ਸੱਤਾ ’ਚ ਆਉਂਦਿਆਂ ਹੀ ਬਦਲ ਜਾਂਦੇ ਨੇ ਸਿਆਸੀ ਆਗੂ: ਵਿਨੇਸ਼

ਸੱਤਾ ’ਚ ਆਉਂਦਿਆਂ ਹੀ ਬਦਲ ਜਾਂਦੇ ਨੇ ਸਿਆਸੀ ਆਗੂ: ਵਿਨੇਸ਼

ਪਟਿਆਲਾ – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ ਸਬੰਧਤ ਪਿਛਲੇ ਲੰਬੇ ਸਮੇਂ ਤੋਂ ਮੰਗਾਂ ਮਨਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗ਼ੈਰਰਾਜਨੀਤਕ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਰੰਭਿਆ ਮਰਨ ਵਰਤ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਮਰਨ ਵਰਤ ’ਤੇ ਬੈਠੇ ਪੰਜ ਕਿਸਾਨ ਆਗੂਆਂ ਨੂੰ ਸਰੀਰ ’ਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਅਤੇ ਪਾਵਰਕੌਮ ਨੇ ਹਾਲੇ ਤੱਕ ਇਨ੍ਹਾਂ ਦੀ ਸਾਰ ਨਹੀਂ ਲਈ।

ਉਧਰ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਖ਼ਿਲਾਫ਼ ਕਾਰਵਾਈ ਲਈ ਸੰਘਰਸ਼ ਕਰ ਰਹੀ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਅੱਜ ਹਰਿਆਣਾ ਦੇ ਕਿਸਾਨਾਂ ਸਮੇਤ ਪਹੁੰਚ ਕੇ ਧਰਨੇ ਨੂੰ ਹਮਾਇਤ ਦਿੱਤੀ। ਫੋਗਾਟ ਨੇ ਕਿਹਾ ਕਿ ਸਿਆਸੀ ਲੋਕ ਸੱਤਾ ਵਿਚ ਆਉਂਦਿਆਂ ਹੀ ‘ਬਦਲ’ ਜਾਂਦੇ ਹਨ ਅਤੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਜਾਂਦੇ ਹਨ। ਉਸ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਮੁੱਦਿਆਂ ਪ੍ਰਤੀ ਅਵੇਸਲਾਪਣ ਦਿਖਾ ਰਹੀਆਂ ਹਨ। ਉਸ ਨੇ ਇੱਥੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ ਲੰਮਾ ਸਮਾਂ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਬ੍ਰਿਜ ਭੂਸ਼ਣ ਮਾਮਲੇ ’ਚ ਕੇਂਦਰ ਸਰਕਾਰ ਤੋਂ ਇਨਸਾਫ਼ ਨਾ ਮਿਲਿਆ ਤਾਂ ਉਹ 15 ਜੂਨ ਤੋਂ ਬਾਅਦ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਿਸਾਨਾਂ ਅਤੇ ਪੂਰੇ ਦੇਸ਼ ਤੋਂ ਸਹਿਯੋਗ ਮੰਗਣਗੇ। ਵਿਨੇਸ਼ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਤਾ ਵਿੱਚ ਆਉਂਦਿਆਂ ਹੀ ਸਾਰੀਆਂ ਪਾਰਟੀਆਂ ਇਕਮੱਤ ਹੋ ਜਾਂਦੀਆਂ ਹਨ। ਕੋਈ ਵੀ ਪਾਰਟੀ ਦੀ ਸਰਕਾਰ ਕਿਸੇ ਦੂਜੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਵਿਰੋਧੀ ਕੰਮਾਂ ਦੇ ਖ਼ਿਲਾਫ਼ ਨਹੀਂ ਬੋਲਦੀ। ਵਿਨੇਸ਼ ਨੇ ਨੌਜਵਾਨਾਂ ਨੂੰ ਅੱਗੇ ਆ ਕੇ ਮੋਰਚਾ ਸੰਭਾਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਖਿਡਾਰੀਆਂ ਸਮੇਤ ਹਰ ਵਰਗ ਨੂੰ ਇਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ। ਉਸ ਨੇ ਕਿਹਾ ਕਿ ਜੇਕਰ ਪਹਿਲਵਾਨਾਂ ਦੀ ਇਹ ਲੜਾਈ ਲੰਮੀ ਚੱਲੀ ਤਾਂ ਉਹ ਏਸ਼ਿਆਈ ਖੇਡਾਂ ਵਿੱਚ ਵੀ ਹਿੱਸਾ ਨਹੀਂ ਲੈ ਸਕਣਗੇ।

ਪੰਜਵੀਂ ਵਾਰ ਮਰਨ ਵਰਤ ’ਤੇ ਬੈਠੇ ਹਨ ਜਗਜੀਤ ਸਿੰਘ ਡੱਲੇਵਾਲ

ਪਾਵਰਕੌਮ ਦਫ਼ਤਰ ਦੇ ਬਾਹਰ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇਹ ਪੰਜਵਾਂ ਮਰਨ ਵਰਤ ਹੈ। ਪਹਿਲੀ ਵਾਰ ਉਹ ਫ਼ਿਰੋਜ਼ਪੁਰ ਜੇਲ੍ਹ ਵਿੱਚ ਮਰਨ ਵਰਤ ’ਤੇ ਬੈਠੇ ਸਨ। ਉਸ ਤੋਂ ਬਾਅਦ 2018 ਵਿੱਚ ਉਹ ਸ਼ੁਤਰਾਣਾ ’ਚ 9 ਦਿਨ ਮਰਨ ਵਰਤ ’ਤੇ ਬੈਠੇ। ਇਸ ਮਗਰੋਂ ਉਹ 2019 ਵਿਚ ਚੰਡੀਗੜ੍ਹ ਦੇ ਸੈਕਟਰ-25 ’ਚ ਸੁਆਮੀਨਾਥਨ ਰਿਪੋਰਟ ਲਾਗੂ ਕਰਾਉਣ ਲਈ ਛੇ ਦਿਨਾਂ ਲਈ ਮਰਨ ਵਰਤ ’ਤੇ ਬੈਠੇ ਅਤੇ ਆਖ਼ਰੀ ਵਾਰ 2022 ’ਚ ਉਹ ਟਹਿਣਾ ’ਚ 7 ਦਿਨਾਂ ਲਈ ਮਰਨ ਵਰਤ ’ਤੇ ਬੈਠੇ ਸਨ।