ਨਵੇਂ ਭਾਰਤ ਲਈ ਚੁਣੌਤੀਆਂ ਨੂੰ ਮੌਕਿਆਂ ‘ਚ ਬਦਲਦੇ ਰਹਾਂਗੇ-ਮੋਦੀ

ਨਵੇਂ ਭਾਰਤ ਲਈ ਚੁਣੌਤੀਆਂ ਨੂੰ ਮੌਕਿਆਂ ‘ਚ ਬਦਲਦੇ ਰਹਾਂਗੇ-ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਰਾਸ਼ਟਰੀ ਸਿਖਲਾਈ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਨਵੇਂ ਭਾਰਤ ਲਈ ਚੁਣੌਤੀਆਂ ਨੂੰ ਮੌਕਿਆਂ ‘ਚ ਬਦਲਦੇ ਰਹਾਂਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਵਿੱਖ ਮੁਖੀ ਸਿਵਲ ਸੇਵਾ ਲਈ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਪਹਿਲੇ ਰਾਸ਼ਟਰੀ ਸਿਖਲਾਈ ਸੰਮੇਲਨ ਦਾ ਉਦਘਾਟਨ ਕੀਤਾ, ਜਿਸ ਦਾ ਉਦੇਸ਼ ਸਿਵਲ ਸੇਵਾਵਾਂ ‘ਚ ਸਮਰੱਥਾ ਨਿਰਮਾਣ ਨੂੰ ਵਧਾਉਣਾ ਹੈ | ਸਿਵਲ ਸੇਵਾ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਪ੍ਰੋਗਰਾਮ ਮਿਸ਼ਨ ਕਰਮਯੋਗੀ ਤਹਿਤ ਕਰਵਾਏ ਗਏ ਇਸ ਸੰਮੇਲਨ ਤੋਂ ਇਲਾਵਾ ਮੋਦੀ ਨੇ ਅੰਤਰਰਾਸ਼ਟਰੀ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ ਦਾ ਵੀ ਉਦਘਾਟਨ ਕੀਤਾ | ਰਾਸ਼ਟਰੀ ਪੱਧਰ ‘ਤੇ ਹੋਏ ਇਸ ਪਹਿਲੇ ਸੰਮੇਲਨ ‘ਚ ਕੇਂਦਰੀ ਸਿਖਲਾਈ ਸੰਸਥਾਵਾਂ, ਸੂਬਾਈ ਪ੍ਰਸ਼ਾਸਨਿਕ ਸਿਖਲਾਈ ਸੰਸਥਾਵਾਂ, ਖੇਤਰੀ ਸਿਖਲਾਈ ਸੰਸਥਾਵਾਂ ਸਮੇਤ ਹੋਰ ਸੰਸਥਾਵਾਂ ਦੇ 1500 ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ | ਇਸ ਸੰਮੇਲਨ ‘ਚ ਕੁੱਲ ਅੱਠ ਪੈਨਲ ਚਰਚਾਵਾਂ ਵੀ ਹੋਈਆਂ, ਜਿਸ ‘ਚ ਪ੍ਰਸ਼ਾਸਨਿਕ ਸੇਵਾ ਸਿਖਲਾਈ ਸੰਸਥਾਵਾਂ ਨਾਲ ਸੰਬੰਧਿਤ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ |
ਸਮਾਗਮ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਕਿਹਾ ਕਿ ਅੱਜ ਰਾਸ਼ਟਰੀ ਸਿਖਲਾਈ ਸੰਮੇਲਨ ‘ਚ ਹਿੱਸਾ ਲਿਆ, ਜੋ ਬਿਹਤਰ ਸਿੱਖਣ ਤੇ ਸੇਵਾ ਕਰਨ ਦੇ ਸਾਡੇ ਯਤਨਾਂ ਦਾ ਇੱਕ ਹਿੱਸਾ ਹੈ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਅਸੀਂ ਨਵੇਂ ਭਾਰਤ ਲਈ ਚੁਣੌਤੀਆਂ ਨੂੰ ਮੌਕਿਆਂ ‘ਚ ਬਦਲਦੇ ਰਹਾਂਗੇ | ਇਕ ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਵਲ ਸੇਵਾ ਦੀ ਸਮਰੱਥਾ ਨਿਰਮਾਣ ਰਾਹੀਂ ਦੇਸ਼ ‘ਚ ਸ਼ਾਸਨ ਪ੍ਰਕਿਰਿਆ ‘ਚ ਸੁਧਾਰ ਤੇ ਨੀਤੀ ਲਾਗੂ ਕਰਨ ਦੇ ਸਮਰਥਕ ਰਹੇ ਹਨ | ਸਮਾਗਮ ਦੀ ਮੇਜ਼ਬਾਨੀ ਸਮਰੱਥਾ ਨਿਰਮਾਣ ਕਮਿਸ਼ਨ ਦੁਆਰਾ ਸਿਵਲ ਸੇਵਾਵਾਂ ਸਿਖਲਾਈ ਸੰਸਥਾਵਾਂ ਵਿਚਕਾਰ ਸਹਿਯੋਗ ਨੂੰ ਵਧਾਉਣ ਤੇ ਦੇਸ਼ ਭਰ ਦੇ ਸਿਵਲ ਕਰਮਚਾਰੀਆਂ ਲਈ ਸਿਖਲਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ |