ਵੰਡ ਵੇਲੇ ਅੰਗਰੇਜ਼ ਸਿੱਖਾਂ ਨੂੰ ਕੋਈ ਰਿਆਇਤ ਦੇਣ ਲਈ ਰਾਜ਼ੀ ਨਹੀਂ ਸਨ-ਤਰਲੋਚਨ ਸਿੰਘ

ਵੰਡ ਵੇਲੇ ਅੰਗਰੇਜ਼ ਸਿੱਖਾਂ ਨੂੰ ਕੋਈ ਰਿਆਇਤ ਦੇਣ ਲਈ ਰਾਜ਼ੀ ਨਹੀਂ ਸਨ-ਤਰਲੋਚਨ ਸਿੰਘ

ਅੰਮਿ੍ਤਸਰ -ਦੇਸ਼ ਦੀ ਵੰਡ ਵੇਲੇ ਅੰਗਰੇਜ਼ ਸਰਕਾਰ ਸਿੱਖਾਂ ਨੂੰ ਕੋਈ ਰਿਆਇਤ ਦੇਣ ਲਈ ਰਾਜ਼ੀ ਨਹੀਂ ਸੀ | ਇਹ ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਸੰਸਦ ਮੈਂਬਰ ਸ: ਤਰਲੋਚਨ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਵਿਦਵਾਨ, ਲੇਖਕ ਸੰਨ 1947 ‘ਚ ਮਾਸਟਰ ਤਾਰਾ ਸਿੰਘ ਅਤੇ ਤਤਕਾਲੀ ਸਿੱਖ ਲੀਡਰਸ਼ਿਪ ਦੀ ਦੇਸ਼ ‘ਚ ਵੱਖਰਾ ਸਿੱਖ ਇਲਾਕਾ ਪ੍ਰਾਪਤ ਕਰਨ ‘ਚ ਅਸਫਲ ਰਹਿਣ ਲਈ ਨਿੰਦਾ ਕਰਦੇ ਰਹੇ ਹਨ | ਜਦਕਿ ਉਹ ਅਜਿਹੇ ਦੋਸ਼ ਲਗਾਉਣ ਵਾਲੇ ਕਈ ਵਿਦਵਾਨਾਂ ਨੂੰ ਇਨ੍ਹਾਂ ਦੋਸ਼ਾਂ ਨੂੰ ਜਾਇਜ਼ ਠਹਿਰਾਉਣ ਲਈ ਰਿਕਾਰਡ ‘ਚੋਂ ਕੋਈ ਵੀ ਦਸਤਾਵੇਜ਼ ਪੇਸ਼ ਕਰਨ ਲਈ ਚੁਨੌਤੀ ਦਿੰਦੇ ਰਹੇ ਹਨ | ਉਨ੍ਹਾਂ ਦੇਸ਼ ਦੇ ਅੰਗਰੇਜ਼ੀ ਅਖ਼ਬਾਰ ‘ਚ ਸਵੀਡਨ ‘ਚ ਰਹਿ ਰਹੇ ਪ੍ਰਸਿੱਧ ਪਾਕਿਸਤਾਨੀ ਇਤਿਹਾਸਕਾਰ ਪ੍ਰੋ. ਇਸ਼ਤਾਕ ਅਹਿਮਦ ਦੇ ਇਕ ਲੈਕਚਰ ਬਾਰੇ ਛਪੀ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰੋ. ਅਹਿਮਦ ਨੇ ਆਜ਼ਾਦੀ ਅਤੇ ਵੰਡ ‘ਤੇ ਦੋ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ‘ਚ ਉਨ੍ਹਾਂ ਵਲੋਂ ਮਾਰਚ 1947 ‘ਚ ਸਿੱਖਾਂ ‘ਤੇ ਹੋਏ ਹਮਲਿਆਂ ਲਈ ਮੁਹੰਮਦ ਅਲੀ ਜਿਨਾਹ ਅਤੇ ਮੁਸਲਿਮ ਲੀਗ ਨੂੰ ਦੋਸ਼ੀ ਠਹਿਰਾਇਆ ਗਿਆ ਹੈ | ਉਨ੍ਹਾਂ ਸਪਸ਼ਟ ਤੌਰ ‘ਤੇ ਇਹ ਵੀ ਲਿਖਿਆ ਹੈ ਕਿ ਜਿਨਾਹ ਅਤੇ ਮੁਸਲਿਮ ਲੀਗ ਦੀਆਂ ਸਿੱਖਾਂ ਵਿਰੋਧੀ ਕਾਰਵਾਈਆਂ ਕਾਰਨ ਹੀ ਤਤਕਾਲੀ ਸਿੱਖ ਲੀਡਰਸ਼ਿਪ ਨੇ ਵੱਖਰੇ ਖੇਤਰ ਦੀ ਬਜਾਇ ਭਾਰਤ ਨਾਲ ਜਾਣ ਦਾ ਫ਼ੈਸਲਾ ਲਿਆ ਸੀ | ਪ੍ਰੋ. ਅਹਿਮਦ ਨੇ ਇਹ ਵੀ ਲਿਖਿਆ ਹੈ ਕਿ ਸਿੱਖ ਲੀਡਰਸ਼ਿਪ ਦੇ ਫ਼ੈਸਲਿਆਂ ਕਾਰਨ ਹੀ ਪਾਕਿ ਨੂੰ ਚੜ੍ਹਦਾ ਪੰਜਾਬ ਨਹੀਂ ਮਿਲ ਸਕਿਆ |