ਤੋਂ ਕਿੰਗਸਟਨ ਸ਼ਿਫਟ ਹੋਇਆ। ਅਜੇ ਤੱਕ ਕੋਈ ਡਾਕਟਰ ਅਲਾਟ ਨਹੀਂ ਕੀਤਾ। ਅਠਾਰਾਂ ਮਈ ਨੂੰ ਮੈਂ ਅਚਾਨਕ ਬਿਮਾਰ ਹੋ ਗਿਆ। ਸ਼ਾਮ 7 ਵਜੇ ਦੇ ਕਰੀਬ ਕਿੰਗਸਟਨ ਜਨਰਲ ਹਸਪਤਾਲ ਲਿਜਾਇਆ ਗਿਆ। ਸ਼ਾਮ 7 ਵਜੇ ਤੋਂ ਰਾਤ 1 ਵਜੇ ਤੱਕ ਸਿਰਫ਼ ਖ਼ੂਨ ਟੈਸਟ ਲਈ ਲਿਆ। ਕਿਸੇ ਡਾਕਟਰ ਨੇ ਬਾਤ ਨਹੀਂ ਪੁੱਛੀ, ਬਸ ਕੁਰਸੀ ’ਤੇ ਬਿਠਾਈ ਰੱਖਿਆ। ਬਾਅਦ ’ਚ ਐਮਰਜੈਂਸੀ ਬੈੱਡ ਤੇ ਲਿਜਾਇਆ ਗਿਆ। ਕੀ ਪੰਜਾਬ ਜਾਂ ਭਾਰਤ ’ਚ ਇੰਝ ਹੁੰਦਾ? ਦੁਨੀਆ ਅੰਦਰ ਸਭ ਤੋਂ ਨਿਕੰਮੀਆਂ ਸਿਹਤ ਸੇਵਾਵਾਂ ਹਨ ਕੈਨੇਡਾ ’ਚ। ਲੱਖਾਂ ਲੋਕ ਸਾਲਾਂਬੱਧੀ ਸਹੀ ਇਲਾਜ ਤੇ ਸਰਜਰੀਆਂ ਨੂੰ ਤਰਸ ਰਹੇ ਹਨ। ਟੈਕਸ ਠੋਕ ਰਹੇ ਹੋ ਤਾਂ ਸੇਵਾਵਾਂ ਕਿਸ ਨੇ ਦੇਣੀਆਂ ਹਨ?

ਦੇਸ਼ ਟੁੱਟ ਰਿਹਾ ਹੈ। ਫਰੇਜ਼ਰ ਸੰਸਥਾ ਪੋਲ ਅਨੁਸਾਰ 74 ਫ਼ੀਸਦੀ ਕੈਨੇਡੀਅਨ ਸਮਝਦੇ ਹਨ ਕਿ ਔਸਤਨ ਪਰਿਵਾਰ ਵੱਧ ਟੈਕਸ ਦਾ ਸ਼ਿਕਾਰ ਹਨ। ਸਥਾਨਕ, ਸੂਬਾਈ ਤੇ ਫੈਡਰਲ ਸਰਕਾਰਾਂ ਟੈਕਸਾਂ ਰਾਹੀਂ ਪਰਿਵਾਰਾਂ ਦਾ ਕਚੂਮਰ ਕੱਢ ਰਹੀਆਂ ਹਨ। ਮਨੀਟੋਬਾ ਤੇ ਸਸਕੈਚਵਨ ਦੇ 79 ਫ਼ੀਸਦੀ, ਅਟਲਾਂਟਿਕ ਸੂਬਿਆਂ ਦੇ 77 ਫ਼ੀਸਦੀ, ਕਿਊਬੈੱਕ ਦੇ 74 ਫ਼ੀਸਦੀ, ਓਂਟਾਰੀਓ ਤੇ ਬਿ੍ਰਟਿਸ਼ ਕੋਲੰਬੀਆਂ ਦੇ 73, ਅਲਬਰਟਾ ਦੇ 71 ਫ਼ੀਸਦੀ ਲੋਕ ਆਪਣੇ ਆਪ ਨੂੰ ਵਾਧੂ ਟੈਕਸਾਂ ਦਾ ਸ਼ਿਕਾਰ ਹੋਏ ਸਮਝਦੇ ਹਨ ਪਰ ਬਦਲੇ ’ਚ ਸੇਵਾਵਾਂ ਅਤਿ ਨਾਕਸ ਪ੍ਰਾਪਤ ਹੁੰਦੀਆਂ ਹਨ। ਸੰਨ 2022 ’ਚ ਔਸਤ ਪਰਿਵਾਰ ਫੈਡਰਲ, ਸੂਬਾਈ, ਸਥਾਨਕ ਸਰਕਾਰਾਂ ਨੂੰ 45.2 ਫ਼ੀਸਦੀ ਟੈਕਸ ਦੇ ਰਿਹਾ ਹੈ। ਇਵਜ਼ ’ਚ ਸੇਵਾਵਾਂ ਰੱਦੀ। ਸੰਨ 1981 ’ਚ 40.8 ਫ਼ੀਸਦੀ ਟੈਕਸ ਸੀ ਪਰ ਸੇਵਾਵਾਂ ਬਹੁਤ ਹੀ ਉਮਦਾ ਸਨ।

