ਸਮਝੌਤੇ ਲਈ ਪਹਿਲਵਾਨਾਂ ’ਤੇ ਦਬਾਅ ਪਾਇਆ ਜਾ ਰਿਹੈ: ਸਾਕਸ਼ੀ ਮਲਿਕ

ਸਮਝੌਤੇ ਲਈ ਪਹਿਲਵਾਨਾਂ ’ਤੇ ਦਬਾਅ ਪਾਇਆ ਜਾ ਰਿਹੈ: ਸਾਕਸ਼ੀ ਮਲਿਕ

ਸੋਨੀਪਤ ’ਚ ਮਹਾਪੰਚਾਇਤ ਵਿੱਚ ਪੁੱਜੇ ਪਹਿਲਵਾਨ; ਬ੍ਰਿਜ ਭੂਸ਼ਨ ਦੇ ਸਾਥੀਆਂ ’ਤੇ ਲਾਇਆ ਧਮਕੀਆਂ ਦੇਣ ਦਾ ਦੋਸ਼
ਸੋਨੀਪਤ- ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਅੱਜ ਦਾਅਵਾ ਕੀਤਾ ਕਿ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਕਾਰਵਾਈ ਲਈ ਪ੍ਰਦਰਸ਼ਨ ਕਰਨ ਵਾਲੇ ਪਹਿਲਵਾਨਾਂ ’ਤੇ ਸਮਝੌਤੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਇਸੇ ਦਬਾਅ ਕਾਰਨ ਨਾਬਾਲਗ ਮਹਿਲਾ ਪਹਿਲਵਾਨ ਨੇ ਆਪਣੇ ਬਿਆਨ ਬਦਲੇ ਹਨ। ਉਹ ਹਰਿਆਣਾ ਦੇ ਸੋਨੀਪਤ ’ਚ ਕੀਤੀ ਗਈ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਪਹੁੰਚੀ ਹੋਈ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਕਸ਼ੀ ਨੇ ਕਿਹਾ ਕਿ ਉਨ੍ਹਾਂ ’ਤੇ ਸਮਝੌਤੇ ਲਈ ਬਹੁਤ ਜ਼ਿਆਦਾ ਦਬਾਅ ਹੈ ਤੇ ਬ੍ਰਿਜ ਭੂਸ਼ਨ ਦੇ ਨੇੜਲੇ ਲੋਕ ਉਨ੍ਹਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਾਬਾਲਗ ਮਹਿਲਾ ਪਹਿਲਵਾਨ ਦਾ ਪਿਤਾ ਤਣਾਅ ਵਿੱਚ ਸੀ ਕਿਉਂਕਿ ਉਨ੍ਹਾਂ ’ਤੇ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਬਹੁਤ ਦਬਾਇਆ ਪਾਇਆ ਗਿਆ ਸੀ। ਸਾਕਸ਼ੀ ਮਲਿਕ ਨੇ ਪਹਿਲਵਾਨਾਂ ਵਿਚਾਲੇ ਕੋਈ ਵੀ ਮਤਭੇਦ ਹੋਣ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ, ‘ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਅਸੀਂ ਸਾਰੇ ਇੱਕ ਹਾਂ। ਮੈਂ, ਬਜਰੰਗ ਤੇ ਵਿਨੇਸ਼ ਸਾਰੇ ਇੱਕ ਹਾਂ।’ ਉਨ੍ਹਾਂ ਕਿਹਾ ਕਿ ਹੁਣ ਤੱਕ ਬ੍ਰਿਜ ਭੂਸ਼ਨ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਜਾਂਚ ਪ੍ਰਭਾਵਿਤ ਹੋ ਰਹੀ ਹੈ। ਇਸ ਮੌਕੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ 15 ਜੂਨ ਤੱਕ ਬ੍ਰਿਜ ਭੂਸ਼ਨ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ 16 ਤੇ 17 ਜੂਨ ਨੂੰ ਮੁੜ ਇਸ ਮੁੱਦੇ ’ਤੇ ਚਰਚਾ ਕਰਕੇ ਸੰਘਰਸ਼ ਦੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਉਹ ਕਿਸਾਨਾਂ, ਖਾਪਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ ਅਤੇ ਹੁਣ ਤੱਕ ਸਰਕਾਰ ਨਾਲ ਹੋਈ ਗੱਲਬਾਤ ਉਨ੍ਹਾਂ ਨੂੰ ਦੱਸਣਗੇ। ਸਰਕਾਰ ਤੋਂ ਬ੍ਰਿਜ ਭੂਸ਼ਨ ਖ਼ਿਲਾਫ਼ ਕਾਰਵਾਈ ਸਬੰਧੀ ਮਿਲੇ ਭਰੋਸੇ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾਂ ਦੇ ਸੰਘਰਸ਼ ਨੂੰ ਖਾਪਾਂ, ਕਿਸਾਨਾਂ ਤੇ ਮੁਲਾਜ਼ਮ ਜਥੇਬੰਦੀਆਂ ਦਾ ਪੂਰਾ ਸਹਿਯੋਗ ਰਿਹਾ ਹੈ ਤੇ ਉਨ੍ਹਾਂ ਵਿਚਾਲੇ ਆਪਣੀ ਗੱਲ ਅੱਗੇ ਰੱਖ ਕੇ ਰਣਨੀਤੀ ਬਣਾਉਣਗੇ। ਇਸ ਮਹਾਪੰਚਾਇਤ ਦੇ ਪ੍ਰਧਾਨ ਰਾਜੇਂਦਰ ਖੱਤਰੀ ਨੇ ਕਿਹਾ ਕਿ ਪਹਿਲਵਾਨ 15 ਜੂਨ ਤੋਂ ਬਾਅਦ ਜੋ ਵੀ ਫ਼ੈਸਲਾ ਲੈਣਗੇ ਖਾਪ ਪੰਚਾਇਤਾਂ ਪਹਿਲਵਾਨਾਂ ਦੀ ਹਮਾਇਤ ਕਰਨਗੀਆਂ। ਇਸ ਮਹਾਪੰਚਾਇਤ ’ਚ ਸਾਕਸ਼ੀ ਮਲਿਕ ਦੇ ਪਤੀ ਸੱਤਿਆਵ੍ਰਤ ਕਾਦਿਆਨ ਤੇ ਵਿਨੇਸ਼ ਫੋਗਾਟ ਦੇ ਪਤੀ ਸੋਮਵੀਰ ਰਾਠੀ ਵੀ ਹਾਜ਼ਰ ਸਨ।