ਇਸ ਸਦੀ ਦੇ ਅੰਤ ਤੱਕ ਕੈਨੇਡਾ ਨੂੰ ਮਜ਼ਬੂਤ ਮਾਰਕੀਟ ਅਤੇ ਆਰਥਿਕਤਾ ਲਈ ਮੌਜੂਦਾ 39.5 ਮਿਲੀਅਨ ਆਬਾਦੀ ਤੋਂ 100 ਮਿਲੀਅਨ ਲੁੜੀਂਦੀ ਹੈ। ਵਧੀਆ ਹੁਨਰਮੰਦ, ਉੱਤਮ ਤਕਨੀਕ ਨਾਲ ਲੈਸ ਕਾਮੇ ਅਤੇ ਆਲਮੀ ਪੱਧਰੀ ਸਰਵੋਤਮ ਤਕਨੀਕੀ, ਕਾਰੋਬਾਰੀ, ਵਿਗਿਆਨੀ, ਖੋਜੀ ਆਗੂ ਚਾਹੀਦੇ ਹਨ। ਸੰਨ 2030 ਤੱਕ 5.8 ਮਿਲੀਅਨ ਘਰ ਚਾਹੀਦੇ ਹਨ। ਢਾਈ ਲੱਖ ਡਾਲਰ ਦਾ ਘਰ ਅੱਜ 15 ਤੋਂ 20 ਲੱਖ ਡਾਲਰ ਦਾ ਕਿਉਂ? ਕੀ 40 ਸਾਲ ਲੋਕ ਮਾਰਗੇਜ ਉਤਾਰਦੇ ਮਰ ਜਾਣਗੇ ਭਾਵ ਦੋ ਪੀੜ੍ਹੀਆਂ। ਜ਼ਰਾ ਹੋਸ਼ ਕਰਨ ਕੈਨੇਡੀਅਨ ਫੈਡਰਲ, ਸੂਬਾਈ ਅਤੇ ਸਥਾਨਕ ਸਰਕਾਰਾਂ। ਖੋਜਾਂ ਦਰਸਾ ਰਹੀਆਂ ਹਨ ਕਿ ਕਿਉਂ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ, ਘੱਟ ਉਜਰਤਾਂ, ਸ਼ੋਸ਼ਣ ਕਰਕੇ ਮਾਨਸਿਕ ਤੌਰ ’ਤੇ ਬਿਮਾਰ ਹੋ ਰਹੀ ਹੈ।

ਕੁਝ ਵੀ ਹੋਵੇ, ਨਿੱਜੀ ਅਤੇ ਸਮਾਜਿਕ ਲਾਭਾਂ ਅਤੇ ਵਧੀਆ ਸੇਵਾਵਾਂ ਲਈ ਕੈਨੇਡਾ ਨੂੰ ਵਧੀਆ ਰਾਜਨੀਤਕ ਤੇ ਆਰਥਿਕ ਲੀਡਰਸ਼ਿਪ ਨੂੰ ਲੰਬੀ ਮਿਆਦ ਵਾਲੀਆਂ ਲਾਹੇਵੰਦ ਅਤੇ ਵਧੀਆ ਨੀਤੀਆਂ ਦਾ ਨਿਰਮਾਣ ਅਤੇ ਅਮਲ ਜ਼ਰੂਰੀ ਹੈ। ਮਹਾਨ, ਗਤੀਸ਼ੀਲ, ਸਰਵੋਤਮ ਕੈਨੇਡਾ ਦੀ ਉਸਾਰੀ ਲਈ ਗਤੀਸ਼ੀਲ, ਦਲੇਰਾਨਾ, ਧੜੱਲੇਦਾਰ ਨੀਤੀਆਂ ਘੜ ਕੇ ਤੁਰੰਤ ਅਮਲ ਦੀ ਲੋੜ ਹੈ।