ਮਸਲੇ ਹੱਲ ਹੋਣ ’ਤੇ ਹੀ ਏਸ਼ਿਆਈ ਖੇਡਾਂ ’ਚ ਹਿੱਸਾ ਲੈਣਗੇ ਪਹਿਲਵਾਨ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਸੰਘਰਸ਼ ਕਰ ਰਹੇ ਪਹਿਲਵਾਨਾਂ ਨੇ ਅੱਜ ਕਿਹਾ ਕਿ ਉਹ ਏਸ਼ਿਆਈ ਖੇਡਾਂ ’ਚ ਉਦੋਂ ਹਿੱਸਾ ਲੈਣਗੇ ਜਦੋਂ ਉਨ੍ਹਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ, ‘ਅਸੀਂ ਏਸ਼ਿਆਈ ਖੇਡਾਂ ’ਚ ਤਾਂ ਹੀ ਹਿੱਸਾ ਲਵਾਂਗੇ ਜੇਕਰ ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਹੋ ਜਾਂਦਾ ਹੈ। ਤੁਸੀਂ ਸਮਝ ਨਹੀਂ ਸਕਦੇ ਕਿ ਅਸੀਂ ਮਾਨਸਿਕ ਤੌਰ ’ਤੇ ਹਰ ਦਿਨ ਕੀ ਝੱਲ ਰਹੇ ਹਾਂ।’ ਪਹਿਲਵਾਨਾਂ ਦੇ ਇਸ ਫ਼ੈਸਲੇ ਨਾਲ ਭਾਰਤ ਦਾ ਪ੍ਰਦਰਸ਼ਨ ਪ੍ਰਭਾਵਿਤ ਹੋਵੇਗਾ ਕਿਉਂਕਿ ਬਰਜੰਗ ਪੂਨੀਆ ਤੇ ਵਿਨੇਸ਼ ਫੋਗਾਟ ਨੇ 2018 ਦੀਆਂ ਏਸ਼ਿਆਈ ਖੇਡਾਂ ’ਚ ਸੋਨ ਤਗ਼ਮੇ ਜਿੱਤੇ ਸਨ। ਏਸ਼ਿਆਈ ਖੇਡਾਂ ਚੀਨ ’ਚ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣਗੀਆਂ ਤੇ 30 ਜੂਨ ਤੋਂ ਪਹਿਲਾਂ ਟੀਮ ਦੀ ਚੋਣ ਕੀਤੀ ਜਾਣੀ ਹੈ।